ਟ੍ਰੈਫਿਕ ਸਮੱਸਿਆ ਵਿਚ ਘਿਰਿਆ ਕਸਬਾ ਝਬਾਲ, ਸੜਕਾਂ ’ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ
ਲੋਕ ਪ੍ਰੇਸ਼ਾਨ, ਪ੍ਰਸ਼ਾਸਨ ਬਣਿਆ ਅਨਜਾਣ
ਝਬਾਲ 13 ਸਤੰਬਰ (ਸੁਖਦੇਵ ਸਿੰਘ)-ਇਤਿਹਾਸਕ ਕਸਬਾ ਝਬਾਲ ਟ੍ਰੈਫਿਕ ਸਮੱਸਿਆ ਦੀ ਗ੍ਰਿਫ਼ਤ ਵਿਚ ਘਿਰਿਆ ਹੋਇਆ ਹੈ। ਕਸਬੇ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੋਣ ਕਾਰਨ ਆਮ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋਇਆ ਹੈ।
ਝਬਾਲ 13 ਸਤੰਬਰ (ਸੁਖਦੇਵ ਸਿੰਘ)-ਇਤਿਹਾਸਕ ਕਸਬਾ ਝਬਾਲ ਟ੍ਰੈਫਿਕ ਸਮੱਸਿਆ ਦੀ ਗ੍ਰਿਫ਼ਤ ਵਿਚ ਘਿਰਿਆ ਹੋਇਆ ਹੈ। ਕਸਬੇ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੋਣ ਕਾਰਨ ਆਮ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋਇਆ ਹੈ। ਨੈਸ਼ਨਲ ਹਾਈਵੇ ਅਥਾਰਟੀ ਵਲੋਂ ਭਾਵੇਂ ਅੰਮ੍ਰਿਤਸਰ-ਖੇਮਕਰਨ ਰੋਡ ਨੂੰ ਚਾਰ ਮਾਰਗੀ ਬਣਾ ਕੇ ਸੜਕਾਂ ਦੇ ਕਿਨਾਰਿਆਂ ਨਾਲ ਸਰਵਿਸ ਲਾਈਨ ਬਣਾਈ ਗਈ ਹੈ, ਪਰ ਰੇਹੜੀ, ਫੜੀਆਂ ਤੇ ਰੇਹੜਿਆਂ ਵਾਲਿਆਂ ਵਲੋਂ ਸਰਵਿਸ ਲਾਈਨ ਤੋਂ ਵੀ ਅੱਗੇ ਟੱਪ ਕੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਸੜਕ ਮੁੜ ਸੁੰਗੜ ਕੇ ਰਹਿ ਗਈ ਹੈ। ਨਾਜਾਇਜ਼ ਕਬਜ਼ਿਆਂ ਕਾਰਨ ਜਿੱਥੇ ਅਵਾਜਾਈ ਵਿਚ ਭਾਰੀ ਵਿਘਨ ਪੈ ਰਿਹਾ ਹੈ, ਉੱਥੇ ਆਏ ਦਿਨ ਸੜਕੀ ਹਾਦਸੇ ਵੀ ਵਾਪਰ ਰਹੇ ਹਨ। ਇਹੀ ਹਾਲ ਝਬਾਲ ਅਟਾਰੀ ਰੋਡ ਦਾ ਬਣਿਆ ਹੋਇਆ ਹੈ। ਇਸ ਰੋਡ ’ਤੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਕਿਰਾਏ ’ਤੇ ਲਗਾਈਆਂ ਗਈਆਂ ਰੇਹੜੀਆਂ ਅਤੇ ਬਾਹਰ ਕੱਢ ਕੇ ਰੱਖੇ ਗਏ ਸਾਮਾਨ ਕਾਰਨ ਇਸ ਰੋਡ ’ਤੇ ਕਈ-ਕਈ ਘੰਟੇ ਜਾਮ ਲੱਗਾ ਰਹਿੰਦਾ ਹੈ। ਇੱਥੇ ਘਰੇਲੂ ਕੰਮਾਂਕਾਰਾਂ ਲਈ ਆਉਂਦੇ ਲੋਕਾਂ ਬਿਨਾਂ ਕਿਸੇ ਰੋਕ ਟੋਕ ’ਤੇ ਸੜਕਾਂ ਦੇ ਕਿਨਾਰਿਆਂ ’ਤੇ ਵਾਹਨ ਖੜ੍ਹੇ ਕਰਕੇ ਚਲੇ ਜਾਂਦੇ ਹਨ, ਜਿਸ ਕਰਕੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ । ਇਹ ਹੀ ਹਾਲ ਝਬਾਲ ਤਰਨ ਤਾਰਨ ਰੋਡ ਦਾ ਬਣਿਆ ਹੋਇਆ ਹੈ। ਇੱਥੇ ਵੀ ਸੜਕ ਦੇ ਫੁੱਟਪਾਥਾਂ ’ਤੇ ਰੇਹੜੀ ਫੜੀਆਂ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਭਾਵੇਂ ਕਿ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਇੱਥੇ ਵੱਖਰਾ ਟ੍ਰੈਫਿਕ ਵਿੰਗ ਸਥਾਪਿਤ ਕੀਤਾ ਗਿਆ ਹੈ, ਪਰ ਇੱਥੇ ਕੋਈ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਨਾ ਹੋਣ ਕਰਕੇ ਆਵਾਜਾਈ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਲੋਕਾਂ ਨੇ ਸੜਕਾਂ ਕਿਨਾਰੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਅਤੇ ਪੱਕੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਤਾਇਨਾਤ ਕਰਨ ਦੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ।