47 ਦੀ ਵੰਡ ਵੇਲੇ ਖੁੱਲ੍ਹੇ ਬੂਹੇ ਤੇ ਘਰੇਲੂ ਸਾਮਾਨ ਸਮੇਤ ਛੱਡਣਾ ਪਿਆ ਸੀ ਘਰ ਬਾਰ- ਨੰਬਰਦਾਰ ਬਾਪੂ ਸੇਵਾ ਰਾਮ
ਕਿਹਾ, ਬਟਵਾਰੇ ਤੋਂ 5 ਮਹੀਨੇ ਬਾਅਦ ਆਏ ਸੀ ਭਾਰਤ
ਨੌਸ਼ਹਿਰਾ ਮੱਝਾ ਸਿੰਘ, 14 ਅਗਸਤ (ਰਵੀ ਭਗਤ)-ਦੇਸ਼ ਦੀ ਆਜ਼ਾਦੀ ਨੂੰ ਭਾਵੇਂ ਅੱਜ 79 ਸਾਲ ਪੂਰੇ ਹੋ ਗਏ ਹਨ, ਪਰ ਜਿਹੜੇ ਬਜ਼ੁਰਗਾਂ ਨੇ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਕਤਲੋਗਾਰਦ ਦੇਖੀ ਸੀ, ਉਹ ਅੱਜ ਵੀ ਬਟਵਾਰੇ ਦੀ ਦਾਸਤਾਂ ਸੁਣਾਉਂਦਿਆਂ ਅੱਖਾਂ ਹੰਝੂਆਂ ਨਾਲ ਭਰ ਲੈਂਦੇ ਹਨ। ਇਸ ਦੀ ਜਿੰਦਾ ਮਿਸਾਲ ਉਮਰ ਦੇ ਦਸਵੇਂ ਦਹਾਕੇ ਵਿਚੋਂ ਗੁਜਰ ਰਹੇ ਹਲਕਾ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਿਧੀਪੁਰ ਦੇ ਵਾਸੀ ਬਾਪੂ ਸੇਵਾ ਰਾਮ ਨੰਬਰਦਾਰ ਪੁੱਤਰ ਰਾਂਝਾ ਰਾਮ ਤੋਂ ਮਿਲਦੀ ਹੈ, ਜਿਨ੍ਹਾਂ ਦੀ 47 ਦੀ ਵੰਡ ਵੇਲੇ ਕਰੀਬ 14 ਸਾਲ ਦੀ ਉਮਰ ਸੀ ਤੇ ਇਹ ਸਾਰਾ ਉਜਾੜਾ ਅਤੇ ਮੰਜ਼ਰ ਆਪਣੀ ਅੱਖੀਂ ਦੇਖਿਆ।
ਪ
ਪਾਕਿਸਤਾਨ ਦੇ ਜੰਮਪਲ ਬਾਪੂ ਸੇਵਾ ਰਾਮ ਨੰਬਰਦਾਰ ਗੱਲਬਾਤ ਕਰਦੇ ਹੋਏ। ਤਸਵੀਰ : ਰਵੀ ਭਗਤ
15-08-2026
ਨੌਸ਼ਹਿਰਾ ਮੱਝਾ ਸਿੰਘ, 14 ਅਗਸਤ (ਰਵੀ ਭਗਤ)-ਦੇਸ਼ ਦੀ ਆਜ਼ਾਦੀ ਨੂੰ ਭਾਵੇਂ ਅੱਜ 79 ਸਾਲ ਪੂਰੇ ਹੋ ਗਏ ਹਨ, ਪਰ ਜਿਹੜੇ ਬਜ਼ੁਰਗਾਂ ਨੇ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਕਤਲੋਗਾਰਦ ਦੇਖੀ ਸੀ, ਉਹ ਅੱਜ ਵੀ ਬਟਵਾਰੇ ਦੀ ਦਾਸਤਾਂ ਸੁਣਾਉਂਦਿਆਂ ਅੱਖਾਂ ਹੰਝੂਆਂ ਨਾਲ ਭਰ ਲੈਂਦੇ ਹਨ। ਇਸ ਦੀ ਜਿੰਦਾ ਮਿਸਾਲ ਉਮਰ ਦੇ ਦਸਵੇਂ ਦਹਾਕੇ ਵਿਚੋਂ ਗੁਜਰ ਰਹੇ ਹਲਕਾ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਿਧੀਪੁਰ ਦੇ ਵਾਸੀ ਬਾਪੂ ਸੇਵਾ ਰਾਮ ਨੰਬਰਦਾਰ ਪੁੱਤਰ ਰਾਂਝਾ ਰਾਮ ਤੋਂ ਮਿਲਦੀ ਹੈ, ਜਿਨ੍ਹਾਂ ਦੀ 47 ਦੀ ਵੰਡ ਵੇਲੇ ਕਰੀਬ 14 ਸਾਲ ਦੀ ਉਮਰ ਸੀ ਤੇ ਇਹ ਸਾਰਾ ਉਜਾੜਾ ਅਤੇ ਮੰਜ਼ਰ ਆਪਣੀ ਅੱਖੀਂ ਦੇਖਿਆ। ਬਿਰਧ ਅਵਸਥਾ ’ਚ ਬਾਪੂ ਸੇਵਾ ਰਾਮ ਜੋ ਪਿੰਡ ਬਿਧੀਪੁਰ ਦੇ ਨੰਬਰਦਾਰ ਵੀ ਹਨ ਤੇ ਉਰਦੂ ਭਾਸ਼ਾ ਵਿਚ ਦਸਤਖਤ ਕਰਦੇ ਹਨ, ਨੇ 15 ਅਗਸਤ ਮੌਕੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਜਨਮ ਲਹਿੰਦੇ ਪੰਜਾਬ ਦੇ ਪਿੰਡ ਬੀਨੀ ਸਲਾਰੀਆ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਵਿਖੇ ਹੋਇਆ ਤੇ ਨੇੜਲੇ ਕਸਬਾ ਚਾਰਵਾਂ ਵਿਖੇ ਉਹ ਸਰਕਾਰੀ ਸਕੂਲ ’ਚ 3 ਜਮਾਤਾਂ ਪੜ੍ਹੇ ਸਨ। ਸਾਡੇ ਪਿੰਡ ਦੇ ਨੇੜਲੇ ਪਿੰਡ ਬੀਨੀ ਬ੍ਰਹਮਣਾ, ਨਵਾਂ ਪਿੰਡ, ਨਉਣੀ, ਡਗਿਆਲ ਵਗੈਰਾ ਸੀ। ਬਾਪੂ ਸੇਵਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਵਡੇਰੇ ਖੇਤੀਬਾੜੀ ਦਾ ਕੰਮ ਕਰਦੇ ਸਨ। ਮੁਸਲਮਾਨਾਂ ਸਮੇਤ ਸਾਰੇ ਭਾਈਚਾਰੇ ਦੇ ਲੋਕ ਪ੍ਰੇਮ ਭਾਵਨਾ ਨਾਲ ਰਹਿੰਦੇ ਸਨ ਤੇ ਇਕ-ਦੂਜੇ ਦੇ ਵਿਆਹ-ਸ਼ਾਦੀਆਂ ਤੇ ਹੋਰ ਧਾਰਮਿਕ ਤਿਉਹਾਰਾਂ ਵਿਚ ਸ਼ਰੀਕ ਵੀ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਸਾਡੇ ਪਾਕਿਸਤਾਨ ਵਿਚ ਖੁੱਲ੍ਹੇ ਵਿਹੜੇ ਦਾ ਵੱਡਾ ਘਰ ਤੇ ਮਾਲ-ਡੰਗਰ ਹੁੰਦੇ ਸੀ, ਜੋ ਸਾਨੂੰ ਸਾਮਾਨ ਸਮੇਤ ਛੱਡਣਾ ਪਿਆ। ਅਜੌਕੇ ਦੌਰ ਤੇ ਉਸ ਸਮੇਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਓਦੋਂ ਅੰਗਰੇਜ਼ੀ ਹਕੂਮਤ ਵੇਲੇ ਕੋਈ ਲੁੱਟਮਾਰ ਨਹੀਂ ਹੁੰਦੀ ਸੀ, ਭਾਵੇਂ ਕੋਈ ਵੀ ਔਰਤ ਟੂਬਾਂ ਪਾ ਕੇ ਵੀ ਜਿੱਥੇ ਮਰਜ਼ੀ ਚਲੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਅਸੀਂ ਜਿਸ ਜ਼ਮੀਨ ’ਤੇ ਖੇਤੀਬਾੜੀ ਕਰਦੇ ਸੀ, ਉਹ ਸਾਡੇ ਨਾਂਅ ’ਤੇ ਰਜਿਸਟਰੀ ਨਹੀਂ ਹੁੰਦੀ ਸੀ ਤੇ ਅਸੀਂ ਗਹਿਣੇ ਤੇ ਭਾਈਵਾਲ ਨਾਲ ਜ਼ਮੀਨ ’ਤੇ ਖੇਤੀ ਕਰਦੇ ਹੁੰਦੇ ਸੀ। ਉਨ੍ਹਾਂ ਦੱਸਿਆ ਕਿ ਧਰਮ ਤਬਦੀਲੀ ਦਾ ਦਬਾਅ ਵਧਿਆ ਤੇ ਜਦੋਂ ਧਰਮ ਦੇ ਨਾਤੇ ਨਫ਼ਰਤ ਹੋਣ ਲੱਗੀ ਤਾਂ ਸਾਡੇ ਵੱਡ-ਵਡੇਰਿਆਂ ਨੇ ਭਾਰਤ ਅਉਣ ਦਾ ਫ਼ੈਸਲਾ ਕੀਤਾ। ਅਸੀਂ ਬਟਵਾਰੇ ਤੋਂ ਲਗਪਗ 5 ਮਹੀਨੇ ਬਾਅਦ ਮਾਘ ਦੇ ਮਹੀਨੇ ਭਾਰੀ ਠੰਢ ਵਿਚ ਭਰਾ ਗਿਆਨ ਚੰਦ, ਧੰਨਾ ਰਾਮ, ਭੈਣ ਸਮਿਤਰੀ ਤੇ ਕਾਕੀ ਅਤੇ ਭੈਣਵਈਏ ਫ਼ਕੀਰ ਚੰਦ ਸਮੇਤ ਭਾਰੀ ਜੱਦੋ-ਜਹਿਦ ਨਾਲ ਅੰਮ੍ਰਿਤਸਰ ਤੋਂ ਬਟਾਲਾ ਕੈਂਪ ਵਿਖੇ ਪੁੱਜੇ ਸਾਂ, ਜਿੱਥੇ ਸਾਨੂੰ ਫੌਜ ਨੇ ਗੁੜ ਤੇ ਭੁੱਜੇ ਛੋਲੇ ਖਾਣ ਲਈ ਦਿੱਤੇ ਤੇ ਪਾਣੀ ਪਿਲਾਇਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਕੁਝ ਦਿਨ ਠਹਿਰਣ ਤੋਂ ਬਾਅਦ ਅਸੀ ਪਿੰਡ ਬਿਧੀਪੁਰ ਵਿਖੇ ਆਣ ਵੱਸੇ।