ਥਾਣਾ ਸੁਲਤਾਨਵਿੰਡ ਦੇ ਫਲਾਈਓਵਰ ’ਤੇ ਝੋਨੇ ਨਾਲ ਭਰਿਆ ਟਰਾਲਾ ਪਲਟਿਆ, ਥਾਣੇ ਦੀ ਛੱਤ ’ਤੇ ਡਿੱਗੀਆਂ ਬੋਰੀਆਂ
ਸੁਲਤਾਨਵਿੰਡ, 14 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਅੱਜ ਤੜਕਸਾਰ ਥਾਣਾ ਸੁਲਤਾਨਵਿੰਡ ਦੇ ਫਲਾਈਓਵਰ ਪੁਲ ’ਤੇ ਝੋਨੇ ਨਾਲ ਲੱਦਿਆ ਇਕ ਟਰਾਲਾ ਮੋੜ ਕੱਟਦੇ ਸਮੇਂ ਅਚਾਨਕ ਪਲਟ ਗਿਆ। ਹਾਦਸਾ ਇੰਨਾ ਜ਼ੋਰਦਾਰ ਸੀ ਕਿ ਟਰਾਲੇ ਵਿਚ ਲੱਦੀਆਂ ਝੋਨੇ ਦੀਆਂ ਬੋਰੀਆਂ ਪੁਲ ਤੋਂ ਹੇਠਾਂ ਸਥਿਤ ਪੁਲਿਸ ਥਾਣਾ ਸੁਲਤਾਨਵਿੰਡ ਦੀ ਇਮਾਰਤ ਉੱਪਰ ਜਾ ਡਿੱਗੀਆਂ।
ਸੁਲਤਾਨਵਿੰਡ, 14 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਅੱਜ ਤੜਕਸਾਰ ਥਾਣਾ ਸੁਲਤਾਨਵਿੰਡ ਦੇ ਫਲਾਈਓਵਰ ਪੁਲ ’ਤੇ ਝੋਨੇ ਨਾਲ ਲੱਦਿਆ ਇਕ ਟਰਾਲਾ ਮੋੜ ਕੱਟਦੇ ਸਮੇਂ ਅਚਾਨਕ ਪਲਟ ਗਿਆ। ਹਾਦਸਾ ਇੰਨਾ ਜ਼ੋਰਦਾਰ ਸੀ ਕਿ ਟਰਾਲੇ ਵਿਚ ਲੱਦੀਆਂ ਝੋਨੇ ਦੀਆਂ ਬੋਰੀਆਂ ਪੁਲ ਤੋਂ ਹੇਠਾਂ ਸਥਿਤ ਪੁਲਿਸ ਥਾਣਾ ਸੁਲਤਾਨਵਿੰਡ ਦੀ ਇਮਾਰਤ ਉੱਪਰ ਜਾ ਡਿੱਗੀਆਂ। ਇਸ ਕਾਰਨ ਥਾਣੇ ਦੇ ਬਾਹਰ ਖੜ੍ਹੇ ਵਾਹਨਾਂ ਦਾ ਨੁਕਸਾਨ ਹੋ ਗਿਆ। ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਵਿਅਕਤੀ ਜਾਂ ਰਾਹਗੀਰ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਤ ਦੀ ਡਿਊਟੀ ’ਤੇ ਤਾਇਨਾਤ ਏ.ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5 ਵਜੇ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਇਕ ਟਰਾਲਾ ਤਰਨਤਾਰਨ ਵਾਲੇ ਪਾਸਿਓਂਂ ਅੰਮ੍ਰਿਤਸਰ ਸ਼ਹਿਰ ਵੱਲ ਆ ਰਿਹਾ ਸੀ। ਜਦੋਂ ਟਰਾਲਾ ਥਾਣਾ ਸੁਲਤਾਨਵਿੰਡ ਦੇ ਫਲਾਈਓਵਰ ਪੁਲ ’ਤੇ ਪਹੁੰਚਿਆ ਅਤੇ ਮੋੜ ਕੱਟਣ ਲੱਗਾ ਤਾਂ ਉਹ ਅਚਾਨਕ ਸੰਤੁਲਨ ਗੁਆ ਬੈਠਾ ਅਤੇ ਪਲਟ ਗਿਆ। ਟਰਾਲੇ ਦੇ ਪਲਟਣ ਕਾਰਨ ਉਸ ਵਿਚ ਲੱਦੀਆਂ ਝੋਨੇ ਦੀਆਂ ਬੋਰੀਆਂ ਪੁਲ ਤੋਂ ਹੇਠਾਂ ਥਾਣੇ ਦੀ ਇਮਾਰਤ ਉੱਪਰ ਆ ਡਿੱਗੀਆਂ। ਹਾਦਸੇ ਕਾਰਨ ਥਾਣੇ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਸਵੇਰ ਦਾ ਸਮਾਂ ਹੋਣ ਕਰਕੇ ਵੱਡੀ ਗਿਣਤੀ ਵਿਚ ਲੋਕਾਂ ਦੀ ਆਵਾਜਾਈ ਸ਼ੁਰੂ ਨਹੀਂ ਹੋਈ ਸੀ, ਜਿਸ ਕਾਰਨ ਕਿਸੇ ਰਾਹਗੀਰ ਦੇ ਹਾਦਸੇ ਦੀ ਲਪੇਟ ਵਿਚ ਆਉਣ ਤੋਂ ਬਚਾਅ ਰਿਹਾ। ਹਾਲਾਂਕਿ, ਇਸ ਘਟਨਾ ਕਾਰਨ ਇਲਾਕੇ ਵਿਚ ਹਲਚਲ ਮਚ ਗਈ। ਏ.ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਸ਼ਾਮਲ ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਪੁਲਿਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸਾਗ੍ਰਸਤ ਟਰਾਲੇ ਦਾ ਨੰਬਰ ਐੱਚ.ਆਰ. 56 ਏ 8298 ਦੱਸਿਆ ਗਿਆ ਹੈ। ਇਸ ਘਟਨਾ ਨੇ ਇਕ ਵਾਰ ਫਿਰ ਫਲਾਈਓਵਰ ’ਤੇ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਲੋੜ ਨੂੰ ਉਜਾਗਰ ਕੀਤਾ ਹੈ। ਖ਼ਾਸ ਕਰਕੇ ਭਾਰੀ ਵਾਹਨਾਂ ਦੇ ਚਾਲਕਾਂ ਨੂੰ ਮੋੜ ਕੱਟਦੇ ਸਮੇਂ ਵਾਹਨ ਦੀ ਰਫ਼ਤਾਰ ਅਤੇ ਸੰਤੁਲਨ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।