ਏਮਜ਼ ਬਠਿੰਡਾ ’ਚ ਐਮ.ਬੀ.ਬੀ.ਐਸ. ਦਾਖਲਾ ਹਾਸਿਲ ਕਰਨ ਵਾਲੀ ਅਨਮੋਲਪ੍ਰੀਤ ਦਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਸਨਮਾਨ
ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਵੀ ਪ੍ਰਸ਼ੰਸਾ ਪੱਤਰ
ਫ਼ਿਰੋਜ਼ਪੁਰ, 27 ਅਗਸਤ (ਗੁਰਿੰਦਰ ਸਿੰਘ)-ਏਮਸ ਬਠਿੰਡਾ ਵਿਚ ਐਮ. ਬੀ.
ਫ਼ਿਰੋਜ਼ਪੁਰ, 27 ਅਗਸਤ (ਗੁਰਿੰਦਰ ਸਿੰਘ)-ਏਮਸ ਬਠਿੰਡਾ ਵਿਚ ਐਮ.ਬੀ.ਬੀ.ਐਸ. ਵਿਚ ਦਾਖਲਾ ਹਾਸਿਲ ਕਰਕੇ ਮਾਪਿਆਂ ਅਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ਵਾਲੀ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਦੀ ਹੋਣਹਾਰ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੂੰ ਉਸ ਦੀ ਮਾਣਮੱਤੀ ਪ੍ਰਾਪਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥਣ ਦੀ ਸਫ਼ਲਤਾ ’ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਉਨ੍ਹਾਂ ਦੀ ਮਿਹਨਤ ਨੂੰ ਮਾਨਤਾ ਦਿੱਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਅਮਨਦੀਪ ਕੌਰ ਨੇ ਅਨਮੋਲਪ੍ਰੀਤ ਨੂੰ ਸਨਮਾਨਿਤ ਕਰਦਿਆਂ ਉਸ ਨੂੰ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕਮ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਅਨਮੋਲਪ੍ਰੀਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਉਸ ਦੀ ਮਿਹਨਤ ਅਤੇ ਅਨੁਸ਼ਾਸਨ ਦੇ ਨਾਲ-ਨਾਲ ਅਧਿਆਪਕਾਂ ਵਲੋਂ ਕੀਤੀ ਯੋਗ ਅਗਵਾਈ ਤੇ ਨਿਰੰਤਰ ਸਹਿਯੋਗ ਦਾ ਨਤੀਜਾ ਹੈ। ਪਿੰਡ ਕਾਲੀਏ ਵਾਲਾ ਦੇ ਸਧਾਰਨ ਪਰਿਵਾਰ ਦੀ ਧੀ ਅਨਮੋਲਪ੍ਰੀਤ ਨੇ ਆਪਣੀ ਸਫ਼ਲਤਾ ਦਾ ਸਿਹਰਾ ਸਕੂਲ ਦੇ ਅਧਿਆਪਕਾਂ ਦੀ ਪ੍ਰੇਰਨਾ, ਮਾਰਗਦਰਸ਼ਨ ਅਤੇ ਸਹਿਯੋਗ ਨੂੰ ਦਿੰਦਿਆਂ ਸਾਬਕਾ ਪ੍ਰਿੰਸੀਪਲ ਚਮਕੌਰ ਸਿੰਘ ਸਰਾਂ, ਵਾਈਸ ਪ੍ਰਿੰਸੀਪਲ ਸੁਕ੍ਰਿਤੀ ਸ਼ਰਮਾ, ਲੈਕਚਰਾਰ ਗਿੰਨੀ ਬਾਂਸਲ, ਗੁਰਪ੍ਰੀਤ ਕੌਰ, ਸ਼ਾਈਨਾ ਕੱਕੜ ਅਤੇ ਸੀਮਾ ਰਾਣੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਸ ਨੇ ਦਕਸ਼ਨਾ ਫਾਊਂਡੇਸ਼ਨ ਪੁਣੇ ਵਲੋਂ ਪ੍ਰਦਾਨ ਕੀਤੀ ਮੁਫ਼ਤ ਕੋਚਿੰਗ ਨੂੰ ਵੀ ਆਪਣੀ ਸਫ਼ਲਤਾ ਵਿਚ ਅਹਿਮ ਯੋਗਦਾਨ ਦੱਸਿਆ।ਵਿਦਿਆਰਥਣ ਦੀ ਇਸ ਉਪਲਬਧੀ ਵਿਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦੀ ਮਿਹਨਤ ਨੂੰ ਮਾਨਤਾ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਨੂੰ ਵੀ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਨਮੋਲਪ੍ਰੀਤ ਦੇ ਪਿਤਾ ਜਗਜੀਤ ਸਿੰਘ ਸਮੇਤ ਲੈਕਚਰਾਰ ਮਿੰਕਲ, ਹਰਜਿੰਦਰ ਸਿੰਘ, ਨਵਿੰਦਰ ਸਿੰਘ ਮਨੀ ਕੰਬੋਜ ਅਤੇ ਡੀ.ਪੀ.ਈ. ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।