16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਕੂੜਾ ਪ੍ਰਬੰਧਨ ਮਾਮਲੇ ਸੰਬੰਧੀ ਚੱਲ ਰਹੇ ਕੇਸ 'ਚ ਨਗਰ ਨਿਗਮ ਦਾ ਬੈਂਕ ਖਾਤਾ 'ਫ਼ਰੀਜ਼'

Ad Position 21
No active advertisement
ਅਜੀਤ ਡੈਸਕ 22-01-2026
ਜਲੰਧਰ, 21 ਜਨਵਰੀ (ਸ਼ਿਵ)- ਠੋਸ ਰਹਿੰਦ ਖੰੂਹਦ ਪ੍ਰਬੰਧਨ ਦਾ ਕੰਮ ਦੇਖਣ ਵਾਲੀ ਜਿੰਦਲ ਕੰਪਨੀ ਨਾਲ ਚੱਲ ਰਹੇ ਕੇਸ ਵਿਚ ਜਲੰਧਰ ਨਗਰ ਨਿਗਮ ਦਾ ਇਕ ਬੈਂਕ ਖਾਤਾ ਫਰੀਜ਼ ਕਰ ਦਿੱਤਾ ਗਿਆ ਹੈ ਜਿਸ ਕਰ ਕੇ ਨਿਗਮ ਵੱਲੋਂ ਜਾਰੀ ਕੀਤੇ ਗਏ ਲੱਖਾਂ ਰੁਪਏ ਦੇ ਅੱਧਾ ਦਰਜਨ ਦੇ ਕਰੀਬ ਚੈੱਕਾਂ ਦਾ ਭੁਗਤਾਨ ਰੁਕ ਗਿਆ ਹੈ | ਬੈਂਕ ਖਾਤਾ ਸੀਲ ਹੋਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਵਿਚਕਾਰ ਹੜਕੰਪ ਮਚਿਆ ਹੋਇਆ ਹੈ ਤੇ ਇਸ ਨੂੰ ਖੁਲ੍ਹਵਾਉਣ ਲਈ ਪਹੁੰਚ ਕੀਤੀ ਜਾ ਰਹੀ ਹੈ | ਉਂਜ ਜਿੰਦਲ ਕੰਪਨੀ ਤੇ ਨਗਰ ਨਿਗਮ ਵਿਚਕਾਰ 2016 ਤੋਂ ਬਾਅਦ ਹੀ ਮਾਮਲਾ ਸਾਲਸ ਵਿਚ ਪੁੱਜ ਗਿਆ ਸੀ ਜਦੋਂ ਕੰਪਨੀ ਨੇ ਨਿਗਮ ਪ੍ਰਸ਼ਾਸਨ 'ਤੇ ਉਸ ਨੂੰ ਕੰਮ ਕਰਨ ਵਿਚ ਸਹਿਯੋਗ ਨਾ ਦੇਣ 'ਤੇ ਉਸ ਦੇ ਉੱਪਰ ਸਾਲਸ ਵਿਚ 962 ਕਰੋੜ ਦਾ ਦਾਅਵਾ ਕੀਤਾ ਸੀ ਤਾਂ ਬਾਅਦ ਵਿਚ ਨਿਗਮ ਪ੍ਰਸ਼ਾਸਨ ਨੇ ਵੀ ਕੰਪਨੀ ਵੱਲੋਂ ਕੰਮ ਛੱਡ ਕੇ ਜਾਣ ਵਜੋਂ ਨੁਕਸਾਨ ਦਾ ਦੋਸ਼ ਲਗਾਉਂਦੇ ਹੋਏ ਸਾਲਸ ਵਿਚ 1783 ਕਰੋੜ ਦਾ ਦਾਅਵਾ ਕਰ ਦਿੱਤਾ ਸੀ | ਕੁੱਝ ਸਮਾਂ ਪਹਿਲਾਂ ਹੀ ਨਗਰ ਨਿਗਮ ਨੂੰ ਸਾਲਸ ਵੱਲੋਂ ਉਸ ਵੇਲੇ ਝਟਕਾ ਲੱਗਾ ਸੀ ਜਦੋਂ ਸਾਲਸ ਨੇ ਨਿਗਮ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਸੀ ਕਿ ਉਹ ਜਿੰਦਲ ਕੰਪਨੀ ਨੂੰ 204 ਕਰੋੜ ਰੁਪਏ ਹਰਜਾਨੇ ਦੀ ਅਦਾਇਗੀ ਕਰੇ | ਬਾਅਦ ਵਿਚ ਨਿਗਮ ਪ੍ਰਸ਼ਾਸਨ ਇਸ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਚਲਾ ਗਿਆ ਸੀ ਤਾਂ ਇਸ ਮਾਮਲੇ ਵਿਚ ਨੋਟਿਸ ਆਫ਼ ਮੋਸ਼ਨ ਜਾਰੀ ਕੀਤਾ ਗਿਆ ਹੈ | ਨਿਗਮ ਨੇ ਇਸ ਮਾਮਲੇ ਵਿਚ ਪਹਿਲਾਂ ਹੀ ਜਿੰਦਲ ਕੰਪਨੀ ਦੀ ਨਿਗਮ ਕੋਲ ਪਈ 5 ਕਰੋੜ ਦੀ ਬੈਂਕ ਗਾਰੰਟੀ ਜ਼ਬਤ ਕਰ ਲਈ ਸੀ | ਦੱਸਿਆ ਜਾਂਦਾ ਹੈ ਕਿ ਚੰਡੀਗੜ੍ਹ ਦੀ ਇਕ ਸਥਾਨਕ ਅਦਾਲਤ ਵੱਲੋਂ ਨਿਗਮ ਦਾ ਇਕ ਬੈਂਕ ਖਾਤਾ ਫਰੀਜ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ | ਇਸ ਬੈਂਕ ਖਾਤੇ ਵਿਚ ਨਿਗਮ ਦਾ ਕਰੀਬ 5 ਕਰੋੜ ਪਿਆ ਦੱਸਿਆ ਜਾ ਰਿਹਾ ਸੀ | ਇਸ ਬੈਂਕ ਦੇ ਫਰੀਜ਼ ਹੋਣ ਤੋਂ ਬਾਅਦ ਜਿੱਥੇ ਕਈਆਂ ਨੂੰ ਨਿਗਮ ਵੱਲੋਂ ਚੈੱਕ ਜਾਰੀ ਕੀਤੇ ਗਏ ਸਨ, ਉਨ੍ਹਾਂ ਦੀ ਅਦਾਇਗੀ ਨਹੀਂ ਹੋ ਸਕੀ ਸੀ | ਨਿਗਮ ਦਾ ਬੈਂਕ ਖਾਤੇ ਦੇ ਸੀਲ ਹੋਣ ਦੀ ਕਾਫੀ ਚਰਚਾ ਰਹੀ | ਇਸ ਮਾਮਲੇ ਨਾਲ ਜੁੜੇ ਇਕ ਅਫ਼ਸਰ ਦਾ ਕਹਿਣਾ ਸੀ ਕਿ ਇਹ ਖਾਤਾ ਖੁਲ੍ਹਵਾਉਣ ਬਾਰੇ ਵੀ ਜਲਦੀ ਹਦਾਇਤ ਜਾਰੀ ਹੋ ਜਾਵੇਗੀ | ਨਗਰ ਨਿਗਮ ਵੱਲੋਂ 2011 ਵਿਚ ਸ਼ਹਿਰ ਦੇ ਘਰਾਂ ਤੋਂ ਕੂੜਾ ਇਕੱਠਾ ਕਰਨ, ਇਸ ਦੀ ਪ੍ਰੋਸੈਸਿੰਗ ਅਤੇ ਆਵਾਜਾਈ ਲਈ ਜਮਸ਼ੇਰ ਵਿਚ ਇੱਕ ਪਲਾਂਟ ਸਥਾਪਤ ਕਰਨ ਲਈ ਜਿਡਲ ਕੰਪਨੀ ਨਾਲ ਇੱਕ ਸਮਝੌਤਾ ਕੀਤਾ ਗਿਆ ਸੀ | 2016 ਵਿਚ ਜਮਸ਼ੇਰ ਵਿਚ ਪਲਾਂਟ ਰਾਜਸੀ ਕਾਰਨਾਂ ਕਰ ਕੇ ਰੋਕ ਦਿੱਤਾ ਗਿਆ ਸੀ | ਨਤੀਜੇ ਵਜੋਂ ਨਗਰ ਨਿਗਮ ਨੇ ਜਿੰਦਲ ਕੰਪਨੀ ਨਾਲ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਸੀ | ਜਿੰਦਲ ਕੰਪਨੀ ਨੂੰ ਹਰ ਘਰ ਤੋਂ ਕੂੜਾ ਇਕੱਠਾ ਕਰਨਾ ਸੀ ਪਰ ਇਸ ਮਾਮਲੇ ਵਿਚ ਵੀ ਨਗਰ ਨਿਗਮ ਨੇ ਕੰਪਨੀ ਨੂੰ ਕੰਮ ਪੂਰੀ ਤਰ੍ਹਾਂ ਅਲਾਟ ਨਹੀਂ ਕੀਤਾ | ਜਿੰਦਲ ਕੰਪਨੀ ਨੇ ਬਕਾਇਦਾ ਪਹਿਲਾਂ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਉਸ ਨੂੰ ਯੂਨੀਅਨਾਂ ਦਾ ਸਹਿਯੋਗ ਨਹੀਂ ਮਿਲਿਆ ਸੀ | ਬਾਅਦ ਵਿਚ ਕੰਪਨੀ ਕੰਮ ਛੱਡ ਕੇ ਚਲੀ ਗਈ ਸੀ ਤੇ ਉਸ ਨੇ ਸਾਲਸ ਵਿਚ ਨਿਗਮ ਦੇ ਉੱਪਰ ਕਰੋੜਾਂ ਦਾ ਦਾਅਵਾ ਕੀਤਾ ਸੀ ਕਿ ਨਿਗਮ ਕਰ ਕੇ ਉਸ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਵਿਚ ਨਵੀਂ ਮਸ਼ੀਨਰੀ ਦੀ ਖ਼ਰੀਦ ਤੋਂ ਇਲਾਵਾ ਹੋਰ ਖਰਚਾ ਵੀ ਸ਼ਾਮਿਲ ਸੀ | ਨਗਰ ਨਿਗਮ ਨੇ ਜਿੰਦਲ ਕੰਪਨੀ ਨਾਲ ਸਮਝੌਤੇ ਤਹਿਤ ਜਮਸ਼ੇਰ ਡੇਅਰੀ ਕੰਪਲੈਕਸ ਦੇ ਨੇੜੇ ਇੱਕ ਕੂੜੇ ਤੋਂ ਬਿਜਲੀ ਪਲਾਂਟ ਸਥਾਪਤ ਕਰਨਾ ਸੀ | ਇਸ ਲਈ ਸਾਰੇ ਦੋਆਬਾ ਖੇਤਰ ਦਾ ਕੂੜਾ ਸੰਭਾਲ ਪ੍ਰਾਜੈਕਟ ਜਮਸ਼ੇਰ ਬਣਾਇਆ ਜਾਣਾ ਸੀ | ਇਸ ਪ੍ਰਾਜੈਕਟ ਦਾ ਭਾਰੀ ਵਿਰੋਧ ਹੋਇਆ ਸੀ ਤਾਂ ਲੋਕਾਂ ਦੇ ਵਿਰੋਧ ਕਰ ਕੇ ਇਸ ਜਗ੍ਹਾ 'ਤੇ ਪਲਾਂਟ ਸਥਾਪਿਤ ਕਰਨ ਦਾ ਕੰਮ ਰੋਕ ਦਿੱਤਾ ਗਿਆ ਸੀ | ਉਸ ਤੋਂ ਬਾਅਦ ਇਹ ਵਿਵਾਦ ਸਾਲਸ ਵਿਚ ਚਲ ਰਿਹਾ ਹੈ | ਇਸ ਮਾਮਲੇ 'ਚ ਫਰਵਰੀ ਦੇ ਆਖ਼ਰੀ ਹਫ਼ਤੇ ਸੁਣਵਾਈ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ 'ਆਪ' ਵਲੋਂ ਮਨਰੇਗਾ 'ਚ ਤਬਦੀਲੀਆਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ <br/> ਅਗਲੀ ਖ਼ਬਰ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਟੁਕੜੇ ਕਰਨ ਲਈ ਨਿਗਮ ਨੇ ਖ਼ਰੀਦੀ ਮਸ਼ੀਨ
Ad Position 24