ਨਿੱਜੀ ਹਸਪਤਾਲ ਵਿਚ ਡਲਿਵਰੀ ਤੋਂ ਬਾਅਦ ਹੋਈ ਮਹਿਲਾ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਦਿੱਤਾ ਧਰਨਾ
ਲੁਧਿਆਣਾ, 22 ਅਕਤੂਬਰ (ਡਾ. ਤਰਲੋਚਨ ਸਿੰਘ)-ਸ਼ਹਿਰ ਵਿਚ ਸਥਿਤ ਨਿਜੀ ਹਸਪਤਾਲਾਂ ਦੇ ਡਾਕਟਰ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਵਿਵਾਦਾਂ ਵਿਚ ਰਹਿੰਦੇ ਹਨ।
ਸ
ਸ਼ੇਰਪੁਰ ਚੌਂਕ ਸਥਿਤ ਇੱਕ ਨਿੱਜੀ ਹਸਪਤਾਲ ਦੇ ਬਾਹਰ ਮ੍ਰਿਤਕ ਮਹਿਲਾ ਦੀ ਮੌਤ ਤੋਂ ਬਾਅਦ ਰੋਸ਼ ਪ੍ਰਦਰਸ਼ਨ ਕਰਦੇ ਹੋਏ ਪਰਿਵਾਰਕ ਮੈਂਬਰ। ਤਸਵੀਰ-ਸੇਵਕ ਸਿੰਘ
23-10-2026
ਲੁਧਿਆਣਾ, 22 ਅਕਤੂਬਰ (ਡਾ. ਤਰਲੋਚਨ ਸਿੰਘ)-ਸ਼ਹਿਰ ਵਿਚ ਸਥਿਤ ਨਿਜੀ ਹਸਪਤਾਲਾਂ ਦੇ ਡਾਕਟਰ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਵਿਵਾਦਾਂ ਵਿਚ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸ਼ੇਰਪੁਰ ਚੌਂਕ ਸਥਿਤ ਇੱਕ ਨਿੱਜੀ ਹਸਪਤਾਲ ’ਚ ਸਾਹਮਣੇ ਆਇਆ ਹੈ, ਜਿੱਥੇ ਕਿ ਡਿਲਵਰੀ ਕਰਵਾਉਣ ਲਈ ਆਈ ਇਕ ਮਹਿਲਾ ਦਾਖ਼ਲ ਹੋਈ ਸੀ। ਡਿਲਵਰੀ ਤੋਂ ਬਾਅਦ ਉਸਨੇ ਇਕ ਬੱਚੀ ਨੂੰ ਜਨਮ ਦਿੱਤਾ, ਜਿਸਤੋਂ ਬਾਅਦ ਸ਼ੱਕੀ ਹਾਲਾਤਾਂ ’ਚ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਮੌਤ ਤੋਂ ਬਾਅਦ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧਰਨਾ ਦੇ ਕੇ ਪ੍ਰਬੰਧਕਾਂ, ਡਾਕਟਰਾਂ ਅਤੇ ਨਰਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮ੍ਰਿਤਕ ਮਹਿਲਾ ਦੇ ਪਤੀ ਵਿਸ਼ਾਲ ਨੇ ਦੱਸਿਆ ਕਿ ਉਹ ਆਪਣੀ ਗਰਭਵਤੀ ਪਤਨੀ ਖੁਸ਼ਬੂ ਨੂੰ ਡਿਲਵਰੀ ਲਈ ਹਸਪਤਾਲ ਲੈ ਕੇ ਆਇਆ ਸੀ। ਦੁਪਹਿਰ ਲਗਭਗ 3 ਵਜੇ ਦੇ ਕਰੀਬ ਖੁਸ਼ਬੂ ਨੇ ਇਕ ਬੱਚੀ ਨੂੰ ਜਨਮ ਦਿੱਤਾ। ਡਿਲਵਰੀ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਸੀ, ਪਰ ਦੇਰ ਰਾਤ ਅਚਾਨਕ ਖੁਸ਼ਬੂ ਦੀ ਤਬੀਅਤ ਵਿਗੜ ਗਈ ਅਤੇ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਹਸਪਤਾਲ ਦੇ ਪ੍ਰਬੰਧਕਾਂ, ਡਾਕਟਰਾਂ ਅਤੇ ਨਰਸ ਦੀ ਕਥਿਤ ਲਾਪ੍ਰਵਾਹੀ ਕਾਰਨ ਮਹਿਲਾ ਦੀ ਮੌਤ ਹੋਈ ਹੈ। ਵਿਸ਼ਾਲ ਨੇ ਦੋਸ਼ ਲਗਾਇਆ ਕਿ ਰਾਤ ਕਰੀਬ 12 ਵਜੇ ਖੁਸ਼ਬੂ ਦੇ ਪੇਟ ਵਿਚ ਤੇਜ ਦਰਦ ਉਠਿਆ ਤਾਂ ਉਸਨੇ ਹਸਪਤਾਲ ਵਿਚ ਮੌਜੂਦ ਨਰਸ ਨੂੰ ਮਦਦ ਲਈ ਬੁਲਾਇਆ, ਨਰਸ ਨੇ ਮਦਦ ਕਰਨ ਦੀ ਬਜਾਏ ਖੁਸ਼ਬੂ ਨੂੰ ਗੁੱਸੇ ਵਿਚ ਆ ਕੇ ਚਾਰ ਪੰਜ ਥੱਪੜ ਜੜ ਦਿੱਤੇ। ਕੁਝ ਸਮੇਂ ਬਾਅਦ ਹੀ ਖੁਸ਼ਬੂ ਦੀ ਹਾਲਤ ਹੋਰ ਵਿਗੜ ਗਈ ਤਾਂ ਹਸਪਤਾਲ ਪ੍ਰਬੰਧਕਾਂ ਨੇ ਉਸਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮਹਿਲਾ ਦੀ ਮੌਤ ਦੀ ਖ਼ਬਰ ਮਿਲਦੇ ਹੀ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਖੁਸ਼ਬੂ ਦੀ ਲਾਸ਼ ਰੱਖ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ੀ ਨਰਸ ਅਤੇ ਡਾਕਟਰ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜਨ ਨੰਬਰ 6 ਦੀ ਪੁਲਿਸ ਮੌਕੇ ’ਤੇ ਪਹੁੰਚੀ। ਥਾਣਾ ਇੰਚਾਰਜ ਪ੍ਰਮੋਦ ਰਾਜ ਨੇ ਦੱਸਿਆ ਕਿ ਪੁਲਿਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਦੌਰਾਨ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।