ਕਾਲਜ ਦੇ ਸੋਸ਼ਲ ਸਰਵਿਸ ਕਲੱਬ, ਐਨ.ਐੱਸ.ਐੱਸ. ਯੂਨਿਟ ਅਤੇ ਈਕੋ ਕਲੱਬ ਵਲੋਂ ਦੀਵਾਲੀ ਦਾ ਤਿਓਹਾਰ ਮਨਾਇਆ
ਪੱਟੀ, 10 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ ਕੈਰੋਂ-ਪੱਟੀ ਦੀ ਮੈਨੇਜਮੈਂਟ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਡਾ.
ਪੱਟੀ, 10 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ ਕੈਰੋਂ-ਪੱਟੀ ਦੀ ਮੈਨੇਜਮੈਂਟ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਮੈਨੇਜਿੰਗ ਡਾਇਰੈਕਟਰ ਡਾ. ਮ੍ਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਡਾਇਰੈਕਟਰ ਸ਼ੁਭੀ ਭਾਰਦਵਾਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਾਲਜ ਦੇ ਸੋਸ਼ਲ ਸਰਵਿਸ ਕਲੱਬ, ਐਨ.ਐੱਸ.ਐੱਸ. ਯੂਨਿਟ ਅਤੇ ਈਕੋ ਕਲੱਬ ਵਲੋਂ ਗੁਰੂ ਨਾਨਕ ਬਿਰਧ ਆਸ਼ਰਮ ਜਵੰਦਾ ਕਲਾਂ ਵਿਖੇ ਦੀਵਾਲੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਸ਼ਰਮ ਦੇ ਕਰੀਬ 40 ਨਿਵਾਸੀਆਂ ਨਾਲ ਦੀਵਾਲੀ ਮਨਾਈ। ਇਸ ਦੌਰਾਨ ਈਕੋ ਕਲੱਬ ਵਲੋਂ ਆਸ਼ਰਮ ਵਿਚ ਫ਼ਲਦਾਰ ਬੂਟੇ ਲਗਾਏ ਗਏ। ਨਾਲ ਹੀ ਵਿਦਿਆਰਥੀਆਂ ਵਲੋਂ ਸਾਰੇ ਨਿਵਾਸੀਆਂ ਨੂੰ ਸਨੈਕਸ, ਮਿਠਾਈਆਂ, ਤਾਜ਼ੇ ਫਲ ਅਤੇ ਕੱਪੜੇ ਵੰਡੇ ਗਏ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਬਜ਼ੁਰਗਾਂ ਪ੍ਰਤੀ ਸਤਿਕਾਰ, ਹਮਦਰਦੀ, ਸੇਵਾ ਭਾਵਨਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਗਿਆ ਕਿ ਬਜ਼ੁਰਗ ਸਾਡੇ ਸਮਾਜ ਅਤੇ ਪਰਿਵਾਰਾਂ ਦੀ ਅਨਮੋਲ ਧਰੋਹਰ ਹਨ। ਉਨ੍ਹਾਂ ਦੀ ਦੇਖਭਾਲ ਕਰਨਾ ਸਾਡਾ ਨੈਤਿਕ ਫ਼ਰਜ਼ ਹੈ। ਕਾਲਜ ਦੀ ਪ੍ਰਿੰਸੀਪਲ ਡਾ. ਸਰਿਤਾ ਨਾਰਦ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਵਿਦਿਆਰਥੀਆਂ ਨੂੰ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਸਮਾਜ ਭਲਾਈ ਦੀਆਂ ਗਤੀਵਿਧੀਆਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਇਹ ਦੌਰਾ ਵਿਦਿਆਰਥੀਆਂ ਲਈ ਯਾਦਗਾਰ ਅਤੇ ਪ੍ਰੇਰਨਾਦਾਇਕ ਰਿਹਾ।