ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਆਗੂ ਸੁਖਦੇਵ ਸਿੰਘ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ
ਬਟਾਲਾ, 28 ਅਕਤੂਬਰ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਸੂਬਾ ਯੂਥ ਪ੍ਰਧਾਨ ਅਤੇ ਹਲਕਾ ਇੰਚਾਰਜ ਕਾਦੀਆਂ ਸੁਖਦੇਵ ਸਿੰਘ ਨੂੰ ਸੇਖਵਾਂ ਪੁਲਿਸ ਨੇ ਪਿੰਡ ਠੱਕਰ ਸੰਧੂ ਘਰ ਵਿਚ ਨਜ਼ਰਬੰਦ ਕਰ ਦਿੱਤਾ। ਇਸ ਮੌਕੇ ਸੁਖਦੇਵ ਸਿੰਘ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਹੱਕ ’ਚ ਹੋਏ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਤੋਂ ਰੋਕਣ ਲਈ ਨਜ਼ਰਬੰਦ ਕੀਤਾ ਹੈ।
ਬਟਾਲਾ, 28 ਅਕਤੂਬਰ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਸੂਬਾ ਯੂਥ ਪ੍ਰਧਾਨ ਅਤੇ ਹਲਕਾ ਇੰਚਾਰਜ ਕਾਦੀਆਂ ਸੁਖਦੇਵ ਸਿੰਘ ਨੂੰ ਸੇਖਵਾਂ ਪੁਲਿਸ ਨੇ ਪਿੰਡ ਠੱਕਰ ਸੰਧੂ ਘਰ ਵਿਚ ਨਜ਼ਰਬੰਦ ਕਰ ਦਿੱਤਾ। ਇਸ ਮੌਕੇ ਸੁਖਦੇਵ ਸਿੰਘ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਹੱਕ ’ਚ ਹੋਏ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਤੋਂ ਰੋਕਣ ਲਈ ਨਜ਼ਰਬੰਦ ਕੀਤਾ ਹੈ। ਉਨ੍ਹਾਂ ਇਸ ਕਾਰਵਾਈ ਨੂੰ ਲੋਕਤੰਤਰ ਦਾ ਗਲਾ ਘੋਟੂ ਘਟੀਆ ਸਿਆਸਤ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ‘ਆਪ’ ਸਰਕਾਰ ਤੇ ਇਸ ਦਾ ਮੁਖੀ ਭਗਵੰਤ ਮਾਨ, ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਅਗਵਾਈ ’ਚ ‘ਆਪ’ ਸਰਕਾਰ ਦੀ ਤਾਨਾਸ਼ਾਹੀ ਵਿਰੁੱਧ ਉੱਠ ਰਹੀ ਲੋਕ ਲਹਿਰ ਨੂੰ ਦਬਾਉਣ ਲਈ ਅਜਿਹਾ ਕਰ ਰਹੇ ਹਨ। ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਸੁਖਦੇਵ ਸਿੰਘ ਨੇ ਕਿਹਾ ਕਿ ਇਕ ਪਰਵਿੰਦਰ ਸਿੰਘ ਝੋਟਾ ਹੀ ਨਹੀਂ, ਹੁਣ ਮਸਲਾ ਪੰਜਾਬ ਦੇ ਉਨ੍ਹਾਂ ਸਾਰੇ ਪੁੱਤਰਾਂ ਨੂੰ ਬਚਾਉਣ ਦਾ ਹੈ, ਜੋ ਸਿਆਸੀ ਨਲਾਇਕੀ ਅਤੇ ਘਟੀਆ ਪ੍ਰਬੰਧਾਂ ਦੀ ਬਲੀ ਚਾੜ੍ਹੇ ਜਾ ਰਹੇ ਹਨ। ਸੁਖਦੇਵ ਸਿੰਘ ਨੇ ਕਿਹਾ ਕਿ ਸੰਵਿਧਾਨ ਮੁਤਾਬਕ ਲੋਕਤੰਤਰ ਵਿਚ ਆਪਣੀ ਗੱਲ ਰੱਖਣ ਅਤੇ ਕਿਸੇ ਮਾਮਲੇ ਵਿਚ ਹਮਾਇਤ ਪ੍ਰਗਟਾਉਣ ਲਈ ਸ਼ਾਂਤਮਈ ਢੰਗ ਨਾਲ ਧਰਨੇ ’ਚ ਸ਼ਾਮਲ ਹੋਣਾ ਹਰ ਨਾਗਰਿਕ ਦਾ ਹੱਕ ਹੈ, ਪਰ ਹੱਕਾਂ ਪ੍ਰਤੀ ਜਾਗਰੂਕ ਲੋਕਾਂ ਦਾ ਇਹ ਹੱਕ ਖੋਹ ਕੇ ਮੁੱਖ ਮੰਤਰੀ ਨੇ ਅੱਜ ਖੁਦ ਨੂੰ ਦੇਸ਼ ਭਗਤਾਂ ਤੇ ਕ੍ਰਾਂਤੀਕਾਰੀਆਂ ਦਾ ਵਿਰੋਧੀ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਪ ਦਾ ਘੜਾ ਭਰ ਚੁੱਕਾ ਹੈ ਤੇ ਪੰਜਾਬ ਦਾ ਬੱਚਾ-ਬੱਚਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਸਰਕਾਰੀ ਸਰਪ੍ਰਸਤੀ ਵਿਚ ਚੱਲ ਰਹੀ ਗੁੰਡਾਗਰਦੀ, ਨਸ਼ਾਖੋਰੀ, ਅਪਰਾਧ ਅਤੇ ਪੰਜਾਬ ਦੀ ਲੁੱਟ ਪ੍ਰਤੀ ਜਾਗ ਕੇ ਸਰਕਾਰ ਖ਼ਿਲਾਫ਼ ਲਾਮਬੰਦ ਹੋ ਚੁੱਕਾ ਹੈ ।