ਖੇਡਾਂ ਬੱਚਿਆਂ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਪ੍ਰਤਿਭਾ ਨਿਖਾਰਨ ਦਾ ਸਸ਼ਕਤ ਮਾਧਿਅਮ-ਚੇਅਰਮੈਨ ਸਮੀਰ ਸ਼ਾਰਦਾ
ਪਠਾਨਕੋਟ, 26 ਅਕਤੂਬਰ (ਸੁਮਿਤ)-ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ. ਜੀ.
ਪਠਾਨਕੋਟ, 26 ਅਕਤੂਬਰ (ਸੁਮਿਤ)-ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਠਾਨਕੋਟ ਜ਼ਿਲ੍ਹੇ ਦੀਆਂ 13ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਮਲਟੀਪਰਪਜ਼ ਸਪੋਰਟਸ ਸਟੇਡੀਅਮ ਲਮੀਨੀ ਦੇ ਖੇਡ ਮੈਦਾਨ ’ਚ ਸ਼ਾਨਦਾਰ ਢੰਗ ਨਾਲ ਸ਼ੁਰੂ ਹੋਈਆਂ । ਖੇਡਾਂ ਦੇ ਉਦਘਾਟਨੀ ਸਮਾਗਮ ’ਚ ਮਾਰਕਿਟ ਕਮੇਟੀ ਪਠਾਨਕੋਟ ਦੇ ਚੇਅਰਮੈਨ ਸਮੀਰ ਸ਼ਾਰਦਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਜ਼ਿਲ੍ਹਾ ਜੁਆਇੰਟ ਸਕੱਤਰ ਸੁਰਿੰਦਰ ਰਾਹੀ, ਯੁਵਾ ਆਗੂ ਅਜੇ ਸ਼ਰਮਾ ਤੇ ਅੰਕਿਤ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਸਮੀਰ ਸ਼ਾਰਦਾ ਨੇ ਰਿਬਨ ਕੱਟ ਕੇ ਤੇ ਗੁਬਾਰੇ ਛੱਡ ਕੇ ਖੇਡਾਂ ਦਾ ਰਸਮੀ ਉਦਘਾਟਨ ਕੀਤਾ । ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸਮੀਰ ਸ਼ਾਰਦਾ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਦਾ ਅਹਿਮ ਹਿੱਸਾ ਹਨ ਤੇ ਬੱਚਿਆਂ ਦੇ ਸਰੀਰਕ, ਮਾਨਸਿਕ ਤੇ ਸਮਾਜਿਕ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ । ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰਨ ਤੇ ਆਪਣੇ ਹੁਨਰ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ । ਸਮਾਗਮ ਦੇ ਅੰਤ ’ਚ ਚੇਅਰਮੈਨ ਸਮੀਰ ਸ਼ਾਰਦਾ ਨੇ ਜੇਤੂ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਇਸ ਦੌਰਾਨ ਚੇਅਰਮੈਨ ਸਮੀਰ ਸ਼ਾਰਦਾ ਤੇ ਉਨ੍ਹਾਂ ਦੀ ਟੀਮ ਨੇ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਤੇ ਪ੍ਰਦਰਸ਼ਨੀ ਮੈਚ ਦਾ ਆਨੰਦ ਵੀ ਮਾਣਿਆ ।