ਐੱਸ. ਏ. ਐੱਸ. ਨਗਰ, 20 ਸਤੰਬਰ (ਪ੍ਰੋ.ਅਵਤਾਰ ਸਿੰਘ)- ਜ਼ਿਲ੍ਹੇ ਵਿਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਸ਼ਾਮ 7.00 ਤੋਂ ਸਵੇਰੇ 9.00 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਕਟਾਈ ’ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੀ ਕਟਾਈ ਲਈ ਰਾਤ ਨੂੰ ਕੰਬਾਈਨਾਂ ਚਲਾਉਣ ਨਾਲ ਜਿਥੇ ਹਾਦਸੇ ਵਾਪਰਨ ਦਾ ਖਤਰਾ ਵੱਧ ਜਾਂਦਾ ਹੈ, ਉਥੇ ਝੋਨੇ ਦੀ ਫ਼ਸਲ ‘ਤੇ ਰਾਤ ਨੂੰ ਤਰੇਲ ਪੈਣ ਅਤੇ ਬੇਮੌਸਮੀ ਬਰਸਾਤ ਕਾਰਨ ਝੋਨਾ ਵੀ ਸਿੱਲਾ ਹੋ ਜਾਂਦਾ ਹੈ। ਇਹ ਕੰਬਾਈਨਾਂ ਜਦੋਂ ਰਾਤ ਵੇਲੇ ਝੋਨੇ ਦੀ ਕਟਾਈ ਕਰਦੀਆਂ ਹਨ ਤਾਂ ਜਿਹੜੀ ਫ਼ਸਲ ਚੰਗੀ ਤਰ੍ਹਾਂ ਸੁੱਕੀ ਨਹੀਂ ਹੁੰਦੀ ਭਾਵ ਦਾਣਾ ਕੱਚਾ ਅਤੇ ਹਰਾ ਹੁੰਦਾ ਹੈ, ਜਿਸ ਨਾਲ ਝੋਨੇ ਵਿਚ ਵੱਧ ਨਮੀ ਹੋਣ ਕਾਰਨ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੁੰਦਾ ਹੈ ਅਤੇ ਉਸ ਦਾ ਦੇਸ਼ ਦੇ ਉਤਪਾਦਨ ’ਤੇ ਵੀ ਅਸਰ ਪੈਂਦਾ ਹੈ। ਇਸੇ ਤਰ੍ਹਾਂ ਝੋਨੇ ਵਿਚ ਨਮੀ ਸਰਕਾਰ ਦੀਆਂ ਨਿਰਧਾਰਤ ਕੀਤੀਆਂ ਸਪੈਸੀਫਿਕੇਸ਼ਨਜ਼ ਤੋਂ ਉਪਰ ਹੁੰਦੀ ਹੈ ਅਤੇ ਖਰੀਦ ਏਜੰਸੀਆ ਉਸ ਝੋਨੇ ਨੂੰ ਖਰੀਦਣ ਤੋਂ ਅਸਮੱਰਥ ਹੁੰਦੀਆਂ ਹਨ, ਜਿਸ ਕਾਰਨ ਕਿਸਾਨਾਂ ਦੀ ਮੰਡੀਆਂ ਵਿਚ ਖੱਜਲ ਖੁਆਰੀ ਤੋਂ ਇਲਾਵਾ ਅਮਨ-ਕਾਨੂੰਨ ਦੀ ਸਥਿਤੀ ਦੇ ਵਿਗੜਨ ਦੇ ਆਸਾਰ ਵੱਧ ਜਾਂਦੇ ਹਨ। ਇਸ ਤੋਂ ਇਲਾਵਾ ਕੰਬਾਈਨਾਂ ਦੇ ਮਾਲਕ ਬਿਨ੍ਹਾਂ ਐੱਸ.ਐੱਮ.ਐੱਸ. ਲਗਾਏ ਝੋਨੇ ਦੀ ਕਟਾਈ ਕਰਦੇ ਹਨ, ਜਿਸ ਨਾਲ ਪ੍ਰਦੂਸ਼ਣ ਫੈਲਦਾ ਹੈ। ਇਸ ਤੋਂ ਇਲਾਵਾ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵਲੋਂ ਇਸ ਦੀ ਰਹਿੰਦ ਨੂੰ ਅੱਗ ਲਗਾ ਕੇ ਸਾੜਿਆ ਜਾਂਦਾ ਹੈ, ਜਿਸ ਦੇ ਫਲਸਰੂਪ ਇਸ ਵਿਚੋਂ ਨਿਕਲਣ ਵਾਲੀਆਂ ਗੈਸਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ ਅਤੇ ਮਿੱਟੀ ਦੀ ਉਪਜਾਊ ਤਾਕਤ ਦਾ ਨੁਕਸਾਨ ਵੀ ਹੁੰਦਾ ਹੈ। ਇਸ ਸੰਬੰਧ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਿਵਲ ਰਿੱਟ ਪਟੀਸ਼ਨ ਨੰਬਰ 10138/06 ਕੈਪਟਨ ਸਰਬਜੀਤ ਸਿੰਘ ਬਨਾਮ ਪੰਜਾਬ ਸਰਕਾਰ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਹੁਕਮਾਂ ਦੀ ਪਾਲਣਾ ਅਧੀਨ ਬਣਾਈ ਗਈ ਕਮੇਟੀ ਦੀ ਸਿਫਾਰਿਸ਼ ਲਾਗੂ ਕਰਨ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਝੋਨੇ ਦੀ ਕਟਾਈ ਤੋਂ ਬਾਅਦ ਫ਼ਸਲਾਂ ਦੀ ਰਹਿੰਦ ਨੂੰ ਸਾੜਨ ’ਤੇ ਪਾਬੰਦੀ ਲਗਾਈ ਜਾਵੇ ਤਾਂ ਜੋ ਇਸ ’ਚੋਂ ਨਿਕਲਣ ਵਾਲੀਆਂ ਹਾਨੀਕਾਰਕ ਗੈਸਾਂ ਤੋਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਕਤ ਖਦਸ਼ਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਵਲੋਂ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੁਹਾਲੀ ਨਗਰ ਦੀ ਹਦੂਦ ਅੰਦਰ ਸ਼ਾਮ 7.00 ਤੋਂ ਸਵੇਰੇ 09.00 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਫ਼ਸਲ ਦੀ ਕਟਾਈ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਉਪਰੰਤ ਜ਼ਿਲ੍ਹੇ ਵਿਚ ਝੋਨੇ ਦੀ ਫ਼ਸਲ ਦੀ ਕਟਾਈ ਅਤੇ ਉਸ ਦੀ ਰਹਿੰਦ ਨੂੰ ਸਾੜਨ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਕੋਈ ਵੀ ਕੰਬਾਈਨ ਮਾਲਕ ਬਿਨ੍ਹਾਂ ਐੱਸ.ਐੱਮ.ਐੱਸ. ਲਗਾਏ ਝੋਨੇ ਦੀ ਕਟਾਈ ਨਹੀਂ ਕਰੇਗਾ। ਇਹ ਹੁਕਮ ਮਿਤੀ 18.09.2026 ਤੋਂ ਮਿਤੀ 17.11.2026 ਤੱਕ ਜ਼ਿਲ੍ਹੇ ਵਿਚ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ।