ਬੱਕਰੀਆਂ ਨੂੰ ਬਚਾਉਣ ਲਈ ਚਲਾਈ ਪੀ.ਪੀ.ਆਰ. ਟੀਕਾਕਰਨ ਮੁਹਿੰਮ
ਨਵਾਂਸ਼ਹਿਰ, 14 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪਸ਼ੂ ਪਾਲਣ ਵਿਭਾਗ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਬੱਕਰੀ ਯੂਨਿਟ ਵਿੱਚ ਪੀ. ਪੀ.
ਨਵਾਂਸ਼ਹਿਰ, 14 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪਸ਼ੂ ਪਾਲਣ ਵਿਭਾਗ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਬੱਕਰੀ ਯੂਨਿਟ ਵਿੱਚ ਪੀ.ਪੀ.ਆਰ ਦਾ ਟੀਕਾਕਰਨ ਸਫ਼ਲਤਾਪੂਰਵਕ ਮੁਕੰਮਲ ਕੀਤਾ। ਪੀ.ਪੀ.ਆਰ ਜਿਸਨੂੰ ਆਮ ਤੌਰ ‘ਤੇ “ਬੱਕਰੀਆਂ ਦੀ ਪਲੇਗ” ਕਿਹਾ ਜਾਂਦਾ ਹੈ, ਇੱਕ ਬਹੁਤ ਹੀ ਛੂਤਕਾਰੀ ਅਤੇ ਜਾਨਲੇਵਾ ਵਾਇਰਲ ਬਿਮਾਰੀ ਹੈ। ਇਹ ਬੱਕਰੀਆਂ ਅਤੇ ਭੇਡਾਂ ਦੀ ਸਾਹ ਅਤੇ ਪਾਚਨ ਪ੍ਰਣਾਲੀ ‘ਤੇ ਬੁਰੀ ਤਰ੍ਹਾਂ ਹਮਲਾ ਕਰਦੀ ਹੈ, ਜਿਸ ਨਾਲ ਤੇਜ਼ ਬੁਖਾਰ, ਮੂੰਹ ਵਿੱਚ ਛਾਲੇ, ਗੰਭੀਰ ਦਸਤ ਅਤੇ ਨਿਮੋਨੀਆ ਹੋ ਜਾਂਦਾ ਹੈ। ਜੇਕਰ ਇਸਨੂੰ ਨਾ ਰੋਕਿਆ ਜਾਵੇ, ਤਾਂ ਇਹ ਬਿਮਾਰੀ ਇੱਜੜ ਵਿੱਚ ਬਹੁਤ ਤੇਜ਼ੀ ਨਾਲ ਫੈਲਦੀ ਹੈ। ਬਿਨਾਂ ਟੀਕਾਕਰਨ ਵਾਲੇ ਇੱਜੜਾਂ ਵਿੱਚ ਇਸਦੀ ਬਿਮਾਰੀ ਦਰ 90 ਫੀਸਦੀ ਤੋਂ 100 ਫੀਸਦੀ ਤੱਕ ਹੋ ਸਕਦੀ ਹੈ, ਜਦੋਂ ਕਿ ਮੌਤ ਦਰ 70 ਫੀਸਦੀ ਤੋਂ 90 ਫੀਸਦੀ ਤੱਕ ਪਹੁੰਚ ਜਾਂਦੀ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕੇ.ਵੀ.ਕੇ ਦੀ ਟੀਮ ਵੱਲੋਂ ਇਲਾਕੇ ਦੇ ਸਾਰੇ ਬੱਕਰੀ ਪਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਇੱਜੜ ਦੀ ਸਿਹਤ ਨੂੰ ਸੁਰੱਖਿਅਤ ਕਰਨ ਲਈ ਆਪਣੀਆਂ ਬੱਕਰੀਆਂ ਨੂੰ ਤੁਰੰਤ ਪੀ.ਪੀ.ਆਰ ਦਾ ਟੀਕਾ ਜ਼ਰੂਰ ਲਗਵਾਉਣ। ਇਹ ਸਫ਼ਲ ਟੀਕਾਕਰਨ ਮੁਹਿੰਮ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਫ਼ਸਰ ਡਾ. ਵਨੀਤਾ ਅਤੇ ਵੈਟਰਨਰੀ ਇੰਸਪੈਕਟਰ ਰਾਜਵੀਰ ਵੱਲੋਂ ਚਲਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਕੇ.ਵੀ.ਕੇ ਦੇ ਸਹਾਇਕ ਪ੍ਰੋਫੈਸਰ ਡਾ. ਤੇਜਬੀਰ ਸਿੰਘ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਦੇ ਐਸੋਸੀਏਟ ਡਾਇਰੈਕਟਰ ਡਾ. ਪਰਦੀਪ ਕੁਮਾਰ ਵੀ ਹਾਜ਼ਰ ਸਨ। ਇਸ ਮੁਹਿੰਮ ਦੌਰਾਨ ਮਾਹਿਰਾਂ ਨੇ ਬੱਕਰੀ ਪਾਲਣ ਦੇ ਵੱਧ ਰਹੇ ਆਰਥਿਕ ਲਾਭਾਂ ਬਾਰੇ ਵੀ ਚਾਨਣਾ ਪਾਇਆ। ਡਾ. ਪ੍ਰਦੀਪ ਕੁਮਾਰ ਅਤੇ ਟੀਮ ਨੇ ਸਥਾਨਕ ਕਿਸਾਨਾਂ ਨੂੰ ਵਪਾਰਕ ਪੱਧਰ ‘ਤੇ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਦੀ ਸਾਲਾਹ ਦਿੱਤੀ ਅਤੇ ਸਫ਼ਲਤਾ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਡਾਕਟਰੀ ਸਹਾਇਤਾ ਅਤੇ ਬਿਮਾਰੀਆਂ ਤੋਂ ਬਚਾਅ ਲਈ ਰਾਬਤਾ ਬਣਾਉਣ ਲਈ ਕਿਹਾ।