ਸੀ.ਕੇ.ਡੀ. ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਬੀ.ਐੱਸ.ਸੀ ਵਿਦਿਆਰਥੀਆਂ ਨੇ ਨਤੀਜਿਆਂ ਵਿਚ ਮਾਰੀਆਂ ਸ਼ਾਨਦਾਰ ਮੱਲਾਂ
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੀ. ਕੇ.
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੀ.ਕੇ.ਡੀ. ਇੰਟਰਨੈਸ਼ਨਲ ਨਰਸਿੰਗ ਕਾਲਜ ਝਬਾਲ ਰੋਡ ਵਲੋਂ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨ ਲਈ ਬੀ.ਐੱਸ.ਸੀ ਨਰਸਿੰਗ ਸਮੈਸਟਰ 1 ਅਤੇ ਸਮੈਸਟਰ 7 ਵਿਚ ਚੰਗੇ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਕਾਲਜ ਪ੍ਰਿੰਸੀਪਲ ਡਾ. ਯਸ਼ਪ੍ਰੀਤ ਕੌਰ ਨੇ ਦੱਸਿਆ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਲੋਂ ਕਰਵਾਏ ਗਏ ਫਾਈਨਲ ਇਮਤਿਹਾਨਾਂ ਵਿਚ ਡਿਸਟਿੰਕਸ਼ਨ ਹਾਸਿਲ ਕਰਨ ਵਾਲੇ ਅਤੇ 75 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੀ.ਐੱਸ.ਸੀ. ਨਰਸਿੰਗ ਦੇ ਸਮੈਸਟਰ 1 ਅਤੇ ਸਮੈਸਟਰ 7 ਦਾ ਨਤੀਜਾ 100 ਫ਼ੀਸਦੀ ਰਿਹਾ। ਕੁੱਲ 60 ਵਿਦਿਆਰਥੀਆਂ ਵਿਚੋਂ 25 ਵਿਦਿਆਰਥੀਆਂ ਨੇ ਡਿਸਟਿੰਕਸ਼ਨ ਹਾਸਿਲ ਕਰਕੇ ਕਾਲਜ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਸੈਸ਼ਨ 2026 ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਸੀਨੀਅਰ ਅਤੇ ਜੂਨੀਅਰ ਵਿਦਿਆਰਥੀਆਂ ਨੂੰ ਰੈਗਿੰਗ ਤੋਂ ਦੂਰ ਰਹਿਣ ਅਤੇ ਆਪਸੀ ਪਿਆਰ, ਸਤਿਕਾਰ ਤੇ ਸਹਿਯੋਗ ਨਾਲ ਰਹਿਣ ਦੀ ਪ੍ਰੇਰਣਾ ਦਿੱਤੀ। ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਭੇਜੇ ਵਧਾਈ ਸੰਦੇਸ਼ ਵਿਚ ਵਿਦਿਆਰਥੀਆਂ ਦੀ ਸਫਲਤਾ ਦਾ ਸਿਹਰਾ ਕਾਲਜ ਪ੍ਰਬੰਧਕਾਂ ਦੀ ਅਗਵਾਈ ਹੇਠ ਪ੍ਰਿੰਸੀਪਲ ਡਾ. ਯਸ਼ਪ੍ਰੀਤ ਕੌਰ ਅਤੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਸਮਰਪਣ ਨੂੰ ਦਿੱਤਾ। ਕਾਲਜ ਚੇਅਰਮੈਨ ਡਾ. ਆਤਮਜੀਤ ਸਿੰਘ ਬਸਰਾ ਨੇ ਕਿਹਾ ਕਿ ਅਸਲ ਸਫ਼ਲਤਾ ਸਿਰਫ਼ ਚੰਗੇ ਅੰਕ ਹਾਸਿਲ ਕਰਨ ਵਿਚ ਨਹੀਂ, ਸਗੋਂ ਗਿਆਨ ਨੂੰ ਮਨੁੱਖਤਾ ਦੀ ਸੇਵਾ ਵਿਚ ਲਗਾਉਣ ਵਿਚ ਹੈ। ਉਨ੍ਹਾਂ ਕਿਹਾ ਕਿ ਨਰਸਿੰਗ ਇਕ ਅਜਿਹਾ ਕਿੱਤਾ ਹੈ, ਜਿਸ ਵਿਚ ਗਿਆਨ ਦੇ ਨਾਲ ਸੇਵਾ, ਸੰਵੇਦਨਾ, ਅਨੁਸ਼ਾਸਨ ਅਤੇ ਸਮਰਪਣ ਦੀ ਵੀ ਬਰਾਬਰ ਲੋੜ ਹੁੰਦੀ ਹੈ।