ਅੰਗਹੀਣ ਯੂਨੀਅਨ ਨੇ ਵਿਧਾਇਕ ਜਗਦੀਪ ਕੰਬੋਜ ਕੋਲ ਵਿਧਾਨ ਸਭਾ ਸੈਸ਼ਨ ’ਚ ਅੰਗਹੀਣਾਂ ਦੀ ਆਵਾਜ਼ ਚੁੱਕਣ ਦੀ ਕੀਤੀ ਅਪੀਲ
ਜਲਾਲਾਬਾਦ, 6 ਅਕਤੂਬਰ (ਜਤਿੰਦਰ ਪਾਲ ਸਿੰਘ)-ਅੰਗਹੀਣ ਯੂਨੀਅਨ ਪੰਜਾਬ ਬਲਾਕ ਜਲਾਲਾਬਾਦ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਟਿਵਾਣਾ ਦੀ ਅਗਵਾਈ ਹੇਠ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਬੀਤੇ ਦਿਨੀਂ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਆਗੂਆਂ ਨੇ ਵਿਧਾਇਕ ਨੂੰ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਅੰਗਹੀਣ ਵਰਗ ਦੀ ਪੈਨਸ਼ਨ ਰਾਸ਼ੀ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਅਜੇ ਤੱਕ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ।
ਜਲਾਲਾਬਾਦ, 6 ਅਕਤੂਬਰ (ਜਤਿੰਦਰ ਪਾਲ ਸਿੰਘ)-ਅੰਗਹੀਣ ਯੂਨੀਅਨ ਪੰਜਾਬ ਬਲਾਕ ਜਲਾਲਾਬਾਦ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਟਿਵਾਣਾ ਦੀ ਅਗਵਾਈ ਹੇਠ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਬੀਤੇ ਦਿਨੀਂ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਆਗੂਆਂ ਨੇ ਵਿਧਾਇਕ ਨੂੰ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਅੰਗਹੀਣ ਵਰਗ ਦੀ ਪੈਨਸ਼ਨ ਰਾਸ਼ੀ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਅਜੇ ਤੱਕ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਆਗੂਆਂ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਅੰਗਹੀਣ ਵਿਅਕਤੀਆਂ ਲਈ ਰਾਖਵੇਂ 4 ਫ਼ੀਸਦੀ ਬੈਕਲਾਗ ਕੋਟੇ ਦੀਆਂ ਅਸਾਮੀਆਂ ਨੂੰ ਤੁਰੰਤ ਭਰਨ, ਲੰਬੇ ਸਮੇਂ ਤੋਂ ਲਟਕਦੀਆਂ ਹੋਰ ਮੰਗਾਂ ਦਾ ਨਿਪਟਾਰਾ ਕਰਨ ਅਤੇ ਅੰਗਹੀਣ ਵਰਗ ਨੂੰ ਬਣਦੇ ਹੱਕ ਦੇਣ ਦੀ ਮੰਗ ਕੀਤੀ। ਯੂਨੀਅਨ ਆਗੂਆਂ ਨੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਦੇ ਅੰਗਹੀਣ ਵਰਗ ਨਾਲ ਸਬੰਧਿਤ ਮਸਲੇ ਨੂੰ ਗੰਭੀਰਤਾ ਨਾਲ ਸਦਨ ਵਿਚ ਉਠਾਇਆ ਜਾਵੇ, ਤਾਂ ਜੋ ਸਰਕਾਰ ਦਾ ਧਿਆਨ ਇਸ ਵਰਗ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਵੱਲ ਖਿੱਚਿਆ ਜਾ ਸਕੇ ਅਤੇ ਸਮਾਂ ਰਹਿੰਦੇ ਇਨ੍ਹਾਂ ਦਾ ਹੱਲ ਹੋ ਸਕੇ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵਲ਼ੋਂ ਦਿੱਤਾ ਗਿਆ ਮੰਗ ਪੱਤਰ ਕਾਰਵਾਈ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੰਗਹੀਣ ਵਰਗ ਦੀਆਂ ਅਹਿਮ ਮੰਗਾਂ ਨੂੰ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ਵਿਚ ਉਠਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਬਲਾਕ ਪ੍ਰਧਾਨ ਕ੍ਰਿਸ਼ਨ ਟਿਵਾਣਾ, ਵਾਈਸ ਪ੍ਰਧਾਨ ਖੰਡਨ ਸਿੰਘ, ਪੈੱ੍ਰਸ ਸਕੱਤਰ ਰਾਜ ਸਿੰਘ, ਕੈਸ਼ੀਅਰ ਸੁਰਿੰਦਰ ਸਿੰਘ ਸੰਤੋਖਾਂ, ਪਰਮਜੀਤ ਸਿੰਘ ਗੈਰ ਆਬਾਦ ਦੁੱਲੇ ਕੀ, ਅੰਗਰੇਜ਼ ਸਿੰਘ ਢੰਡੀ ਖ਼ੁਰਦ, ਸਲਾਹਕਾਰ ਲਵਪ੍ਰੀਤ ਕੰਬੋਜ, ਮੈਂਬਰ ਸੁਖਚੈਨ ਸਿੰਘ, ਬਾਲ ਕ੍ਰਿਸ਼ਨ ਗੁਮਾਨੀ ਵਾਲਾ, ਸੋਨੂੰ ਸਿੰਘ, ਧਰਮਾ ਸਿੰਘ, ਸੋਨੂੰ ਸੁਆਹ ਵਾਲਾ , ਮੰਗਲ ਸਿੰਘ ਮੋਹਣੇ ਵਾਲਾ, ਨਵਜੋਤ ਸਿੰਘ ਜਲਾਲਾਬਾਦ ਆਦਿ ਹਾਜ਼ਰ ਸਨ।