ਸਿੱਖ ਵਿਰਾਸਤੀ ਸਮਾਰਕਾਂ ਦੀ ਸੁਰੱਖਿਆ ਲਈ ‘ਸਿੱਖ ਪੁਰਾਤੱਤਵ ਵਿਭਾਗ’ ਦਾ ਗਠਨ ਜ਼ਰੂਰੀ
ਅੰਮ੍ਰਿਤਸਰ, 2 ਨਵੰਬਰ (ਸੁਰਿੰਦਰ ਕੋਛੜ)-ਪੰਜਾਬ ਵਿਚਲੇ ਨਜ਼ਰਅੰਦਾਜ਼ ਹੋ ਰਹੇ ਸਿੱਖ ਵਿਰਾਸਤੀ ਸਮਾਰਕਾਂ ਦੀ ਨਿਸ਼ਾਨਦੇਹੀ, ਰੱਖ-ਰਖਾਅ ਅਤੇ ਨਵੀਨੀਕਰਨ ਲਈ ਵੱਖਰੇ ਤੌਰ ’ਤੇ ‘ਸਿੱਖ ਪੁਰਾਤਤਵ ਵਿਭਾਗ’ ਦਾ ਗਠਨ ਕੀਤਾ ਜਾਣਾ ਬੇਹੱਦ ਜ਼ਰੂਰੀ ਬਣ ਚੁੱਕਿਆ ਹੈ। ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ, ਅੰਮ੍ਰਿਤਸਰ ਚੈਪਟਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਭਾਟੀਆ, ਸੀ.
ਅੰਮ੍ਰਿਤਸਰ, 2 ਨਵੰਬਰ (ਸੁਰਿੰਦਰ ਕੋਛੜ)-ਪੰਜਾਬ ਵਿਚਲੇ ਨਜ਼ਰਅੰਦਾਜ਼ ਹੋ ਰਹੇ ਸਿੱਖ ਵਿਰਾਸਤੀ ਸਮਾਰਕਾਂ ਦੀ ਨਿਸ਼ਾਨਦੇਹੀ, ਰੱਖ-ਰਖਾਅ ਅਤੇ ਨਵੀਨੀਕਰਨ ਲਈ ਵੱਖਰੇ ਤੌਰ ’ਤੇ ‘ਸਿੱਖ ਪੁਰਾਤਤਵ ਵਿਭਾਗ’ ਦਾ ਗਠਨ ਕੀਤਾ ਜਾਣਾ ਬੇਹੱਦ ਜ਼ਰੂਰੀ ਬਣ ਚੁੱਕਿਆ ਹੈ। ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ, ਅੰਮ੍ਰਿਤਸਰ ਚੈਪਟਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਭਾਟੀਆ, ਸੀ. ਏ. ਅਮਰਜੀਤ ਸਿੰਘ ਨਾਰੰਗ, ਡਾ: ਅਮਰਜੀਤ ਸਿੰਘ ਨਾਰੰਗ, ਜਤਿੰਦਰਪਾਲ ਸਿੰਘ ਬੌਬੀ ਬਾਦਸ਼ਾਹ ਅਤੇ ਸਤਬੀਰ ਸਿੰਘ (ਅਮੀਰਾ ਫਾਰਮ) ਨੇ ਕਿਹਾ ਕਿ ਸੂਬੇ ’ਚ ਸਿੱਖ ਰਾਜ ਅਤੇ ਮਿਸਲ ਕਾਲ ਨਾਲ ਸੰਬੰਧਿਤ ਵੱਡੀ ਗਿਣਤੀ ’ਚ ਅਜਿਹੇ ਸਮਾਰਕ ਮੌਜੂਦ ਹਨ, ਜੋ ਪੁਰਾਤਤਵ ਵਿਭਾਗ ਜਾਂ ਸੈਰ ਸਪਾਟਾ ਵਿਭਾਗ ਵਲੋਂ ਸੁਰੱਖਿਅਤ ਸਮਾਰਕਾਂ ਦੀ ਸੂਚੀ ’ਚ ਦਰਜ ਨਾ ਕੀਤੇ ਜਾਣ ਕਰਕੇ ਲੁਪਤ ਹੁੰਦੇ ਜਾ ਰਹੇ ਹਨ। ਦਰਅਸਲ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਸਿੱਖ ਰਾਜ, ਮਿਸਲ ਕਾਲ ਅਤੇ ਉਸ ਤੋਂ ਪਹਿਲਾਂ ਦੇ ਦਰਜਨਾਂ ਅਜਿਹੇ ਸਿੱਖ ਸਮਾਰਕ ਮੌਜੂਦ ਹਨ, ਜਿਨ੍ਹਾਂ ਦੀ ਹੋਂਦ ਜਾਂ ਇਤਿਹਾਸ ਬਾਰੇ ਉੱਥੋਂ ਦੇ ਸਥਾਨਕ ਲੋਕਾਂ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਹੁਤੀ ਜਾਣਕਾਰੀ ਨਾ ਹੋਣ ਕਰਕੇ ਇਹ ਸਮਾਰਕ ਲਗਾਤਾਰ ਅਲੋਪ ਹੁੰਦੇ ਜਾ ਰਹੇ ਹਨ। ਉਕਤ ਸਮਾਰਕਾਂ ‘ਚ ਵਿਸ਼ੇਸ਼ ਤੌਰ ’ਤੇ ਹਵੇਲੀਆਂ, ਕਿਲ੍ਹੇ, ਸਮਾਧਾਂ, ਤਲਾਬ ਅਤੇ ਬਾਉਲੀਆਂ ਆਦਿ ਸ਼ਾਮਿਲ ਹਨ। ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਦੇ ਉਕਤ ਅਹੁਦੇਦਾਰਾਂ ਨੇ ਦੱਸਿਆ ਕਿ ਅੰਮ੍ਰਿਤਸਰ ’ਚ ਮੌਜੂਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਖ਼ੁਦ ਤਿਆਰ ਕਰਵਾਈ ਬਾਰਾਂਦਰੀ ਧਣੋਏ ਕਲਾਂ (ਪੁਲ ਮੋਰਾਂ), ਮਹਾਰਾਜਾ ਦੇ ਸਹੁਰੇ ਪਰਿਵਾਰ ਨਾਲ ਸੰਬੰਧਿਤ ਕਿਲ੍ਹਾ ਕਰਮ ਸਿੰਘ ਛੀਨਾ, ਕਾਲਿਆਂਵਾਲੇ ਸਰਦਾਰਾਂ ਦੀਆਂ ਸਮਾਧਾਂ, ਤਲਾਬ ਸਮਦ ਜੂ ਕਸ਼ਮੀਰੀ ਅਤੇ ਰਾਜਾਸਾਂਸੀ ਦਾ ਇਤਿਹਾਸਕ ਤਲਾਬ, ਬਾਉਲੀਆਂ, ਰੁਲੀਆ ਰਾਮ ਦਾ ਬਾਗ ਅਤੇ ਸਮਾਧਾਂ, ਦੀਨਾਨਗਰ ਵਿਚਲਾ ਸਮਰ ਹਾਊਸ, ਬਟਾਲਾ ਵਿਚਲਾ ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਅਤੇ ਦਰਜਨਾਂ ਅਜਿਹੇ ਸਮਾਰਕ ਮੌਜੂਦ ਹਨ, ਜਿਨ੍ਹਾਂ ਦੇ ਰੱਖ-ਰਖਾਅ ਵਲ ਸੰਬੰਧਿਤ ਵਿਭਾਗ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਕਤ ਅਹੁਦੇਦਾਰਾਂ ਨੇ ਅੰਮ੍ਰਿਤਸਰ ਦੀ ਖ਼ਤਮ ਹੋ ਰਹੀ ਵਿਰਾਸਤ ਨੂੰ ਬਚਾਉਣ ਲਈ ਸੁਝਾਅ ਦਿੰਦਿਆਂ ਕਿਹਾ ਕਿ ਲਾਹੌਰ ਦੀ ਤਰਜ਼ ’ਤੇ ਅੰਮ੍ਰਿਤਸਰ ਵਾਲਡ ਸਿਟੀ ਅਥਾਰਿਟੀ ਦਾ ਗਠਨ ਕਰਕੇ ਚਾਰ ਦੀਵਾਰੀ ’ਚ ਵਸੇ ਸ਼ਹਿਰ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇ।