ਨੌਸ਼ਹਿਰਾ ਮੱਝਾ ਸਿੰਘ-ਏ.ਐਸ.ਆਈ. ਪ੍ਰਭਜੋਤ ਸਿੰਘ ਦਾ ਜਨਮ ਪਿਤਾ ਹਰਭਜਨ ਸਿੰਘ (ਸਾਬਕਾ ਸਰਪੰਚ) ਦੇ ਘਰ ਤੇ ਮਾਤਾ ਸੁਖਜਿੰਦਰ ਕੌਰ ਦੀ ਕੁੱਖੋਂ 21 ਮਾਰਚ 1973 ਨੂੰ ਪਿੰਡ ਦਾਨਿਆਂਵਾਲੀ ਵਿਖੇ ਹੋਇਆ। ਉਨ੍ਹਾਂ ਮੁਢੱਲੀ ਸਿੱਖਿਆ ਸਰਕਾਰੀ ਹਾਈ ਸਕੂਲ ਪਿੰਡ ਫ਼ੈਜ਼ਉਲਾਹ ਚੱਕ ਤੋਂ ਕੀਤੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਤੋਂ 12ਵੀਂ ਕਲਾਸ ਪਾਸ ਕਰਨ ਉਪਰੰਤ 1992 ਨੂੰ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਭਰਤੀ ਹੋ ਕੇ ਆਪਣੀ ਡਿਊਟੀ ਸ਼ੁਰੂ ਕੀਤੀ। ਉਨ੍ਹਾਂ ਦਾ ਵਿਆਹ 1995 ਨੂੰ ਪਿੰਡ ਮੇਤਲਾ ਵਾਸੀ ਸ: ਮਹੈਣ ਸਿੰਘ ਤੇ ਮਾਤਾ ਬੀਰ ਕੌਰ ਦੀ ਸਪੁੱਤਰੀ ਬਲਜਿੰਦਰ ਕੌਰ ਨਾਲ ਹੋਇਆ। ਪ੍ਰਭਜੋਤ ਸਿੰਘ ਦੇ ਘਰ 2 ਪੁੱਤਰ ਮਨਜੋਤ ਸਿੰਘ ਤੇ ਕਰਨਜੋਤ ਸਿੰਘ ਤੇ 3 ਧੀਆਂ ਲਵਪ੍ਰੀਤ ਕੌਰ, ਰਾਜਬੀਰ ਕੌਰ ਤੇ ਸਿਮਰਪ੍ਰੀਤ ਕੌਰ ਨੇ ਜਨਮ ਲਿਆ, ਜੋ ਉੱਚ ਵਿਦਿਆ ਪ੍ਰਾਪਤ ਕਰ ਕੇ ਆਪਣੇ ਪਰਿਵਾਰਾਂ ਵਿਚ ਚੰਗਾ ਜੀਵਨ ਬਤੀਤ ਕਰ ਰਹੇ ਹਨ। ਏ.ਐਸ.ਆਈ. ਪ੍ਰਭਜੋਤ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ ਤੇ ਗੁਰਦਾਸਪੁਰ ਵਿਖੇ ਵੱਖ-ਵੱਖ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾਈਆਂ। ਆਪਣੀ ਮਿਹਨਤ ਇਮਾਨਦਾਰੀ ਤੇ ਮਿਲਾਪੜੇ ਸੁਭਾਅ ਸਦਕਾ ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਾਥੀ ਮੁਲਾਜ਼ਮਾਂ ਵਿਚ ਵਿਸ਼ੇਸ਼ ਪਹਿਚਾਣ ਬਣਾ ਕੇ ਮੁਹਾਰਤ ਹਾਸਲ ਕੀਤੀ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਉਨ੍ਹਾਂ ਦੇ ਸਾਥੀਆਂ ਲਈ 18 ਅਕਤੂਬਰ ਦੁੱਖ ਦੀ ਘੜੀ ਸੀ, ਜਦ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸਦਾ ਲਈ ਵਿਛੋੜਾ ਦੇ ਗਏ। ਉਨ੍ਹਾਂ ਨਮਿਤ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ 27 ਅਕਤੂਬਰ ਦਿਨ ਮੰਗਲਵਾਰ ਨੂੰ 12 ਤੋਂ 2 ਵਜੇ ਤੱਕ ਉਨ੍ਹਾਂ ਦੇ ਗ੍ਰਹਿ ਪਿੰਡ ਦਾਨਿਆਂਵਾਲੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਵੇਗਾ। -ਰਵੀ ਭਗਤ