ਅਬੋਹਰ ਨਗਰ ਨਿਗਮ ’ਚ ਸਥਾਈ ਕਮਿਸ਼ਨਰ ਨਿਯੁਕਤ ਕੀਤਾ ਜਾਵੇ- ਮੇਅਰ ਪੂਜਾ ਵਧਵਾ
ਅਬੋਹਰ, 7 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਅਬੋਹਰ ਨਗਰ ਨਿਗਮ ਵਿਚ ਸਥਾਈ ਕਮਿਸ਼ਨਰ ਦੀ ਨਿਯੁਕਤੀ ਦਾ ਮੁੱਦਾ ਇਕ ਵਾਰ ਮੁੜ ਜ਼ੋਰ ਫੜ ਗਿਆ ਹੈ। ਅਬੋਹਰ ਦੀ ਮੇਅਰ ਪੂਜਾ ਵਧਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਗਰ ਨਿਗਮ ਵਿਚ ਜਲਦ ਤੋਂ ਜਲਦ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਲੰਬੇ ਸਮੇਂ ਤੋਂ ਪ੍ਰਭਾਵਿਤ ਹੋ ਰਹੇ ਵਿਕਾਸ ਕਾਰਜਾਂ ਅਤੇ ਪ੍ਰਸ਼ਾਸਨਿਕ ਵਿਵਸਥਾ ਨੂੰ ਰਫ਼ਤਾਰ ਮਿਲ ਸਕੇ।
ਅਬੋਹਰ, 7 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਅਬੋਹਰ ਨਗਰ ਨਿਗਮ ਵਿਚ ਸਥਾਈ ਕਮਿਸ਼ਨਰ ਦੀ ਨਿਯੁਕਤੀ ਦਾ ਮੁੱਦਾ ਇਕ ਵਾਰ ਮੁੜ ਜ਼ੋਰ ਫੜ ਗਿਆ ਹੈ। ਅਬੋਹਰ ਦੀ ਮੇਅਰ ਪੂਜਾ ਵਧਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਗਰ ਨਿਗਮ ਵਿਚ ਜਲਦ ਤੋਂ ਜਲਦ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਲੰਬੇ ਸਮੇਂ ਤੋਂ ਪ੍ਰਭਾਵਿਤ ਹੋ ਰਹੇ ਵਿਕਾਸ ਕਾਰਜਾਂ ਅਤੇ ਪ੍ਰਸ਼ਾਸਨਿਕ ਵਿਵਸਥਾ ਨੂੰ ਰਫ਼ਤਾਰ ਮਿਲ ਸਕੇ। ਮੇਅਰ ਪੂਜਾ ਵਧਵਾ ਨੇ ਅਬੋਹਰ ਨਗਰ ਨਿਗਮ ਵਿਚ ਸਥਾਈ ਕਮਿਸ਼ਨਰ ਦੀ ਨਿਯੁਕਤੀ ਨਾ ਹੋਣ ਦਾ ਮਾਮਲਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਸਾਹਮਣੇ ਵੀ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਦੱਸਿਆ ਕਿ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਤੱਕ ਨਗਰ ਨਿਗਮ ਵਿਚ ਕਮਿਸ਼ਨਰ ਦੀ ਨਿਯੁਕਤੀ ਨਹੀਂ ਕੀਤੀ ਗਈ। ਇਸ ਸਮੇਂ ਵਾਧੂ ਚਾਰਜ ਰਾਹੀਂ ਪ੍ਰਬੰਧ ਚਲਾਏ ਜਾਣ ਕਾਰਨ ਰੋਜ਼ਾਨਾ ਦੇ ਪ੍ਰਸ਼ਾਸਨਿਕ ਕੰਮਾਂ ਦੇ ਨਾਲ-ਨਾਲ ਵਿਕਾਸ ਅਤੇ ਜਨਤਕ ਸਹੂਲਤਾਂ ਨਾਲ ਸਬੰਧਿਤ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਮੇਅਰ ਪੂਜਾ ਵਧਵਾ ਨੇ ਕਿਹਾ ਕਿ ਨਗਰ ਨਿਗਮ ਵਰਗੀ ਮਹੱਤਵਪੂਰਨ ਸਥਾਨਕ ਸੰਸਥਾ ਨੂੰ ਲੰਬੇ ਸਮੇਂ ਤੱਕ ਕਮਿਸ਼ਨਰ ਤੋਂ ਬਿਨਾਂ ਚਲਾਉਣਾ ਸ਼ਹਿਰ ਦੇ ਹਿਤ ਵਿਚ ਨਹੀਂ ਹੈ। ਅਧਿਕਾਰੀਆਂ ਕੋਲ ਵਾਧੂ ਚਾਰਜ ਹੋਣ ਕਾਰਨ ਪ੍ਰਸ਼ਾਸਨਿਕ ਤਰਜੀਹਾਂ ’ਚ ਅਬੋਹਰ ਨੂੰ ਲੋੜੀਂਦਾ ਸਮਾਂ ਤੇ ਧਿਆਨ ਨਹੀਂ ਮਿਲ ਪਾ ਰਿਹਾ। ਇਸ ਦਾ ਸਿੱਧਾ ਅਸਰ ਸ਼ਹਿਰ ਦੇ ਵਿਕਾਸ ਕਾਰਜਾਂ, ਸਫ਼ਾਈ ਪ੍ਰਬੰਧ, ਨਾਗਰਿਕ ਸਹੂਲਤਾਂ ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਸਿਆਸੀ ਪਾਰਟੀ ਜਾਂ ਵਿਅਕਤੀ ਦਾ ਮੁੱਦਾ ਨਹੀਂ, ਸਗੋਂ ਅਬੋਹਰ ਦੇ ਲੱਖਾਂ ਲੋਕਾਂ ਨਾਲ ਜੁੜਿਆ ਜਨਹਿਤ ਦਾ ਮਾਮਲਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਿਆਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਅਬੋਹਰ ਨਗਰ ਨਿਗਮ ਵਿਚ ਨਿਯਮਤ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾਵੇ। ਮੇਅਰ ਨੇ ਇਹ ਵੀ ਕਿਹਾ ਕਿ ਵਿਧਾਇਕ ਸੰਦੀਪ ਜਾਖੜ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਵਿਚ ਇਹ ਮਾਮਲਾ ਉਠਾ ਚੁੱਕੇ ਹਨ ਤੇ ਕਈ ਵਾਰ ਸਰਕਾਰ ਨੂੰ ਪੱਤਰ ਭੇਜ ਕੇ ਅਬੋਹਰ ਨਗਰ ਨਿਗਮ ਵਿਚ ਸਥਾਈ ਕਮਿਸ਼ਨਰ ਦੀ ਨਿਯੁਕਤੀ ਦੀ ਮੰਗ ਕਰ ਚੁੱਕੇ ਹਨ। ਮੇਅਰ ਪੂਜਾ ਵਧਵਾ ਨੇ ਕਿਹਾ ਕਿ ਅਬੋਹਰ ਨੂੰ ਸਥਾਈ ਪ੍ਰਸ਼ਾਸਨਿਕ ਵਿਵਸਥਾ ਮਿਲਣਾ ਜ਼ਰੂਰੀ ਹੈ ਅਤੇ ਸਰਕਾਰ ਨੂੰ ਇਸ ਮੰਗ ’ਤੇ ਤੁਰੰਤ ਫ਼ੈਸਲਾ ਲੈਣਾ ਚਾਹੀਦਾ ਹੈ।