ਮੁਹੱਲਾ ਕਾਜ਼ੀਆਂ ’ਚ ਚੋਰਾਂ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ
ਪਠਾਨਕੋਟ, 22 ਸਤੰਬਰ (ਸੁਮਿਤ)-ਸ਼ਹਿਰ ਦੇ ਮੁਹੱਲਾ ਕਾਜੀਆ ਵਿਚ ਚੋਰਾਂ ਨੇ ਦਿਨ ਦਿਹਾੜੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 12 ਲੱਖ ਰੁਪਏ ਦੀ ਚੋਰੀ ਕਰ ਲਈ । ਚੋਰ ਘਰ ’ਚੋਂ ਕਰੀਬ 7 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਤੇ 5 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ।
ਪਠਾਨਕੋਟ, 22 ਸਤੰਬਰ (ਸੁਮਿਤ)-ਸ਼ਹਿਰ ਦੇ ਮੁਹੱਲਾ ਕਾਜੀਆ ਵਿਚ ਚੋਰਾਂ ਨੇ ਦਿਨ ਦਿਹਾੜੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 12 ਲੱਖ ਰੁਪਏ ਦੀ ਚੋਰੀ ਕਰ ਲਈ । ਚੋਰ ਘਰ ’ਚੋਂ ਕਰੀਬ 7 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਤੇ 5 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ । ਚੋਰ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਵੀ ਨਾਲ ਲੈ ਗਏ । ਹਾਲਾਂਕਿ ਵਾਰਦਾਤ ਦੌਰਾਨ ਵਰਤਿਆ ਇਕ ਹਥਿਆਰ ਮੌਕੇ ’ਤੇ ਹੀ ਰਹਿ ਗਿਆ, ਜਿਸ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਲਿਆ ਹੈ । ਘਰ ਦੇ ਮਾਲਕ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਅੰਕਿਤ ਮਹਾਜਨ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ । ਜਿਸ ਕਾਰਨ ਉਹ ਆਪਣੇ ਪਰਿਵਾਰ ਸਮੇਤ ਘਰ ਛੱਡ ਕੇ ਰਿਸ਼ਤੇਦਾਰਾਂ ਦੇ ਘਰ ਰਹਿ ਰਹੇ ਸਨ । ਹਾਲਾਂਕਿ ਉਨ੍ਹਾਂ ਦੇ ਪਿਤਾ ਤੇ ਭਾਣਜਾ ਰੋਜ਼ਾਨਾ ਰਾਤ ਨੂੰ ਘਰ ਆ ਕੇ ਸੌਂਦੇ ਸਨ ਤੇ ਸਵੇਰੇ ਕੰਮ ’ਤੇ ਚਲੇ ਜਾਂਦੇ ਸਨ । ਉਨ੍ਹਾਂ ਦੱਸਿਆ ਕਿ ਸਵੇਰੇ ਵੀ ਉਨ੍ਹਾਂ ਦੇ ਪਿਤਾ ਤੇ ਭਾਣਜਾ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਕੰਮ ’ਤੇ ਚਲੇ ਗਏ । ਸ਼ਾਮ ਨੂੰ ਜਦੋਂ ਉਹ ਘਰ ਪਹੁੰਚੇ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ । ਜਾਂਚ ਕਰਨ ’ਤੇ ਪਤਾ ਲੱਗਾ ਕਿ ਘਰ ’ਚੋਂ ਕਰੀਬ 7 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਤੇ 5 ਲੱਖ ਰੁਪਏ ਦੀ ਨਕਦੀ ਗਾਇਬ ਸੀ । ਅੰਕਿਤ ਮਹਾਜਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਕਮੇਟੀ ਮਿਲੀ ਸੀ, ਜਿਸ ਦੀ ਰਕਮ ਉਨ੍ਹਾਂ ਨੇ ਘਰ ’ਚ ਰੱਖੀ ਹੋਈ ਸੀ । ਚੋਰ ਘਰ ਦੇ ਕਮਰਿਆਂ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਵੀ ਕੱਢ ਕੇ ਆਪਣੇ ਨਾਲ ਲੈ ਗਏ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਿਸ ਨੇ ਮੌਕੇ ਤੋਂ ਮਿਲੇ ਹਥਿਆਰ ਸਮੇਤ ਹੋਰ ਸਬੂਤ ਆਪਣੇ ਕਬਜ਼ੇ ’ਚ ਲੈ ਲਏ ਹਨ । ਸੀ.ਸੀ.ਟੀ.ਵੀ. ਦਾ ਡੀ.ਵੀ.ਆਰ. ਚੋਰੀ ਹੋਣ ਕਾਰਨ ਪੁਲਿਸ ਲਈ ਮੁਲਜ਼ਮਾਂ ਦੀ ਪਹਿਚਾਣ ਕਰਨਾ ਚੁਣੌਤੀ ਬਣਿਆ ਹੋਇਆ ਹੈ । ਪੁਲਿਸ ਵਲੋਂ ਆਸ-ਪਾਸ ਦੇ ਇਲਾਕੇ ’ਚ ਲੱਗੇ ਹੋਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਚੋਰਾਂ ਦੀ ਭਾਲ ਜਾਰੀ ਹੈ ।