15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

‘ਪੰਜਾਬ ਬੰਦ’ਦੇ ਸੱਦੇ ਨੂੰ ਅੰਮ੍ਰਿਤਸਰ ’ਚ ਮਿਲਿਆ ਭਰਵਾਂ ਹੁੰਗਾਰਾ

ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)- ਮਾਨਸਾ ਵਿਖੇ ਹੋਏ ਕਤਲ ਕਾਂਡ ਅਤੇ ਪੰਜਾਬ ਵਿੱਚ ਦਿਨੋ-ਦਿਨ ਵਧ ਰਹੇ ਨਸ਼ਿਆਂ ਦੇ ਗੰਭੀਰ ਮੁੱਦੇ ਦੇ ਵਿਰੋਧ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਪਿੰਡ ਸੁਲਤਾਨਵਿੰਡ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਅਟਾਰੀ ਸਾਹਿਬ, ਪਿੰਡ ਸੁਲਤਾਨਵਿੰਡ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਾਫ਼ਲਾ ਰੋਸ ਮਾਰਚ ਦੇ ਰੂਪ ਵਿਚ ਅੰਮ੍ਰਿਤਸਰ ਸ਼ਹਿਰ ਵੱਲ ਰਵਾਨਾ ਹੋਇਆ।

Ad Position 21
No active advertisement
ਅਜੀਤ ਡੈਸਕ 16-10-2026
ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)- ਮਾਨਸਾ ਵਿਖੇ ਹੋਏ ਕਤਲ ਕਾਂਡ ਅਤੇ ਪੰਜਾਬ ਵਿੱਚ ਦਿਨੋ-ਦਿਨ ਵਧ ਰਹੇ ਨਸ਼ਿਆਂ ਦੇ ਗੰਭੀਰ ਮੁੱਦੇ ਦੇ ਵਿਰੋਧ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਪਿੰਡ ਸੁਲਤਾਨਵਿੰਡ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਅਟਾਰੀ ਸਾਹਿਬ, ਪਿੰਡ ਸੁਲਤਾਨਵਿੰਡ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਾਫ਼ਲਾ ਰੋਸ ਮਾਰਚ ਦੇ ਰੂਪ ਵਿਚ ਅੰਮ੍ਰਿਤਸਰ ਸ਼ਹਿਰ ਵੱਲ ਰਵਾਨਾ ਹੋਇਆ। ਰੋਸ ਮਾਰਚ ਵਿਚ ਕਿਸਾਨ ਜਥੇਬੰਦੀ ਨਾਲ ਜੁੜੇ ਆਗੂਆਂ, ਵਰਕਰਾਂ ਅਤੇ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਦੇ ਮੌਜੂਦਾ ਹਾਲਾਤਾਂ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ। ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਮਾਨਸਾ ਵਿਖੇ ਵਾਪਰੇ ਕਤਲ ਕਾਂਡ ਅਤੇ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਪਿੰਡ ਸੁਲਤਾਨਵਿੰਡ ਦੇ ਗੁਰਦੁਆਰਾ ਅਟਾਰੀ ਸਾਹਿਬ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਅੰਮ੍ਰਿਤਸਰ ਸ਼ਹਿਰ ਵੱਲ ਰਵਾਨਾ ਹੋਇਆ। ਇਸ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੇ ਜਥੇਬੰਦਕ ਏਕਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਨਹੀਂ ਕੀਤਾ ਜਾਣਾ ਚਾਹੀਦਾ। ਮਾਨਸਾ ਕਤਲ ਕਾਂਡ ਵਰਗੀਆਂ ਘਟਨਾਵਾਂ ਅਤੇ ਨਸ਼ਿਆਂ ਕਾਰਨ ਪ੍ਰਭਾਵਿਤ ਹੋ ਰਹੇ ਪਰਿਵਾਰਾਂ ਦੇ ਮਸਲੇ ਸਮਾਜ ਲਈ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਮਸਲਿਆਂ ਦੇ ਹੱਲ ਲਈ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕੋਟ ਬੁੱਢਾ ਦੇ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਚਾਟੀਵਿੰਡ ਦੀ ਅਗਵਾਈ ਹੇਠ ਜਥੇਬੰਦੀ ਨਾਲ ਸਬੰਧਤ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਰੋਸ ਮਾਰਚ ਵਿੱਚ ਸੋਨੂ ਮਾਲ ਸੁਲਤਾਨਵਿੰਡ, ਮੰਗਲ ਸਿੰਘ ਰਾਮਪੁਰਾ, ਗੁਰਸਾਹਿਬ ਸਿੰਘ ਚਾਟੀਵਡ, ਸਤਨਾਮ ਸਿੰਘ ਜੰਡਿਆਲਾ, ਹੈਪੀ ਦੋਬੁਰਜੀ, ਬਖ਼ਸ਼ੀਸ਼ ਸਿੰਘ, ਰੁਪਿੰਦਰਜੀਤ ਸਿੰਘ ਰਿੰਪੀ, ਸਰਪੰਚ ਸਰਬਜੀਤ ਸਿੰਘ, ਸਰਪੰਚ ਸੰਦੀਪ ਸਿੰਘ ਮਿੱਠਾ, ਟੋਨੀ ਬਾਜਵਾ, ਮਿਲਖਾ ਸਿੰਘ ਸੁਲਤਾਨਵਿੰਡ, ਰੇਸ਼ਮ ਸਿੰਘ, ਪਾਲ ਸਿੰਘ ਘੁੱਲਾ ਚਾਟੀਵਿੰਡ, ਨਿਰਵੈਲ ਸਿੰਘ, ਮੇਜਰ ਸਿੰਘ ਰਾਮਪੁਰਾ, ਗੁਰਪ੍ਰੀਤ ਸਿੰਘ ਪੰਡੋਰੀ ਅਤੇ ਅੰਗਰੇਜ਼ ਸਿੰਘ ਚਾਟੀਵਿੰਡ ਸਮੇਤ ਹੋਰ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ।ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ)- ਨਸ਼ਿਆਂ ਦੀ ਵਿੱਕਰੀ ਦਾ ਵਿਰੋਧ ਕਰਨ ਵਾਲੇ ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ‘ਚ ਮ੍ਰਿਤਕ ਦੇ ਪਰਿਵਾਰ ਅਤੇ ਹੋਰ ਸੰਬੰਧਿਤ ਵਿਅਕਤੀਆਂ ਵਲੋਂ ਬਣਾਈ ਕਮੇਟੀ ਦੁਆਰਾ ਪੰਜਾਬ ਭਰ ’ਚ ਦਿੱਤੇ ਗਏ ਬੰਦ ਦੇ ਸੱਦੇ ਨੂੰ ਅੰਮ੍ਰਿਤਸਰ ’ਚ ਵੀ ਭਰਪੂਰ ਸਮਰਥਨ ਮਿਲਿਆ। ਵੱਖ-ਵੱਖ ਕਿਸਾਨ, ਵਿਦਿਆਰਥੀ, ਸਮਾਜਿਕ, ਧਾਰਮਿਕ ਜਥੇਬੰਦੀਆਂ ਸਮੇਤ ਕਈ ਰਾਜਨੀਤਿਕ ਪਾਰਟੀਆਂ ਨੇ ਵੀ ਇਸ ਬੰਦ ਨੂੰ ਆਪਣਾ ਸਹਿਯੋਗ ਦਿੱਤਾ। ਅੱਜ ਇਸ ਬੰਦ ਦੇ ਤਹਿਤ ਅੰਮ੍ਰਿਤਸਰ ਦੇ ’ਚ ਬਾਜ਼ਾਰ, ਮਾਰਕੀਟਾਂ ਅਤੇ ਹੋਰ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਬੰਦ ਦਾ ਅਸਰ ਵਪਾਰਕ ਅਦਾਰਿਆਂ ਦੇ ਨਾਲ-ਨਾਲ ਆਮ ਜਨਜੀਵਨ ’ਤੇ ਵੀ ਸਪਸ਼ਟ ਤੌਰ ’ਤੇ ਵੇਖਣ ਨੂੰ ਮਿਲਿਆ। ਇਸ ਦੌਰਾਨ ਬਾਜ਼ਾਰਾਂ ’ਚ ਹਰ ਪਾਸੇ ਸੰਨਾਟਾ ਪਸਰਿਆ ਰਿਹਾ ਅਤੇ ਰੋਜ਼ਾਨਾ ਦੇ ਕਾਰੋਬਾਰ ਵੀ ਪ੍ਰਭਾਵਿਤ ਹੋਏ। ਹਾਲਾਂਕਿ, ਇਸ ਦੌਰਾਨ ਦਵਾਈਆਂ ਦੀਆਂ ਦੁਕਾਨਾਂ ਅਤੇ ਕੁਝ-ਕੁਝ ਇਲਾਕਿਆਂ ’ਚ ਹਲਵਾਈਆਂ ਦੀਆਂ ਵੀ ਦੁਕਾਨਾਂ ਖੁੱਲ੍ਹੀਆਂ ਰਹੀਆਂ। ਜਦਕਿ ਪੰਜਾਬ ਬੰਦ ਦੇ ਸੱਦੇ ਨੂੰ ਅੰਮ੍ਰਿਤਸਰ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਪੂਰਾ ਸਮਰਥਨ ਦਿੱਤਾ। ‘ਪੰਜਾਬ ਬੰਦ’ ਦੇ ਸੱਦੇ ਦੇ ਮੱਦੇਨਜ਼ਰ ਅੰਮ੍ਰਿਤਸਰ ਸ਼ਹਿਰ ਦੀਆਂ ਕੱਪੜਾ ਮਾਰਕੀਟਾਂ ਟਾਹਲੀ ਸਾਹਿਬ ਬਾਜ਼ਾਰ, ਸ਼ਾਸਤਰੀ ਮਾਰਕੀਟ, ਪ੍ਰਤਾਪ ਬਾਜ਼ਾਰ, ਬਾਜ਼ਾਰ ਸਿਰਕੀਬੰਧਾਂ, ਕਟੜਾ ਆਹਲੂਵਾਲੀਆ, ਸੁਨਿਆਰਾ ਮਾਰਕੀਟ, ਗੁਰੂ ਬਾਜਾਰ ਮਾਰਕੀਟ ਅਤੇ ਹਾਲ ਬਾਜ਼ਾਰ, ਲਾਰੈਂਸ ਰੋਡ, ਮਜੀਠਾ ਰੋਡ, ਬਟਾਲਾ ਰੋਡ, ਕਟੜਾ ਸ਼ੇਰ ਸਿੰਘ, ਕਟੜਾ ਜੈਮਲ ਸਿੰਘ, ਨਹਿਰੂ ਸ਼ਾਪਿੰਗ ਕੰਪਲੈਕਸ, ਆਈ. ਡੀ. ਐੱਚ. ਮਾਰਕੀਟ ਸਮੇਤ ਸਾਰੇ ਸ਼ਹਿਰ ‘ਚ ਬਾਜ਼ਾਰ, ਵਪਾਰਕ ਅਦਾਰੇ ਅਤੇ ਉਦਯੋਗਿਕ ਇਕਾਈਆਂ ਸ਼ਾਮ ਤਕ ਮੁਕੰਮਲ ਤੌਰ ’ਤੇ ਬੰਦ ਰਹੀਆਂ। ਇਸ ਦੌਰਾਨ ਰੇਹੜੀਆਂ ’ਤੇ ਫਲ ਸਬਜ਼ੀਆਂ ਵੇਚਣ ਵਾਲਿਆਂ ਦੀ ਵੀ ਗਲੀਆਂ ’ਚ ਵਧੇਰੇਤਰ ਆਵਾਜਾਈ ਠੱਪ ਰਹੀ। ਅੰਮ੍ਰਿਤਸਰ ਬੰਦ ਦੇ ਸੱਦੇ ਦੇ ਮੱਦੇਨਜ਼ਰ ਸਥਾਨਕ ਕਟੜਾ ਸ਼ੇਰ ਸਿੰਘ ਸਥਿਤ ਦਵਾਈ ਮਾਰਕੀਟ ਵੀ ਮੁਕੰਮਲ ਤੌਰ ’ਤੇ ਬੰਦ ਰਹੀ। ਜਦਕਿ ਹਸਪਤਾਲਾਂ ਦੇ ਬਾਹਰ ਮੌਜੂਦ ਦਵਾਈਆਂ ਦੀਆਂ ਕੁਝ ਦੁਕਾਨਾਂ ਖੁੱਲ੍ਹੀਆਂ ਰਹੀਆਂ ਤਾਂ ਕਿ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਇਸ ਦੇ ਇਲਾਵਾ ਹੋਲ ਸੇਲ ਕਰਿਆਨਾ ਮੰਡੀ ਢਾਬ ਖਟੀਕਾਂ, ਲੂਣ ਮੰਡੀ, ਪਾਪੜਾਂ ਵਾਲਾ ਬਾਜ਼ਾਰ, ਮਿਸ਼ਰੀ ਬਾਜ਼ਾਰ, ਆਟਾ ਮੰਡੀ ਆਦਿ ਦੀਆਂ ਵੀ ਸਭ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ। ਅੰਮ੍ਰਿਤਸਰ ਬੰਦ ਦੇ ਦੌਰਾਨ ਜਿੱਥੇ ਸ਼ਹਿਰ ’ਚ ਵਪਾਰਕ ਅਦਾਰੇ ਅਤੇ ਬਾਜ਼ਾਰ ਬੰਦ ਰਹੇ, ਉੱਥੇ ਹੀ ਪ੍ਰਮੁੱਖ ਰਸਤਿਆਂ ’ਤੇ ਲਗਾਈਆਂ ਰੋਕਾਂ ਕਾਰਨ ਜਲ੍ਹਿਆਂਵਾਲਾ ਬਾਗ, ਕਿਲ੍ਹਾ ਗੋਬਿੰਦਗੜ੍ਹ, ਵਾਰ ਮੈਮੋਰੀਅਲ, ਸਾਡਾ ਪਿੰਡ ਸਮੇਤ ਹੋਰਨਾਂ ਵਿਰਾਸਤੀ ਸਮਾਰਕਾਂ ਵਿਖੇ ਸੈਲਾਨੀਆਂ ਦੀਆਂ ਬਹੁਤ ਘੱਟ ਰੌਣਕਾਂ ਜੁੜੀਆਂ। ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਪਿੰਡ ਸੁਲਤਾਨਵਿੰਡ ਮੁਕੰਮਲ ਬੰਦ ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)- ਜ਼ਿਲ੍ਹਾ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਇਨਸਾਫ਼ ਦਿਵਾਉਣ ਦੀ ਮੰਗ ਸੰਬੰਧੀ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਪਿੰਡ ਸੁਲਤਾਨਵਿੰਡ ਮੁਕੰਮਲ ਬੰਦ ਦੇਖਣ ਨੂੰ ਮਿਲਿਆ। ਇਸ ਦੌਰਾਨ ਪਿੰਡ ਸੁਲਤਾਨਵਿੰਡ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਬੰਦ ਦੇ ਸੱਦੇ ਨੂੰ ਆਪਣਾ ਸਮਰਥਨ ਦਿੱਤਾ। ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਇਸੇ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ, ਜਿਸ ਦੇ ਸਮਰਥਨ ਵਿਚ ਪਿੰਡ ਸੁਲਤਾਨਵਿੰਡ ਦੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਬੰਦ ਰੱਖੇ। ਕੋਟ ਮਿੱਤ ਸਿੰਘ, ਭਾਈ ਮੰਝ ਸਾਹਿਬ ਰੋਡ, ਪਲਾਟ ਲੱਖਾ ਸਿੰਘ, ਭਾਈ ਗੁਰਦਾਸ ਜੀ ਨਗਰ, ਨਿਊ ਅੰਮ੍ਰਿਤਸਰ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਵਿਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਪੰਜਾਬ ਬੰਦ ਦੇ ਸੱਦੇ ਪ੍ਰਤੀ ਸਮਰਥਨ ਪ੍ਰਗਟ ਕੀਤਾ। ਬੰਦ ਰਾਹੀਂ ਨਸ਼ਿਆਂ ਦੀ ਸਮੱਸਿਆ ਅਤੇ ਇਸ ਨਾਲ ਜੁੜੇ ਗੰਭੀਰ ਮੁੱਦਿਆਂ ਵੱਲ ਸਰਕਾਰ ਅਤੇ ਪ੍ਰਸ਼ਾਸਨ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ। ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਨੂੰ ਲੈ ਕੇ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਸੁਲਤਾਨਵਿੰਡ ਦੇ ਦੁਕਾਨਦਾਰਾਂ ਵਲੋਂ ਕਾਰੋਬਾਰ ਬੰਦ ਰੱਖ ਕੇ ਸਹਿਯੋਗ ਦੇਣਾ ਇਸ ਮੁੱਦੇ ਪ੍ਰਤੀ ਇਲਾਕੇ ਵਿਚ ਦਿਖਾਈ ਦਿੱਤੇ ਸਮਰਥਨ ਦਾ ਪ੍ਰਗਟਾਵਾ ਬਣਿਆ। ਇਸ ਤਰ੍ਹਾਂ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਪਿੰਡ ਸੁਲਤਾਨਵਿੰਡ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਬੰਦ ਨੂੰ ਸਫ਼ਲ ਬਣਾਉਣ ਵਿਚ ਸਹਿਯੋਗ ਦਿੱਤਾ। ਅਕਾਲੀ ਦਲ ਵਾਰਿਸ ਪੰਜਾਬ ਵਲੋਂ ਤਰਨ ਤਾਰਨ ਰੋਡ ’ਤੇ ਰੋਸ ਪ੍ਰਦਰਸ਼ਨ ਚੱਬਾ, (ਜੱਸਾ ਅਨਜਾਣ)-ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੇ ਵਿਰੋਧ ਵਿਚ ਅੱਜ ਪੰਜਾਬ ਬੰਦ ਦੇ ਸੱਦੇ ਤੇ ਤਰਨਤਾਰਨ ਰੋਡ ਅਤੇ ਝਬਾਲ ਰੋਡ ਪੈਂਦੇ ਪਿੰਡ ਚੱਬਾ, ਗੁਰੂਵਾਲੀ, ਇੱਬਣ ਕਲਾਂ, ਬਹੋੜੂ ਦੇ ਮੇਨ ਅੱਡਿਆਂ ਸਮੇਤ ਪਿੰਡਾਂ ਦੀਆਂ ਦੁਕਾਨਾਂ ਬੰਦ ਰਹੀਆਂ ਤੇ ਇਸ ਹੋਈ ਮੌਤ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਅਟਾਰੀ ਦੇ ਸੇਵਾਦਾਰ ਜਸਵਿੰਦਰ ਸਿੰਘ ਜਹਾਂਗੀਰ ਨੇ ਆਪਣੇ ਸਾਥੀਆਂ ਨਾਲ ਸਾਂਤ ਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਸੂਬਾ ਸਰਕਾਰ ਖ਼ਿਲਾਫ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਚੱਲ ਰਹੀ ਨਸ਼ਿਆਂ ਦੀ ਹਨੇਰੀ ਖ਼ਿਲਾਫ਼ ਕੋਈ ਨੌਜਵਾਨ ਆਵਾਜ਼ ਚੁੱਕਦਾ ਹੈ ਤਾਂ ਉਸ ਦੀ ਆਵਾਜ਼ ਲੱਭਣ ਲਈ ਉਸ ਦਾ ਕਤਲ ਹੋ ਜਾਂਦਾ ਹੈ। ਪਰਵਿੰਦਰ ਸਿੰਘ ਝੋਟੇ ਨੇ ਮਾਂਵਾਂ ਦੇ ਪੁੱਤ ਬਚਾਉਣ ਲਈ ਆਵਾਜ਼ ਬੁਲੰਦ ਕੀਤੀ ਤਾਂ ਉਸ ਦਿਨ ਦਿਹਾੜੇ ਕਤਲ ਹੋ ਗਿਆ। ਇੱਕ ਪਾਸੇ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮਾਂ ਚਲਾ ਰਹੀ ਤੇ ਪਾਸੇ ਨੌਜਵਾਨਾਂ ਦੇ ਕਤਲ ਹੋ ਰਹੇ ਹਨ। ਇਹ ਕਿਧਰ ਦਾ ਇਨਸਾਫ਼ ਹੈ। ਆਪ ਸਰਕਾਰ ਇਹ ਸਭ ਲੋਕ ਦਿਖਾਵਾ ਕਰ ਰਹੀ ਹੈ। ਜਹਾਂਗੀਰ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਨੇ ਨਸਿਆ ਖ਼ਿਲਾਫ਼ ਆਵਾਜ਼ ਉਠਾਈ ਸੀ ਇਸ ਕਰਕੇ ਉਸ ਦਾ ਕਤਲ ਕੀਤਾ ਗਿਆ। ਜਦੋਂ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਨਾਲ ਸੰਦੀਪ ਸਿੰਘ ਚਾਟੀਵਿੰਡ, ਮਨਜੀਤ ਸਿੰਘ ਵਰਪਾਲ, ਲਖਵਿੰਦਰ ਸਿੰਘ ਗੁਰੂ ਵਾਲੀ, ਬੰਟੀ ਸਿੰਘ, ਗੁਰਵਿੰਦਰ ਸਿੰਘ ਜਹਾਂਗੀਰ ਤੇ ਵੱਡੀ ਗਿਣਤੀ ਵਿੱਚ ਸਮਰਥਕ ਹਾਜਰ ਸਨ। ਦਮਦਮੀ ਟਕਸਾਲ ਦੇ ਨੌਜਵਾਨਾਂ ਨੇ ਨੈਸ਼ਨਲ ਹਾਈਵੇ ’ਤੇ ਕਾਰਾਂ ਦੀਆਂ ਏਜੰਸੀਆਂ ਕਰਵਾਈਆਂ ਬੰਦ ਮਾਨਾਂਵਾਲਾ, (ਗੁਰਦੀਪ ਸਿੰਘ ਨਾਗੀ)- ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਤੋਂ ਬਾਅਦ ਵੱਖ -ਵੱਖ ਜਥੇਬੰਦੀਆਂ ਵਲੋਂ ਐਲਾਨੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਭਾਵੇਂ ਪੰਜਾਬ ਪੱਧਰ ’ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪਰ ਅੰਮ੍ਰਿਤਸਰ- ਜਲੰਧਰ ਜੀ. ਟੀ. ਰੋਡ ’ਤੇ ਕਾਰਾਂ ਦੀਆਂ ਏਜੰਸੀਆਂ ਖੁੱਲ੍ਹੀਆਂ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਦਮਦਮੀ ਟਕਸਾਲ ਦੇ ਨੌਜਵਾਨਾਂ, ਜਿੰਨਾਂ ਵਿਚ ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਜਗਦੀਸ਼ ਸਿੰਘ, ਗੁਰਵਿੰਦਰ ਸਿੰਘ ਝੀਤਾ ਕਲਾਂ, ਭਾਈ ਸਰਵਣ ਸਿੰਘ ਅਤੇ ਹੋਰ ਨੌਜਵਾਨ ਸ਼ਾਮਲ ਸਨ, ਮੌਕੇ ’ਤੇ ਪਹੁੰਚੇ ਅਤੇ ਜੀ. ਟੀ. ਰੋਡ ਦੋਬੁਰਜੀ ਦੇ ਨੇੜੇ ਕਾਰਾਂ ਦੀਆਂ ਏਜੰਸੀਆਂ ਟੋਯੋਟਾ, ਕੀਆ ਅਤੇ ਹਾਂਡਾ ਬੰਦ ਕਰਵਾ ਦਿੱਤੀਆਂ। ਲਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਅਣਗੌਲਿਆਂ ਕਰਕੇ ਕੁੱਝ ਨਿੱਜੀ ਤੇ ਸਰਕਾਰੀ ਅਦਾਰੇ ਖੁੱਲ੍ਹੇ ਸਨ, ਜਿਨ੍ਹਾਂ ਨੂੰ ਬੰਦ ਕਰਵਾਉਣ ਅਤੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਖੁੱਲ੍ਹੇ ਨਿੱਜੀ ਤੇ ਸਰਕਾਰੀ ਅਦਾਰਿਆਂ ਨੂੰ ਉਨ੍ਹਾਂ ਦੇ ਪ੍ਰਬੰਧਕਾਂ ਨਾਲ ਸ਼ਾਂਤੀਪੂਰਵਕ ਗੱਲਬਾਤ ਕਰਕੇ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੀ. ਟੀ. ਰੋਡ ’ਤੇ ਕਾਰਾਂ ਦੀਆਂ ਏਜੰਸੀਆਂ ਟੋਯੋਟਾ, ਕੀਆ ਅਤੇ ਹਾਂਡਾ ਨੂੰ ਤੁਰੰਤ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਪ੍ਰਬੰਧਕਾਂ ਨੇ ਆਪੋ ਆਪਣੇ ਅਦਾਰਿਆਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ। ਪੰਜਾਬ ਬੰਦ ਭਾਕਿਯੂ ਏਕਤਾ ਉਗਰਾਹਾਂ ਵਲੋਂ ਰੋਸ ਮਾਰਚ ਅੰਮ੍ਰਿਤਸਰ, (ਸੁਰਿੰਦਰਪਾਲ ਸਿੰਘ ਵਰਪਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਾਨਸਾ ਵਿਖੇ ਨਸ਼ਾ ਤਸਕਰਾਂ ਵਲੋਂ ਪਰਵਿੰਦਰ ਸਿੰਘ ਝੋਟੇ ਦੇ ਕੀਤੇ ਕਤਲ ਦੇ ਵਿਰੋਧ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਜ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਅੰਮ੍ਰਿਤਸਰ ਸ਼ਹਿਰ ’ਚ ਰੋਸ ਮਾਰਚ ਕੀਤਾ। ਜਥੇਬੰਦੀ ਨੇ ਕਾਤਲਾਂ ਅਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਨਸ਼ਾ ਤਸਕਰਾਂ, ਪੁਲਿਸ ਤੇ ਸਿਆਸੀ ਗੱਠਜੋੜ ਨੂੰ ਤੋੜਨ ਦੀ ਮੰਗ ਕੀਤੀ। ਇਸ ਮੌਕੇ ਪ੍ਰਧਾਨ ਡਾ. ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਦੁਕਾਨਾਂ, ਸਕੂਲਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਬੰਦ ਰੱਖ ਕੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ। ਆਗੂਆਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦਾ ਕਤਲ ਸਿਰਫ਼ ਇਕ ਨੌਜਵਾਨ ਦਾ ਕਤਲ ਨਹੀਂ, ਸਗੋਂ ਉਨ੍ਹਾਂ ਦੇ ਦੋਸ਼ਾਂ ਅਨੁਸਾਰ ਨਸ਼ਿਆਂ ਦੇ ਕਾਰੋਬਾਰ ਦਾ ਵਿਰੋਧ ਕਰਨ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀ ਸਾਜ਼ਿਸ਼ ਹੈ। ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰਕੇ ਕਥਿਤ ਗੱਠਜੋੜ ਨੂੰ ਬੇਨਕਾਬ ਕਰਨ ਦੀ ਲੋੜ ਹੈ। ਕੁਲਬੀਰ ਸਿੰਘ ਜੇਠੂਵਾਲ ਨੇ ਕਿਹਾ ਕਿ ਪੰਜਾਬ ਦੀ ਵਿਰਾਸਤ ਜਬਰ-ਜ਼ੁਲਮ ਵਿਰੁੱਧ ਲੜਨ ਦੀ ਰਹੀ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਸਰਹੱਦ ਪਾਰੋਂ ਨਸ਼ਿਆਂ ਦੀ ਆਮਦ ਰੋਕਣ ਵਿਚ ਸੰਬੰਧਿਤ ਸੁਰੱਖਿਆ ਪ੍ਰਬੰਧ ਨਾਕਾਮ ਰਹੇ ਹਨ, ਜਦਕਿ ਵੱਡੇ ਪੱਧਰ ’ਤੇ ਸਿੰਥੈਟਿਕ ਨਸ਼ੇ ਤਿਆਰ ਕਰਨ ਦੇ ਮਾਮਲਿਆਂ ਵਿਚ ਵੱਡੇ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਦੀ ਕਥਿਤ ਪੁਸ਼ਤਪਨਾਹੀ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।ਇਸ ਮੋਕੇ ਗਿਆਨ ਸਿੰਘ ਕੰਦੋਵਾਲੀ ,ਰਾਣਾ ਮਨੇਸ਼ ਅਤੇ ਅਜੀਤਪਾਲ ਸਿੰਘ ਫਤਹਿਗੜ ਸੁੱਕਰਚੱਕ,ਅਮਰੀਕ ਸਿੰਘ ਜਹਾਂਗੀਰ, ਜਗਤਾਰ ਸਿੰਘ ਮੱਝੂਪੁਰਾ ,ਹਰਪਾਲ ਸਿੰਘ ਕੰਦੋਵਾਲੀ ,ਸਿਮਰਨ ਸਿੰਘ ਬੀਕੇਯੂ ਏਕਤਾ ਸੰਘਰਸ਼,ਗੁਰਪ੍ਰੀਤ ਸਿੰਘ ਮੂਧਲ,ਸ਼ੇਰਾ ਸਿੰਘ ਭਕਨਾ ਆਦਿ ਹਾਜ਼ਰ ਸਨ। ਨਸ਼ਾ ਮਾਫ਼ੀਆ ਵਿਰੁੱਧ ਸੰਘਰਸ਼ ਕਮੇਟੀ ਨੇ ਗੋਲਡਨ ਗੇਟ ਤੇ ਪੰਜਾਬ ਸਰਕਾਰ ਦਾ ਫੂਕਿਆ ਗਿਆ ਪੁਤਲਾ ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)-ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿਚ ਪੰਜਾਬ ਬੰਦ ਦੇ ਸੱਦੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਕਿਸਾਨ ਮਜ਼ਦੂਰ ਮੋਰਚਾ ਕੇ.ਐੱਮ.ਐੱਮ. ਦੀਆਂ ਸਹਿਯੋਗੀ ਜਥੇਬੰਦੀਆਂ ਵਲੋਂ ਸੂਬਾ ਪੱਧਰ ’ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਮਾਝੇ ਸਮੇਤ ਪੂਰੇ ਪੰਜਾਬ ਵਿਚ ਬੰਦ ਪੂਰਨ ਤੌਰ ’ਤੇ ਅਮਨ-ਅਮਾਨ ਨਾਲ ਸਫ਼ਲ ਰਿਹਾ, ਜਿਸ ਵਿਚ ਪੰਜਾਬੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਨਸ਼ਿਆਂ ਅਤੇ ਨਸ਼ਾ ਮਾਫ਼ੀਏ ਵਿਰੁੱਧ ਇੱਕਜੁੱਟਤਾ ਦਾ ਸੁਨੇਹਾ ਦਿੱਤਾ। ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਇਕੱਠੇ ਹੋਏ ਕਿਸਾਨਾਂ-ਮਜ਼ਦੂਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਅਰਥੀ ਫੂਕ ਕੇ ਰੋਸ ਪ੍ਰਗਟਾਇਆ ਅਤੇ ਅਟਾਰੀ ਚੌਕ ਤੱਕ ਰੋਸ ਮਾਰਚ ਕੱਢਿਆ। ਕਿਸਾਨ ਆਗੂਆਂ ਨੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੇ ਕਤਲਾਂ ’ਤੇ ਗੰਭੀਰ ਚਿੰਤਾ ਪ੍ਰਗਟਾਈ। ਆਗੂਆਂ ਨੇ ਬੰਦ ਦੌਰਾਨ ਵੱਖ-ਵੱਖ ਥਾਵਾਂ ’ਤੇ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਜਥੇਬੰਦੀ ਨੇ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਵਣ ਸਿੰਘ ਪੰਧੇਰ, ਰਣਜੀਤ ਸਿੰਘ ਕਲੇਰ ਬਾਲਾ, ਜਰਮਨਜੀਤ ਸਿੰਘ ਬੰਡਾਲਾ, ਬਾਬਾ ਗੁਰਭਜਨ ਸਿੰਘ ਚੱਬਾ, ਡਾ. ਕਵਰ ਦਲੀਪ, ਲਖਵਿੰਦਰ ਸਿੰਘ ਡਾਲਾ, ਕਲਜੀਤ ਸਿੰਘ ਘਨੂਪੁਰ ਕਾਲੇ, ਗੁਰਦੇਵ ਸਿੰਘ ਗੱਗੋਮਾਲ ਅਤੇ ਕੰਡਾਰਾ ਸਿੰਘ ਭੋਏਵਾਲ ਸਮੇਤ ਹੋਰ ਆਗੂ ਹਾਜ਼ਰ ਸਨ। ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜਬਰੀ ਬੰਦ ਕਰਵਾਏ ਬੈਂਕ, ਕਈ ਥਾਵਾਂ ’ਤੇ ਰਹੇ ਖੁੱਲ੍ਹੇ ਅੰਮ੍ਰਿਤਸਰ, (ਰਾਜੇਸ਼ ਕੁਮਾਰ ਸ਼ਰਮਾ)-ਮਾਨਸਾ ’ਚ ਪਰਵਿੰਦਰ ਸਿੰਘ ਝੋਟਾ ਦੇ ਕਤਲਕਾਂਡ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸਦਾ ਅਸਰ ਅੰਮ੍ਰਿਤਸਰ ’ਚ ਵੀ ਦੇਖਣ ਨੂੰ ਮਿਲਿਆ। ਜਥੇਬੰਦੀਆਂ ਵਲੋਂ ਬੰਦ ਨੂੰ ਸਫਲ ਬਣਾਉਣ ਲਈ ਕਈ ਥਾਂਵਾਂ ’ਤੇ ਧਰਨੇ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਸਥਾਨਕ ਬੱਸ ਸਟੈਂਡ ਨਜ਼ਦੀਕ ਪ੍ਰਦਰਸ਼ਨਕਾਰੀਆਂ ਵਲੋਂ ਜਬਰੀ ਬੈਂਕ ਬੰਦ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਦਰਸ਼ਨਕਾਰੀ ਬੈਂਕ ਅੰਦਰ ਦਾਖ਼ਲ ਹੁੰਦੇ ਹਨ ਅਤੇ ਮੁਲਾਜ਼ਮਾਂ ਨੂੰ ਜਬਰੀ ਬੈਂਕ ਬੰਦ ਕਰਨ ਲਈ ਕਹਿੰਦੇ ਹਨ। ਇਸਦੇ ਨਾਲ ਹੀ ਉੱਥੇ ਕੰਮਕਾਜ ਲਈ ਆਏ ਗਾਹਕਾਂ ਨੂੰ ਵੀ ਵਾਪਸ ਮੋੜ੍ਹ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਬੈਂਕ ਮੁਲਾਜ਼ਮ ਕਿਸੇ ਅਣਸੁਖਾਵੀਂ ਘਟਨਾ ਦੇ ਡਰ ਤੋਂ ਬੈਂਕ ਦੇ ਸ਼ਟਰ ਬੰਦ ਕਰ ਦਿੰਦੇ ਹਨ। ਇਸ ਤੋਂ ਇਲਾਵਾ ਕਈ ਥਾਂਵਾਂ ’ਤੇ ਸਰਕਾਰੀ ਤੇ ਨਿੱਜੀ ਬੈਂਕ ਪੂਰੀ ਤਰ੍ਹਾਂ ਖੁੱਲੇ ਰਹੇ ਅਤੇ ਗਾਹਕਾਂ ਦੀ ਆਵਾਜਾਈ ਜਾਰੀ ਰਹੀ। ਪੈਟਰੋਲ ਪੰਪਾਂ ’ਤੇ ਵੀ ਬੰਦ ਦਾ ਅਸਰ ਰਿਹਾ ਮਿਲਿਆ-ਜੁਲਿਆ : ਬੰਦ ਦਾ ਅਸਰ ਪੈਟਰੋਲ ਪੰਪਾਂ ’ਤੇ ਮਿਲਿਆ-ਜੁਲਿਆ ਦੇਖਣ ਨੂੰ ਰਿਹਾ। ਸ਼ਹਿਰ ਦੇ ਕਈ ਥਾਂਵਾਂ ’ਤੇ ਪੈਟਰੋਲ ਪੰਪਾਂ ਨੂੰ ਬੰਦ ਕੀਤਾ ਹੋਇਆ ਸੀ ਅਤੇ ਕਈਆਂ ‘ਤੇ ਆਵਾਜਾਈ ਲੱਗੀ ਹੋਈ ਸੀ। ਦਮਦਮੀ ਟਕਸਾਲ ਦੇ ਨੌਜਵਾਨਾਂ ਨੇ ਮਾਨਾਂਵਾਲਾ ਵਿਖੇ ਕੋਚਰ ਬਿਜਨੈਸ ਪਾਰਕ, ਬੈਸਟ ਪ੍ਰਾਇਜ, ਦੁਕਾਨਾਂ, ਸਕੂਲ ਤੇ ਬੈਂਕ ਬੰਦ ਕਰਵਾਏ ਮਾਨਾਂਵਾਲਾ, (ਗੁਰਦੀਪ ਸਿੰਘ ਨਾਗੀ)-ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਤੋਂ ਬਾਅਦ ਵੱਖ -ਵੱਖ ਜਥੇਬੰਦੀਆਂ ਵਲੋਂ ਐਲਾਨੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਜਿਆਦਾਤਰ ਇਲਾਕਿਆਂ ਵਿਚ ਦੁਕਾਨਾਂ ਆਦਿ ਬੰਦ ਰਹੀਆਂ ਪਰ ਕਸਬਾ ਮਾਨਾਂਵਾਲਾ ਵਿਖੇ ਦਮਦਮੀ ਟਕਸਾਲ ਨਾਲ ਜੁੜੇ ਨੌਜਵਾਨ ਲਖਵਿੰਦਰ ਸਿੰਘ , ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਜਗਦੀਸ਼ ਸਿੰਘ, ਗੁਰਵਿੰਦਰ ਸਿੰਘ ਝੀਤਾ ਕਲਾਂ, ਭਾਈ ਸਰਵਣ ਸਿੰਘ ਤੇ ਉਸ ਦੇ ਸਾਥੀਆਂ ਨੇ ਕੁਝ ਦੁਕਾਨਦਾਰਾਂ ਵਲੋਂ ਦੁਕਾਨਾਂ ਖੋਲ੍ਹਣ ਦਾ ਵਿਰੋਧ ਕੀਤਾ ਅਤੇ ਪ੍ਰੇਮ ਭਾਵ ਨਾਲ ਗੱਲਬਾਤ ਕਰਕੇ ਦੁਕਾਨਾਂ ਬੰਦ ਕਰਵਾਈਆਂ। ਉਨ੍ਹਾਂ ਕਿਹਾ ਕਿ ਮਾਨਸਾ ਵਿਚ ਨਸ਼ੇ ਬੰਦ ਕਰਵਾਉਣ ਵਾਲੀ ਵੱਡੀ ਲੜਾਈ ਲੜ੍ਹਦਿਆਂ ਸ਼ਹੀਦ ਹੋਏ ਪਰਮਿੰਦਰ ਸਿੰਘ ਝੋਟਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਖਾਤਰ ਸ਼ਹੀਦੀ ਪ੍ਰਾਪਤ ਕੀਤੀ ਹੈ, ਸੋ ਸਾਨੂੰ ਸਭ ਨੂੰ ਇਕ ਦਿਨ ਪਰਮਿੰਦਰ ਸਿੰਘ ਝੋਟਾ ਵਾਸਤੇ ਕੁਰਬਾਨ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਭਾਵੇ ਅੱਜ ਨਿੱਜੀ ਤੌਰ ’ਤੇ ਸਾਰੇ ਬਜ਼ਾਰ ਆਦਿ ਬੰਦ ਰਹੇ ਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ ਅਤੇ ਬੈਂਕ ਵੀ ਖੁੱਲੇ ਹੋਣ ਕਰਕੇ ਲਖਵਿੰਦਰ ਸਿੰਘ ਨੇ ਸਾਥੀਆਂ ਸਮੇਤ ਸਕੂਲ ਬੈਂਕ ਦੇ ਸਟਾਫ਼ ਤੇ ਨਾਲ ਕੀਤੀ ਤਾਂ ਉਨ੍ਹਾਂ ਵੀ ਬੰਦ ਦਾ ਸਮਰਥਨ ਕਰਨ ਭਰੋਸਾ ਦਿੱਤਾ ਅਤੇ ਸਕੂਲ ਬੰਦ ਕਰ ਦਿੱਤਾ। ਇਸ ਮੌਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਤੇ ਨਾਅਰੇਬਾਜੀ ਵੀ ਕੀਤੀ ਗਈ। ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂ ਕਰਮਜੀਤ ਸਿੰਘ ਨੰਗਲੀ ਸਾਥੀਆਂ ਸਮੇਤ ਗ੍ਰਿਫ਼ਤਾਰ ਵੇਰਕਾ, (ਲਖਵਿੰਦਰ ਸਿੰਘ)- ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਤੋਂ ਬਾਅਦ ਦਿੱਤੀ ਗਈ ‘ਪੰਜਾਬ ਬੰਦ’ ਦੀ ਕਾਲ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਪੂਰਨ ਰੋਸ ਜਤਾਇਆ ਗਿਆ। ਇਸੇ ਤਹਿਤ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਮੌਕੇ ’ਤੇ ਪਹੁੰਚੀ ਭਾਰੀ ਪੁਲਿਸ ਨਫ਼ਰੀ ਨੇ ਕਿਸਾਨਾਂ ਨੂੰ ਆਵਾਜਾਈ ਠੱਪ ਕਰਨ ਤੋਂ ਰੋਕਦਿਆਂ ਹਿਰਾਸਤ ਵਿਚ ਲੈ ਲਿਆ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਕਿਸੇ ਵੀ ਕੀਮਤ ’ਤੇ ਆਮ ਜਨਤਾ ਲਈ ਰਸਤੇ ਬੰਦ ਨਹੀਂ ਕਰਨ ਦਿੱਤੇ ਜਾਣਗੇ ਅਤੇ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣਾ ਜ਼ਰੂਰੀ ਹੈ। ਇਸ ਦੌਰਾਨ ਪੁਲਿਸ ਵਲੋਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਸਮੇਤ ਕਈ ਹੋਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਗੱਡੀ ਵਿਚ ਬਿਠਾ ਕੇ ਛੇਹਰਟਾ ਥਾਣੇ ਲਿਜਾਇਆ ਗਿਆ। ਕਿਸਾਨ ਆਗੂਆਂ ਨੇ ਗ੍ਰਿਫ਼ਤਾਰੀ ਦੌਰਾਨ ਆਖਿਆ ਕਿ ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਅਤੇ ਇਨਸਾਫ਼ ਦੀ ਮੰਗ ਲਈ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਾ, ਉਨ੍ਹਾਂ ਦਾ ਜਮਹੂਰੀ ਹੱਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਧੱਕੇਸ਼ਾਹੀ ਨਾਲ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦਾ ਹੈ, ਪਰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਬਾਅਦ ਦੁਪਹਿਰ ਰਿਹਾਅ ਕਰ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਲ ਰੋਡ ਜਗ੍ਹਾ ਦੀ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ’ਚ ਅੱਜ ਹੋਵੇਗੀ ਨਿਸ਼ਾਨਦੇਹੀ ਅਗਲੀ ਖ਼ਬਰ ਗੁਰੂ ਨਗਰੀ ’ਚ ਬੰਦ ਦੌਰਾਨ ਪੁਲਿਸ ਨੇ ਸੁਰੱਖਿਆ ਦੇ ਕੀਤੇ ਵਿਆਪਕ ਪ੍ਰਬੰਧ 1500 ਪੁਲਿਸ ਅਮਨ ਕਾਨੂੰਨ ਦੀ ਡਿਊਟੀ ’ਤੇ ਤਾਇ...
Ad Position 24