ਸਫ਼ਾਈ ’ ਚ ਕਿਹੜਾ ਵਾਰਡ ਮਾਰੇਗਾ ਬਾਜ਼ੀ , 2 ਅਕਤੂਬਰ ਨੂੰ ਹੋਵੇਗਾ ਫ਼ੈਸਲਾ
ਰਾਜਪਾਲ ਕਟਾਰੀਆ ਨੇ ‘ਸਵੱਛ ਵਾਰਡ ਰੈਂਕਿੰਗ-2026’ ਕੀਤੀ ਲਾਂਚ, 55 ਮਾਪਦੰਡਾਂ ’ਤੇ ਹੋਵੇਗਾ ਮੁਲਾਂਕਣ
ਚੰਡੀਗੜ੍ਹ, 3 ਸਤੰਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਦੇ ਵਾਰਡਾਂ ’ਚ ਸਫ਼ਾਈ ਨੂੰ ਲੈ ਕੇ ਮੁਕਾਬਲੇ ਦੀ ਸ਼ੁਰੂਆਤ ਹੋ ਗਈ ਹੈ। ਨਗਰ ਨਿਗਮ ਵਲੋਂ ਸ਼ੁਰੂ ਕੀਤੀ ‘ਸਵੱਛ ਵਾਰਡ ਰੈਂਕਿੰਗ-2026’ ਤਹਿਤ ਸ਼ਹਿਰ ਦੇ ਸਾਰੇ ਵਾਰਡਾਂ ਦੀ ਸਫ਼ਾਈ ਤੇ ਠੋਸ ਕੂੜਾ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ’ਤੇ ਪਰਖ ਕੀਤੀ ਜਾਵੇਗੀ।
ਚੰਡੀਗੜ੍ਹ, 3 ਸਤੰਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਦੇ ਵਾਰਡਾਂ ’ਚ ਸਫ਼ਾਈ ਨੂੰ ਲੈ ਕੇ ਮੁਕਾਬਲੇ ਦੀ ਸ਼ੁਰੂਆਤ ਹੋ ਗਈ ਹੈ। ਨਗਰ ਨਿਗਮ ਵਲੋਂ ਸ਼ੁਰੂ ਕੀਤੀ ‘ਸਵੱਛ ਵਾਰਡ ਰੈਂਕਿੰਗ-2026’ ਤਹਿਤ ਸ਼ਹਿਰ ਦੇ ਸਾਰੇ ਵਾਰਡਾਂ ਦੀ ਸਫ਼ਾਈ ਤੇ ਠੋਸ ਕੂੜਾ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ’ਤੇ ਪਰਖ ਕੀਤੀ ਜਾਵੇਗੀ। ਰਾਜਪਾਲ ਤੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਫ਼ਾਈ ਨੂੰ ਟਿਕਾਊ ਬਣਾਉਣ ਲਈ ਸਰਕਾਰ ਦੇ ਨਾਲ-ਨਾਲ ਹਰੇਕ ਨਾਗਰਿਕ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਵਾਰਡਾਂ ਨੂੰ ਸਿਰਫ਼ ਕਾਗ਼ਜ਼ਾਂ ’ਚ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਸਾਫ਼-ਸੁਥਰਾ ਬਣਾਉਣ ’ਤੇ ਜ਼ੋਰ ਦਿੱਤਾ। ਰਾਜਪਾਲ ਕਟਾਰੀਆ ਨੇ ਕਿਹਾ ਕਿ ‘ਸਵੱਛ ਵਾਰਡ ਰੈਂਕਿੰਗ-2026’ ਸਿਰਫ਼ ਵਾਰਡਾਂ ਵਿਚਾਲੇ ਮੁਕਾਬਲਾ ਨਹੀਂ, ਸਗੋਂ ਚੰਡੀਗੜ੍ਹ ’ਚ ਜਵਾਬਦੇਹੀ, ਜਨ-ਭਾਗੀਦਾਰੀ, ਸਿਹਤਮੰਦ ਮੁਕਾਬਲੇਬਾਜ਼ੀ ਅਤੇ ਵਿਗਿਆਨਕ ਢੰਗ ਨਾਲ ਕੂੜਾ ਪ੍ਰਬੰਧਨ ਦੀ ਨਵੀਂ ਸੰਸਕ੍ਰਿਤੀ ਵਿਕਸਤ ਕਰਨ ਦੀ ਪਹਿਲਕਦਮੀ ਹੈ। ਚੰਡੀਗੜ੍ਹ ਦੀ ਖ਼ੂਬਸੂਰਤੀ ਇਕ ਵਿਰਾਸਤ ਹੈ ਅਤੇ ਇਸ ਨੂੰ ਸੰਭਾਲਣਾ ਮੌਜੂਦਾ ਪੀੜ੍ਹੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਹਿਰ ਆਪਣੇ-ਆਪ ਸਾਫ਼ ਨਹੀਂ ਹੁੰਦਾ ਅਤੇ ਲਗਾਤਾਰ ਸਫ਼ਾਈ ਬਣਾਈ ਰੱਖਣ ਲਈ ਨਗਰ ਨਿਗਮ, ਸਫ਼ਾਈ ਕਰਮਚਾਰੀਆਂ ਤੇ ਸ਼ਹਿਰ ਵਾਸੀਆਂ ਦੇ ਸਾਂਝੇ ਯਤਨ ਜ਼ਰੂਰੀ ਹਨ। ਹਰ ਮਹੀਨੇ ਨਾ ਸਹੀ , ਸਾਲ ’ ਚ ਦੋ ਵਾਰ ਹੋਵੇ ਰੈਂਕਿੰਗ - ਰਾਜਪਾਲ ਕਟਾਰੀਆ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਗਰ ਨਿਗਮ ਨੂੰ ਕਿਹਾ ਕਿ ਜੇਕਰ ਹਰ ਮਹੀਨੇ ‘ਸਵੱਛ ਵਾਰਡ ਰੈਂਕਿੰਗ’ ਕਰਵਾਉਣਾ ਸੰਭਵ ਨਾ ਹੋਵੇ ਤਾਂ ਘੱਟੋ-ਘੱਟ ਸਾਲ ਵਿਚ ਦੋ ਵਾਰ ਇਸ ਨੂੰ ਕਰਵਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ। ਉਨ੍ਹਾਂ ਕੌਂਸਲਰਾਂ ਨੂੰ ਆਪਣੇ-ਆਪਣੇ ਵਾਰਡਾਂ ਵਿਚ ਇਸ ਮੁਹਿੰਮ ਦੀ ਅਗਵਾਈ ਕਰਨ ਅਤੇ ਅਧਿਕਾਰੀਆਂ, ਸਫ਼ਾਈ ਕਰਮਚਾਰੀਆਂ, ਆਰ.ਡਬਲਿਊ.ਏਜ਼., ਮਾਰਕੀਟ ਐਸੋਸੀਏਸ਼ਨਾਂ, ਸਕੂਲਾਂ, ਨੌਜਵਾਨ ਜਥੇਬੰਦੀਆਂ ਤੇ ਨਾਗਰਿਕਾਂ ਨੂੰ ਨਾਲ ਲੈ ਕੇ ਚੱਲਣ ਦੀ ਅਪੀਲ ਕੀਤੀ। ਪਹਿਲੇ ਤਿੰਨ ਵਾਰਡਾਂ ਨੂੰ ਮਿਲਣਗੇ 50, 30 ਤੇ 20 ਲੱਖ ਰੁਪਏ ਰਾਜਪਾਲ ਕਟਾਰੀਆ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ‘ਪਲੈਟੀਨਮ ਵਾਰਡਾਂ’ ਲਈ ਤੈਅ ਕੀਤੀ ਪ੍ਰੋਤਸਾਹਨ ਰਾਸ਼ੀ ਦੀ ਸ਼ਲਾਘਾ ਕੀਤੀ। ਇਸ ਤਹਿਤ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਾਰਡਾਂ ਨੂੰ ਕ੍ਰਮਵਾਰ 50 ਲੱਖ, 30 ਲੱਖ ਅਤੇ 20 ਲੱਖ ਰੁਪਏ ਦੇ ਵਿਕਾਸ ਅਨੁਦਾਨ ਦੇਣ ਦਾ ਪ੍ਰਸਤਾਵ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਾਰਡਾਂ ਵਿਚ ਸਿਹਤਮੰਦ ਮੁਕਾਬਲੇਬਾਜ਼ੀ ਨੂੰ ਉਤਸ਼ਾਹ ਮਿਲੇਗਾ ਅਤੇ ਵਧੀਆ ਕਾਰਜ-ਪ੍ਰਣਾਲੀਆਂ ਨੂੰ ਹੋਰਨਾਂ ਵਾਰਡਾਂ ਵਿਚ ਵੀ ਅਪਣਾਇਆ ਜਾ ਸਕੇਗਾ। ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ‘ਸਵੱਛ ਵਾਰਡ ਰੈਂਕਿੰਗ-2026’ ਦੀ ਸ਼ੁਰੂਆਤ ਸਫ਼ਾਈ ਨੂੰ ਵਾਰਡ ਪੱਧਰ ’ਤੇ ਜਨ-ਅੰਦੋਲਨ ਬਣਾਉਣ ਵੱਲ ਇਕ ਅਹਿਮ ਕਦਮ ਹੈ। ਮੇਅਰ ਨੇ ਦੱਸਿਆ ਕਿ ਇਕ ਮਹੀਨੇ ਤੱਕ ਚੱਲਣ ਵਾਲਾ ਇਹ ਮੁਕਾਬਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ 2 ਅਕਤੂਬਰ, 2026 ਨੂੰ ਜੇਤੂਆਂ ਦੇ ਐਲਾਨ ਅਤੇ ਇਨਾਮ ਵੰਡ ਸਮਾਗਮ ਨਾਲ ਸਮਾਪਤ ਹੋਵੇਗਾ। 1,000 ਅੰਕਾਂ ਤੇ 55 ਮਾਪਦੰਡਾਂ ’ ਤੇ ਹੋਵੇਗਾ ਮੁਲਾਂਕਣ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਮੁੱਖ ਮਹਿਮਾਨ ਗੁਲਾਬ ਚੰਦ ਕਟਾਰੀਆ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਗਰ ਨਿਗਮ ਸਫ਼ਾਈ ਨੂੰ ਮਾਪਣਯੋਗ, ਪਾਰਦਰਸ਼ੀ, ਭਾਗੀਦਾਰੀ ਵਾਲਾ ਅਤੇ ਨਤੀਜਾ-ਆਧਾਰਿਤ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਾਰੇ ਵਾਰਡਾਂ ਦਾ ਮੁਲਾਂਕਣ 1,000 ਅੰਕਾਂ ਅਤੇ 55 ਮਾਪਦੰਡਾਂ ਦੇ ਨਿਰਧਾਰਤ ਢਾਂਚੇ ਰਾਹੀਂ ਕੀਤਾ ਜਾਵੇਗਾ। ਇਸ ਵਿਚ ਸਫ਼ਾਈ ਅਤੇ ਠੋਸ ਕੂੜਾ ਪ੍ਰਬੰਧਨ ਨਾਲ ਸਬੰਧਿਤ ਸਾਰੇ ਅਹਿਮ ਪਹਿਲੂ ਸ਼ਾਮਿਲ ਹਨ। ਨਿਗਮ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਣਾਲੀ ਨਾਲ ਵਾਰਡ ਪੱਧਰ ’ਤੇ ਕਮੀਆਂ ਦੀ ਪਛਾਣ ਕਰਨ, ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਅਤੇ ਇਕ-ਦੂਜੇ ਦੀਆਂ ਬਿਹਤਰ ਕਾਰਜ-ਪ੍ਰਣਾਲੀਆਂ ਨੂੰ ਅਪਣਾਉਣ ਵਿਚ ਮਦਦ ਮਿਲੇਗੀ। ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ‘ਸਕੂਲ ਸਟਾਰ ਐਵਾਰਡਜ਼’ ਪਹਿਲਕਦਮੀ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦਾ ਉਦੇਸ਼ ਸਫ਼ਾਈ, ਕੂੜੇ ਦੀ ਛਾਂਟੀ, ਵਾਤਾਵਰਨ ਦੀ ਸੰਭਾਲ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਸਕੂਲਾਂ ਨੂੰ ਸਨਮਾਨਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ਵਾਲੇ ਸਕੂਲ ਨੂੰ 51 ਹਜ਼ਾਰ, ਦੂਜੇ ਸਥਾਨ ਵਾਲੇ ਨੂੰ 31 ਹਜ਼ਾਰ ਅਤੇ ਤੀਜੇ ਸਥਾਨ ਵਾਲੇ ਸਕੂਲ ਨੂੰ 21 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਲਾਕਾ ਕੌਂਸਲਰ ਯੋਗੇਸ਼ ਢੀਂਗਰਾ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਮੁੱਖ ਮਹਿਮਾਨ, ਰਾਜਪਾਲ ਤੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਕੀਤਾ। ਉਨ੍ਹਾਂ ‘ਸਵੱਛ ਵਾਰਡ ਰੈਂਕਿੰਗ-2026’ ਅਤੇ ‘ਸਕੂਲ ਸਟਾਰ ਐਵਾਰਡਜ਼’ ਸ਼ੁਰੂ ਕਰਨ ਲਈ ਨਗਰ ਨਿਗਮ ਦੀ ਸ਼ਲਾਘਾ ਕੀਤੀ। ਇਸ ਮੌਕੇ ਚੰਡੀਗੜ੍ਹ ਦੇ ਗ੍ਰਹਿ ਸਕੱਤਰ-ਕਮ-ਸਥਾਨਕ ਸਰਕਾਰ ਸਕੱਤਰ ਮਨਦੀਪ ਸਿੰਘ ਬਰਾੜ, ਡਿਪਟੀ ਮੇਅਰ ਸੁਮਨ ਸ਼ਰਮਾ, ਹੋਰ ਕੌਂਸਲਰ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ, ਸਵੈ-ਸਹਾਇਤਾ ਸਮੂਹਾਂ ਦੇ ਨੁਮਾਇੰਦੇ, ਆਰ.ਡਬਲਿਊ.ਏਜ਼. ਤੇ ਮਾਰਕੀਟ ਐਸੋਸੀਏਸ਼ਨਾਂ ਦੇ ਅਹੁਦੇਦਾਰ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।