ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਲੋਕ ਨਸ਼ੇ ਨਾਲ ਮਰਨ ਜਾਂ ਖੁਦਕੁਸ਼ੀਆਂ ਕਰਨ ਨੂੰ ਮਜਬੂਰ - ਐਸ . ਐਸ ., ਮਿਸ਼ਰਾ
ਡਾਬਾ/ਲੁਹਾਰਾ, 13 ਸਤੰਬਰ (ਕੁਲਵੰਤ ਸਿੰਘ ਸੱਪਲ)-ਭਾਰਤੀ ਜਨਤਾ ਪਾਰਟੀ ਓ. ਬੀ.
ਡਾਬਾ/ਲੁਹਾਰਾ, 13 ਸਤੰਬਰ (ਕੁਲਵੰਤ ਸਿੰਘ ਸੱਪਲ)-ਭਾਰਤੀ ਜਨਤਾ ਪਾਰਟੀ ਓ.ਬੀ.ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਐਸ.ਐਸ. ਤੇ ਭਾਰਤੀ ਜਨਤਾ ਪਾਰਟੀ ਪੁਰਵਾਂਚਲ ਸੈੱਲ ਦੇ ਸੂਬਾ ਪ੍ਰਧਾਨ ਅਤੇ ਕੌਂਸਲਰ ਰਜੇਸ਼ ਮਿਸ਼ਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਸੂਬੇ ਦਾ ਨੌਜਵਾਨ ਵਰਗ ਨਸ਼ੇ ਦੀ ਦਲਦਲ ਵਿਚ ਬੁਰੀ ਤਰ੍ਹਾਂ ਜਕੜਿਆ ਪਿਆ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਬੇਵਕੂਫ਼ ਬਣਾ ਕੇ ਦਿਨ ਕੱਟਣ ਨੂੰ ਤਰਜੀਹ ਦੇ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਕੋਈ ਪੰਜਾਬ ਦਰਦੀ ਬਾਸ਼ਿੰਦਾ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਸੂਬੇ ਵਿਚਲੇ ਹਾਲਾਤਾਂ ਸਬੰਧੀ ਕੋਈ ਸਵਾਲ ਕਰਦਾ ਹੈ ਤਾਂ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈ ਜਾਂਦਾ ਹੈ, ਕਿਉਂਕਿ ਸਰਕਾਰ ਦੇ ਝੋਲੀ ਚੁੱਕ ਬੰਦੇ ਉਸ ਵਿਅਕਤੀ ਦਾ ਜੀਣਾ ਮੁਹਾਲ ਕਰ ਦਿੰਦੇ ਹਨ। ਐਸ.ਐਸ. ਨੇ ਕਿਹਾ ਕਿ ਸੂਬਾ ਪੰਜਾਬ ਵਿਚ ਹਰ ਪਲ ਵਿਗੜ ਰਹੇ ਕਾਨੂੰਨ ਵਿਵਸਥਾ ਦੇ ਹਾਲਾਤਾਂ ਨੂੰ ਸਿਰਫ਼ ਤੇ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਕਾਬੂ ਹੇਠ ਲਿਆ ਸਕਦੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਗੱਲਾਂ ਕਰਨ ਨਹੀਂ ਬਲਕਿ ਕੰਮ ਕਰਨ ਵਿਚ ਵਿਸ਼ਵਾਸ ਰੱਖਦੀ ਹੈ। ਉਕਤ ਆਗੂਆਂ ਨੇ ਸੂਬਾ ਵਾਸੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਦੇ ਕੇ ਭਾਰਤੀ ਜਨਤਾ ਪਾਰਟੀ ਦੇ ਹੱਥ ਮਜ਼ਬੂਤ ਕੀਤੇ ਜਾਣ ਤਾਂ ਜੋ ਸੂਬਾ ਪੰਜਾਬ ਵੀ ਤਰੱਕੀ ਦੀਆਂ ਰਾਹਾਂ ’ਤੇ ਤੇਜ਼ੀ ਨਾਲ ਅੱਗੇ ਵੱਧ ਸਕੇ।