ਡੇਰਾਬੱਸੀ ’ਚ ਲੱਖਾਂ ਰੁਪਏ ਖਰਚ ਕੇ ਸਜਾਏ ਫਲਾਈਓਵਰ ਦੇ ਪਿੱਲਰਾਂ ’ਤੇ ਪੋਸਟਰਾਂ ਦਾ ਕਬਜ਼ਾ
ਡੇਰਾਬੱਸੀ, 28 ਅਗਸਤ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਸ਼ਹਿਰ ਦੇ ਵਿਚਕਾਰੋਂ ਲੰਘਦੇ ਫਲਾਈਓਵਰ ਦੇ ਹੇਠਲੇ ਹਿੱਸੇ ਨੂੰ ਖੂਬਸੂਰਤ ਬਣਾਉਣ ਲਈ ਡੇਰਾਬੱਸੀ ਨਗਰ ਕੌਂਸਲ ਵਲੋਂ ਲੱਖਾਂ ਰੁ. ਖਰਚ ਕੇ ਪਿੱਲਰਾਂ ਤੇ ਸੀਲਿੰਗ ’ਤੇ ਕਰਵਾਇਆ ਗਿਆ ਸੁੰਦਰੀਕਰਨ ਹੁਣ ਪੋਸਟਰਾਂ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ ਹੈ।
ਡੇਰਾਬੱਸੀ, 28 ਅਗਸਤ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਸ਼ਹਿਰ ਦੇ ਵਿਚਕਾਰੋਂ ਲੰਘਦੇ ਫਲਾਈਓਵਰ ਦੇ ਹੇਠਲੇ ਹਿੱਸੇ ਨੂੰ ਖੂਬਸੂਰਤ ਬਣਾਉਣ ਲਈ ਡੇਰਾਬੱਸੀ ਨਗਰ ਕੌਂਸਲ ਵਲੋਂ ਲੱਖਾਂ ਰੁ. ਖਰਚ ਕੇ ਪਿੱਲਰਾਂ ਤੇ ਸੀਲਿੰਗ ’ਤੇ ਕਰਵਾਇਆ ਗਿਆ ਸੁੰਦਰੀਕਰਨ ਹੁਣ ਪੋਸਟਰਾਂ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ ਹੈ। ਪਿੱਲਰਾਂ ’ਤੇ ਵੱਖ-ਵੱਖ ਸੰਸਥਾਵਾਂ ਤੇ ਵਿਅਕਤੀਆਂ ਵਲੋਂ ਬੇਤਰਤੀਬੀ ਨਾਲ ਪੋਸਟਰ ਚਿਪਕਾਏ ਜਾਣ ਕਾਰਨ ਸ਼ਹਿਰ ਦੀ ਸੁੰਦਰਤਾ ਪ੍ਰਭਾਵਿਤ ਹੋਣ ਦੇ ਨਾਲ-ਨਾਲ ਸਰਕਾਰੀ ਖ਼ਜ਼ਾਨੇ ’ਚੋਂ ਖ਼ਰਚ ਕੀਤੀ ਰਕਮ ਦੀ ਵੀ ਬੇਕਦਰੀ ਹੋ ਰਹੀ ਹੈ। ਨਗਰ ਕੌਂਸਲ ਵਲੋਂ ਫਲਾਈਓਵਰ ਦੇ ਪਿੱਲਰਾਂ ਅਤੇ ਹੇਠਲੇ ਹਿੱਸੇ ’ਤੇ ਆਕਰਸ਼ਕ ਪੇਂਟਿੰਗਾਂ, ਚਿੱਤਰਕਾਰੀ ਅਤੇ ਵੱਖ-ਵੱਖ ਤਰ੍ਹਾਂ ਦਾ ਆਰਟਵਰਕ ਕਰਵਾਇਆ ਗਿਆ ਸੀ। ਇਸ ਦਾ ਮਕਸਦ ਫਲਾਈਓਵਰ ਹੇਠਲੇ ਖੇਤਰ ਨੂੰ ਸੁੰਦਰ ਬਣਾਉਣ ਦੇ ਨਾਲ ਸ਼ਹਿਰ ਵਿਚੋਂ ਲੰਘਣ ਵਾਲੇ ਲੋਕਾਂ ਨੂੰ ਵੀ ਇਕ ਬਿਹਤਰ ਮਾਹੌਲ ਮੁਹੱਈਆ ਕਰਵਾਉਣਾ ਸੀ, ਪਰ ਹੁਣ ਕਈ ਪਿੱਲਰਾਂ ’ਤੇ ਲੱਗੇ ਪੋਸਟਰ ਇਸ ਸੁੰਦਰੀਕਰਨ ਦੀ ਖੂਬਸੂਰਤੀ ਨੂੰ ਢੱਕ ਰਹੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਨਤਕ ਥਾਵਾਂ ’ਤੇ ਇਸ ਤਰ੍ਹਾਂ ਪੋਸਟਰ ਲਗਾਉਣ ਦੀਆਂ ਕਾਰਵਾਈਆਂ ’ਤੇ ਰੋਕ ਨਾ ਲਗਾਈ ਗਈ ਤਾਂ ਸੁੰਦਰੀਕਰਨ ਦਾ ਕੰਮ ਕੁਝ ਹੀ ਸਮੇਂ ਵਿਚ ਖ਼ਰਾਬ ਹੋ ਜਾਵੇਗਾ। ਉਨ੍ਹਾਂ ਨਗਰ ਕੌਂਸਲ ਤੋਂ ਪੋਸਟਰ ਤੁਰੰਤ ਹਟਾਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸੰਬੰਧੀ ਨਗਰ ਕੌਂਸਲ ਡੇਰਾਬੱਸੀ ਦੀ ਪ੍ਰਧਾਨ ਆਸ਼ੂ ਉਪਨੇਜਾ ਨੇ ਕਿਹਾ ਕਿ ਇਹ ਮਾਮਲਾ ਅੱਜ ਹੀ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਉਨ੍ਹਾਂ ਕਿਹਾ ਕਿ ਪੋਸਟਰ ਲਗਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੁਰਮਾਨਾ ਵਸੂਲਣ ਦੇ ਨਾਲ ਪਿੱਲਰਾਂ ਨੂੰ ਮੁੜ ਸੁੰਦਰ ਬਣਾਉਣ ’ਤੇ ਆਉਣ ਵਾਲਾ ਖ਼ਰਚਾ ਵੀ ਉਨ੍ਹਾਂ ਤੋਂ ਵਸੂਲਿਆ ਜਾਵੇਗਾ।