ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ ਦਾ ਨਿਰਮਾਣ ਕਾਰਜ ਮੁੜ ਸ਼ੁਰੂ ਕਰਨਾ ਸ਼ਲਾਘਾਯੋਗ-ਰਸ਼ਪਿੰਦਰ ਸਿੰਘ ਰਾਜਾ
ਫ਼ਤਹਿਗੜ੍ਹ ਸਾਹਿਬ, 10 ਅਗਸਤ (ਮਨਪ੍ਰੀਤ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ 16 ਏਕੜ ’ਚ ਫੈਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ, ਇਤਿਹਾਸਕ ਟਿੱਲੇ ਤੇ ਪਾਰਕ ਦੇ ਅਧੂਰੇ ਪਏ ਨਿਰਮਾਣ ਕਾਰਜਾਂ ਦਾ ਮੁੜ ਸ਼ੁਭ ਆਰੰਭ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਇਹ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨੇ ਪ੍ਰਧਾਨ ਧਾਮੀ ਤੇ ਸਮੁੱਚੀ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕੀਤਾ।
ਫ਼ਤਹਿਗੜ੍ਹ ਸਾਹਿਬ, 10 ਅਗਸਤ (ਮਨਪ੍ਰੀਤ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ 16 ਏਕੜ ’ਚ ਫੈਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ, ਇਤਿਹਾਸਕ ਟਿੱਲੇ ਤੇ ਪਾਰਕ ਦੇ ਅਧੂਰੇ ਪਏ ਨਿਰਮਾਣ ਕਾਰਜਾਂ ਦਾ ਮੁੜ ਸ਼ੁਭ ਆਰੰਭ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਇਹ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨੇ ਪ੍ਰਧਾਨ ਧਾਮੀ ਤੇ ਸਮੁੱਚੀ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕੀਤਾ। ਚੇਅਰਮੈਨ ਰਾਜਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਵਲੋਂ ਇਸ ਮਿਊਜ਼ੀਅਮ ਦੇ ਅਧੂਰੇ ਕੰਮ ਅਤੇ ਦੇਖ-ਰੇਖ ਦੀ ਘਾਟ ਕਾਰਨ ਇੱਥੇ ਪੈਦਾ ਹੋ ਰਹੀਆਂ ਨਸ਼ੇੜੀਆਂ, ਸ਼ਰਾਬੀਆਂ ਦੀਆਂ ਗਤੀਵਿਧੀਆਂ ਬਾਰੇ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਮਾਮਲਾ ਲਿਆਂਦਾ ਗਿਆ ਸੀ। ਇਸ ਵੀਡੀਓ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਵੱਡੀ ਪੱਧਰ ’ਤੇ ਸ਼ੇਅਰ ਕਰਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਸੀ। ਜਿਸ ’ਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਇਸ ਸੇਵਾ ਦੀ ਆਰੰਭਤਾ ਕਰਵਾ ਕੇ ਨਿਰਮਾਣ ਕਾਰਜ ‘ਸਾਹਿਬ-ਏ-ਕਮਾਲ ਫਾਊਂਡੇਸ਼ਨ’ ਨੂੰ ਸੌਂਪੇ ਹਨ, ਜੋ ਕਿ ਇਕ ਸ਼ਲਾਘਾਯੋਗ ਕਦਮ ਹੈ। ਚੇਅਰਮੈਨ ਰਾਜਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅੱਗੇ ਇਕ ਅਹਿਮ ਮੰਗ ਵੀ ਰੱਖੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਾਲਾਂ ਬੱਧੀ ਨਿਰਮਾਣ ਤੇ ਮੁਰੰਮਤ ਦਾ ਕੰਮ ਚੱਲਦਾ ਰਹਿੰਦਾ ਹੈ। ਇਸ ਲਈ ਕਿਸੇ ਮਾਹਰ ਤੇ ਵਧੀਆ ਇੰਜੀਨੀਅਰ ਤੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਇਕ ਸੁਚੱਜਾ ਮਾਡਲ ਤਿਆਰ ਕਰਵਾਇਆ ਜਾਵੇ। ਜਿਸ ਤੋਂ ਲੋਕਾਂ ਤੇ ਸੰਗਤਾਂ ਨੂੰ ਇਹ ਸਪੱਸ਼ਟ ਪਤਾ ਹੋਣਾ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬ ਦਾ ਅਸਲ ਮਾਡਲ ਕੀ ਹੈ ਅਤੇ ਅੱਗੇ ਨਵੀਂ ਇਮਾਰਤ ਕਿਸ ਆਧਾਰ ’ਤੇ ਤਿਆਰ ਕੀਤੀ ਜਾ ਰਹੀ ਹੈ, ਚਾਹੇ ਨਿਰਮਾਣ ਕਾਰਜ ’ਚ ਭਾਵੇਂ ਕਿੰਨੇ ਹੀ ਸਾਲ ਲੱਗਣ।