23 ਅਗਸਤ ਦੀ ਸਤੌਜ ਰੈਲੀ ਸਿਰਜੇਗੀ ਇਤਿਹਾਸ– ਐੱਨ.ਪੀ.ਐੱਸ.
ਤਰਨ ਤਾਰਨ, 19 ਅਗਸਤ (ਹਰਿੰਦਰ ਸਿੰਘ)– 23 ਅਗਸਤ ਨੂੰ ਐੱਨ. ਪੀ.
ਤਰਨ ਤਾਰਨ, 19 ਅਗਸਤ (ਹਰਿੰਦਰ ਸਿੰਘ)– 23 ਅਗਸਤ ਨੂੰ ਐੱਨ.ਪੀ.ਐੱਸ. ਦੇ ਵਿਰੋਧ ਵਿਚ ਪੁਰਾਣੀ ਪੈਨਸ਼ਨ ਬਹਾਲੀ ਲਈ ਹੋ ਰਹੀ ਸਮੂਹ ਜਥੇਬੰਦੀਆਂ ਦੀ ਲਾਮਿਸਾਲ ਰੈਲੀ ਇਸ ਵਾਰ ਇਤਿਹਾਸ ਸਿਰਜੇਗੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਹੋਇਆ ਪੁਰਾਣੀ ਪੈਨਸ਼ਨ ਬਹਾਲ ਕਮੇਟੀ ਦੇ ਸਟੇਟ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ, ਪ੍ਰਭਜੋਤ ਸਿੰਘ ਗੋਹਲਵੜ, ਰਜਵੰਤ ਸਿੰਘ ਬਾਗੜੀਆਂ, ਸਰਬਜੀਤ ਸਿੰਘ, ਬਲਜੀਤ ਸਿੰਘ ਟੌਮ, ਦਵਿੰਦਰ ਸਿੰਘ ਖਹਿਰਾ ਆਦਿ ਨੇ ਕਿਹਾ ਕਿ ਇਕ ਜਨਵਰੀ 2004 ਤੋਂ ਪਹਿਲਾਂ ਨਿਯੁਕਤ ਹੋਏ ਮੁਲਾਜ਼ਮ ਨੂੰ ਸੇਵਾ ਮੁਕਤ ਹੋਣ ਤੇ ਪੁਰਾਣੀ ਪੈਨਸਨ ਸਕੀਮ ਅਧੀਨ ਪੈਨਸ਼ਨ ਮਿਲਦੀ ਸੀ। ਇਸ ਸਕੀਮ ਅਧੀਨ ਰਿਟਾਇਰ ਹੋਣ ਵਾਲੇ ਮੁਲਾਜ਼ਮ ਨੂੰ ਆਖਰੀ ਤਨਖਾਹ ਦਾ 50 ਫੀਸਦੀ ਪੈਨਸ਼ਨ, ਗਰੈਚੂਟੀ, ਡੀ.ਏ. ਮੈਡੀਕਲ, ਐਲ.ਟੀ.ਸੀ. ਪੇਅ ਕਮਿਸ਼ਨ ਦਾ ਵਾਧਾ ਆਦਿ ਸਮੇਤ ਕਈ ਹੋਰ ਆਰਥਿਕ ਲਾਭ ਮਿਲਦੇ ਸਨ। ਇਹ ਸਕੀਮ ਮੁਲਾਜ਼ਮ ਪੱਖੀ ਸੀ । ਸਾਡੇ ਦੇਸ਼ ਦੀਆਂ ਸਰਕਾਰਾਂ ਨੇ 1990-91 ਤੋਂ ਨਵ-ਉਦਾਰਵਾਦੀ ਨੀਤੀਆਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ । ਉਸ ਦੌਰ ਅੰਦਰ ਪ੍ਰਧਾਨ ਮੰਤਰੀ ਨਰਸਿਮਾ ਰਾਓ ਤੇ ਵਿੱਤ ਮੰਤਰੀ ਮਨਮੋਹਨ ਸਿੰਘ ਦੀ ਜੋੜੀ ਨੇ ਸਾਮਰਾਜੀ ਅੰਤਰ-ਰਾਸ਼ਟਰੀ ਸਾਮਰਾਜੀ ਵਿੱਤੀ ਅਦਾਰਿਆਂ ਵਿਸ਼ਵ ਵਪਾਰ ਸੰਸਥਾ, ਸੰਸਾਰ ਬੈਂਕ ਅਤੇ ਅੰਤਰ ਰਾਸ਼ਟਰੀ ਮੁਦਰਾਕੋਸ਼ ਦੇ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਵਾਨ ਕਰਦਿਆਂ ਦੇਸ਼ ਦੇ ਜਨਤਕ ਅਦਾਰਿਆਂ ਦੇ ਨਿੱਜੀਕਰਨ ਦਾ ਰਾਹ ਅਖਤਿਆਰ ਕਰ ਲਿਆ । ਨਵ ਉਦਾਰ ਨੀਤੀਆਂ ਅਪਣਾਉਣ ਦੇ ਸਿੱਟੇ ਵਜੋਂ ਹੀ ਮੁਲਾਜ਼ਮਾਂ ਦੀ ਭਰਤੀ ਦੇ ਨਿਯਮ ਅਤੇ ਤਨਖਾਹ ਢਾਚੇ ਨੂੰ ਬਦਲ ਦਿੱਤਾ ਗਿਆ ਅਤੇ ਪੁਰਾਣੀ ਪੈਨਸ਼ਨ ਸਕੀਮ ਮੁਲਾਜ਼ਮਾ ਤੋਂ ਖੋਹ ਕੇ ਸਰਕਾਰਾਂ ਨੇ ਮੁਲਾਜ਼ਮ ਮਾਰੂ ਨਵੀਂ ਪੈਨਸ਼ਨ ਸਕੀਮ ਐੱਨ.ਪੀ.ਐੱਸ. ਅਮਲ ’ਚ ਲਾਗੂ ਕਰ ਦਿੱਤੀ । ਹੁਣ ਮੋਦੀ ਸਰਕਾਰ ਨੇ ਯੂ.ਪੀ.ਐੱਸ. ਦੀ ਆਪਸ਼ਨ ਦੀ ਦਿੱਤੀ ਜੋ ਕਿ ਹੋਰ ਵੀ ਖ਼ਤਰਨਾਕ ਹੈ ਜਿਸ ਵਿਚ ਸਾਡੇ ਪੈਸੇ ਖੋਹ ਕੇ ਹੀ ਸਾਨੂੰ ਵਾਪਸ ਦੇਣੇ ਹਨ। ਉਨ੍ਹਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ‘ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ’ ਦੇ ਬੈਨਰ ਹੇਠ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ ਕਮੇਟੀ, ਸੀ.ਪੀ.ਐੱਫ ਕਰਮਚਾਰੀ ਯੂਨੀਅਨ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਯਤਨਸ਼ੀਲ ਹਨ। ਮੀਟਿੰਗ ਵਿਚ ਸਮੂਹ ਮੁਲਾਜਮ ਸਾਥੀਆਂ ਨੂੰ 23 ਅਗਸਤ 2026 ਐਤਵਾਰ ਨੂੰ ਸਰਕਾਰ ਦੀ ਵਾਅਦਾ ਖਿਲਾਫੀ ਸੂਬਾ ਪੱਧਰੀ ਰੈਲੀ ਵਿੱਚ ਮੁੱਖ ਮੰਤਰੀ ਦੇ ਪਿੰਡ ਸਤੌਜ ਵਿਖੇ ਭਰਵੀਂ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਜੋਗਾ ਸਿੰਘ, ਅਮ੍ਰਿਤਪਾਲ ਸਿੰਘ, ਜਸਪਿੰਦਰ ਸਿੰਘ , ਦਵਿੰਦਰ ਸਿੰਘ, ਸਰਬਜੀਤ ਸਿੰਘ ਆਦਿ ਸਮੇਤ ਅਨੇਕਾਂ ਸਾਥੀ ਹਾਜ਼ਰ ਸਨ।