ਸੁਰਜੀਤ ਸਿੰਘ ਸਾਹੀ
ਫ਼ਤਹਿਗੜ੍ਹ ਸਾਹਿਬ, 28 ਨਵੰਬਰ -ਪੰਜਾਬ ਵਿਚ ਇਸ ਸਾਲ ਝੋਨੇ ਦੀ ਰਿਕਾਰਡ ਆਮਦ ਨੇ ਜਿੱਥੇ ਸਰਕਾਰੀ ਅਨੁਮਾਨ ਗ਼ਲਤ ਸਾਬਤ ਕਰ ਦਿੱਤੇ, ਉੱਥੇ ਹੁਣ ਸਰਕਾਰੀ ਗੁਦਾਮਾਂ ਵਿਚ ਪਿਛਲੇ ਸੀਜ਼ਨਾਂ ਦਾ ਲੱਖਾਂ ਟਨ ਪੁਰਾਣਾ ਸਟਾਕ ਪਿਆ ਹੋਣ ਕਾਰਨ ਨਵੇਂ ਝੋਨੇ ਤੋਂ ਤਿਆਰ ਹੋਣ ਵਾਲੇ ਚੌਲਾ ਦੇ ਭੰਡਾਰਨ ਨੂੰ ਲੈ ਕੇ ਵੱਡਾ ਸੰਕਟ ਪੈਦਾ ਹੋ ਗਿਆ ਹੈ । ਇਸ ਸਥਿਤੀ ਨੇ ਪੰਜਾਬ ਦੇ ਕਰੀਬ 5500 ਚੌਲ ਮਿੱਲ ਮਾਲਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਝੋਨੇ ਦਾ ਕੁੱਲ ਉਤਪਾਦਨ ਇਸ ਸੀਜ਼ਨ ਵਿਚ 193 ਲੱਖ ਮੀਟਰਕ ਟਨ ਨੂੰ ਤਾਂ ਪਾਰ ਕਰ ਗਿਆ ਹੈ ਪਰ ਹੁਣ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਸ ਝੋਨੇ ਤੋਂ ਬਣਨ ਵਾਲੇ ਚੌਲਾਂ ਨੂੰ ਗੋਦਾਮਾਂ ਵਿਚ ਭੰਡਾਰ ਕਰਨ ਲਈ ਜਗ੍ਹਾ ਦਾ ਇੰਤਜ਼ਾਮ ਕਿਵੇਂ ਕੀਤਾ ਜਾਵੇ। ਆਲ ਇੰਡੀਆ ਫੈਡਰੇਸ਼ਨ ਆਫ਼ ਰਾਈਸ ਮਿਲਰਜ਼ ਦੇ ਪ੍ਰਧਾਨ ਤਰਸੇਮ ਸੈਣੀ ਨੇ ਕਿਹਾ ਕਿ ਪੰਜਾਬ ਵਿਚ ਪੁਰਾਣੇ ਸਟਾਕ ਦੀ ਨਿਕਾਸੀ ਨਾ ਹੋਣ ਕਾਰਨ ਨਵੇਂ ਝੋਨੇ ਦੇ ਚੌਲਾਂ ਲਈ ਗੋਦਾਮਾਂ ਵਿਚ ਇਕ ਫ਼ੀਸਦੀ ਜਗ੍ਹਾ ਵੀ ਨਹੀਂ ਰਹੀ, ਜਿਸ ਕਾਰਨ ਭੰਡਾਰਨ ਅਤੇ ਮਿਲਿੰਗ ਦੀ ਗਤੀ ਵਿਚਕਾਰ ਤਾਲਮੇਲ ਨਾ ਹੋਣ ਕਾਰਨ ਨਵੇਂ ਝੋਨੇ ਦੀ ਛੜਾਈ ਵਿਚ ਦੇਰੀ ਹੋ ਸਕਦੀ ਹੈ ਜਿਸ ਨਾਲ ਚੌਲਾਂ ਦੀ ਗੁਣਵੱਤਾ ’ਤੇ ਵੀ ਅਸਰ ਪੈ ਸਕਦਾ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸੀਜ਼ਨ ਵਿਚ ਵੀ ਸ਼ੈਲਰ ਮਾਲਕਾਂ ਨੂੰ ਚੌਲ ਗੁਦਾਮਾਂ ਵਿਚ ਲਗਾਉਣ ਲਈ ਲੰਮੇ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ ਜਿਸ ਕਰਕੇ ਕੇਂਦਰ ਸਰਕਾਰ ਨੂੰ ਚੌਲਾਂ ਦੇ ਭੁਗਤਾਨ ਲਈ ਵਾਰ-ਵਾਰ ਤਰੀਕਾਂ ਵਿਚ ਵਾਧਾ ਕਰਨਾ ਪਿਆ ਤੇ ਹਾਲੇ ਵੀ ਪਿਛਲੇ ਸੀਜ਼ਨ ਦੇ ਚੌਲਾਂ ਦੇ ਭੁਗਤਾਨ ਦੀ ਤਰੀਕ 30 ਨਵੰਬਰ ਤੱਕ ਵਧਾਈ ਗਈ ਹੈ । ਉਨ੍ਹਾਂ ਕਿਹਾ ਕਿ ਇਸ ਕਾਰਨ ਚੌਲਾਂ ਦੀ ਕੁਆਲਿਟੀ ਦੇ ਨਾਂਅ ’ਤੇ ਸ਼ੈਲਰ ਸਨਅਤ ਨੂੰ ਬਦਨਾਮ ਕਰਨ ਦੀ ਬਜਾਏ ਸਰਕਾਰ ਨੂੰ ਅਸਲ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ । ਸੈਣੀ ਨੇ ਅੱਗੇ ਦੱਸਿਆ ਕਿ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੇ ਗਏ ਝੋਨੇ ਨੂੰ ਸ਼ੈਲਰਾਂ ਵਿਚ ਭੰਡਾਰ ਕਰਨ ਉਪਰੰਤ ਇਸ ਦੀ ਖ਼ਰੀਦ ਏਜੰਸੀਆਂ ਤੇ ਐਫ.ਸੀ.ਆਈ. ਵਲੋਂ ਸਾਂਝੇ ਤੌਰ ’ਤੇ ਭੌਤਿਕ ਪੜਤਾਲ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੀ ਝੋਨੇ ਦੀ ਛੜਾਈ ਦਾ ਕੰਮ ਸ਼ੁਰੂ ਹੋ ਸਕੇਗਾ । ਉਨ੍ਹਾਂ ਕਿਹਾ ਪਰ ਸਰਕਾਰੀ ਏਜੰਸੀਆਂ ਇਸ ਪੜਤਾਲ ਵਿਚ ਦੇਰੀ ਕਰ ਰਹੀਆਂ ਹਨ ਅਤੇ ਹਾਲੇ ਤੱਕ ਉਨ੍ਹਾਂ ਵਲੋਂ ਇਹ ਜਾਂਚ ਸ਼ੁਰੂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਮੇਂ ਸਿਰ ਜਾਂਚ ਸ਼ੁਰੂ ਨਾ ਕਰਨ ਕਾਰਨ ਪੰਜਾਬ ਦੇ ਲਗਭਗ 5500 ਸ਼ੈਲਰ ਇਸ ਵੇਲੇ ਬੰਦ ਪਏ ਹਨ ਜਿਸ ਕਾਰਨ ਜਿੱਥੇ ਸ਼ੈਲਰ ਮਾਲਕਾਂ ਨੂੰ ਵਿੱਤੀ ਅਤੇ ਪ੍ਰਬੰਧਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਇਸ ਉਦਯੋਗ ਨਾਲ ਜੁੜੇ ਲੱਖਾਂ ਮਜ਼ਦੂਰ ਵੀ ਵਿਹਲੇ ਬੈਠੇ ਹਨ । ਸੈਣੀ ਨੇ ਮੰਗ ਕੀਤੀ ਕਿ ਸਰਕਾਰੀ ਖ਼ਰੀਦ ਏਜੰਸੀਆਂ ਜਲਦੀ ਤੋਂ ਜਲਦੀ ਝੋਨੇ ਦੀ ਭੌਤਿਕ ਜਾਂਚ ਸ਼ੁਰੂ ਕਰਵਾਉਣ ਤਾਂ ਜੋ ਸ਼ੈਲਰ ਮਾਲਕ ਝੋਨੇ ਦੀ ਛੜਾਈ ਸ਼ੁਰੂ ਕਰ ਸਕਣ । ਉਨ੍ਹਾਂ ਕੇਂਦਰ ਸਰਕਾਰ ਤੇ ਐਫ.ਸੀ.ਆਈ. ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਨੂੰ ਅਪੀਲ ਕੀਤੀ ਕਿ ਉਹ ਪਹਿਲ ਦੇ ਆਧਾਰ ’ਤੇ ਪੰਜਾਬ ਤੋਂ ਚੌਲ਼ਾਂ ਦੀ ਦੂਜੇ ਰਾਜਾਂ ਨੂੰ ਨਿਕਾਸੀ ਲਈ ਰੇਲਵੇ ਦੀਆਂ ਸਪੈਸ਼ਲਾਂ ਉਪਲਬਧ ਕਰਵਾਉਣ ਤਾਂ ਜੋ ਪੰਜਾਬ ਦੇ ਗੁਦਾਮਾਂ ਵਿਚ ਨਵੇਂ ਸੀਜ਼ਨ ਦੇ ਝੋਨੇ ਤੋਂ ਬਣਨ ਵਾਲੇ ਚੌਲ਼ਾਂ ਨੂੰ ਭੰਡਾਰ ਕੀਤਾ ਜਾ ਸਕੇ । ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਦੇ ਗੁਦਾਮਾਂ ਵਿਚੋਂ ਚੌਲ਼ਾਂ ਦੀ ਨਿਕਾਸੀ ਨਾ ਹੋਣ ਦਾ ਇਕ ਵੱਡਾ ਕਾਰਨ ਦੂਜੇ ਸੂਬਿਆਂ ਵਲੋਂ ਚੌਲ਼ਾਂ ਦੀ ਮੰਗ ਵਿਚ ਕਮੀ ਆਉਣਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਘੱਟੋ-ਘੱਟ 265 ਲੱਖ ਮੀਟਰਕ ਟਨ ਅਨਾਜ ਦਾ ਭੰਡਾਰ ਮੌਜੂਦ ਹੈ ਜਦਕਿ ਸੂਬੇ ਦੀ ਕੁੱਲ ਭੰਡਾਰਨ ਸਮਰਥਾ ਲਗਭਗ 249 ਲੱਖ ਮੀਟਰਕ ਟਨ ਹੈ । ਇਸ ਤਰ੍ਹਾਂ ਭੰਡਾਰਨ ਸਮਰਥਾ ਨਾਲੋਂ ਕਰੀਬ 16 ਲੱਖ ਮੀਟਰਕ ਟਨ ਵੱਧ ਅਨਾਜ ਪਿਆ ਹੈ ਤੇ ਇਸ ਭੰਡਾਰ ਵਿਚ ਪਿਛਲੇ ਸੀਜ਼ਨ ਦੀ ਕਣਕ ਅਤੇ ਚੌਲ਼ਾਂ ਦਾ ਵੱਡਾ ਹਿੱਸਾ ਸ਼ਾਮਿਲ ਹੈ । ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਤੇ ਪੰਜਾਬ ਸਰਕਾਰ ਨੇ ਪੁਰਾਣੇ ਸਟਾਕ ਦੀ ਨਿਕਾਸੀ, ਨਵੇਂ ਚੌਲ਼ਾਂ ਦੇ ਭੰਡਾਰਨ ਅਤੇ ਚੌਲ਼ਾਂ ਦੀ ਛੜਾਈ ਸ਼ੁਰੂ ਕਰਨ ਸਬੰਧੀ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਤਾਂ ਆਉਣ ਵਾਲੇ ਦਿਨਾਂ ਵਿਚ ਸੰਕਟ ਹੋਰ ਡੂੰਘਾ ਹੋ ਸਕਦਾ ਹੈ । ਇਸ ਨਾਲ ਨਾ ਸਿਰਫ਼ ਸ਼ੈਲਰ ਸਨਅਤ ਸਗੋਂ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਤੇ ਖ਼ਰੀਦ ਪ੍ਰਬੰਧਾਂ ਨਾਲ ਜੁੜੇ ਹੋਰਨਾਂ ਵਰਗਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਗੁਦਾਮਾਂ ’ਚੋਂ ਪੁਰਾਣਾ ਸਟਾਕ ਨਾ ਨਿਕਲਣ ਕਾਰਨ ਨਵੇਂ ਚੌਲਾਂ ਦੇ ਭੰਡਾਰਨ ਦਾ ਸੰਕਟ
ਸੁਰਜੀਤ ਸਿੰਘ ਸਾਹੀ ਫ਼ਤਹਿਗੜ੍ਹ ਸਾਹਿਬ, 28 ਨਵੰਬਰ -ਪੰਜਾਬ ਵਿਚ ਇਸ ਸਾਲ ਝੋਨੇ ਦੀ ਰਿਕਾਰਡ ਆਮਦ ਨੇ ਜਿੱਥੇ ਸਰਕਾਰੀ ਅਨੁਮਾਨ ਗ਼ਲਤ ਸਾਬਤ ਕਰ ਦਿੱਤੇ, ਉੱਥੇ ਹੁਣ ਸਰਕਾਰੀ ਗੁਦਾਮਾਂ ਵਿਚ ਪਿਛਲੇ ਸੀਜ਼ਨਾਂ ਦਾ ਲੱਖਾਂ ਟਨ ਪੁਰਾਣਾ ਸਟਾਕ ਪਿਆ ਹੋਣ ਕਾਰਨ ਨਵੇਂ ਝੋਨੇ ਤੋਂ ਤਿਆਰ ਹੋਣ ਵਾਲੇ ਚੌਲਾ ਦੇ ਭੰਡਾਰਨ ਨੂੰ ਲੈ ਕੇ ਵੱਡਾ ਸੰਕਟ ਪੈਦਾ ਹੋ ਗਿਆ ਹੈ । ਇਸ ਸਥਿਤੀ ਨੇ ਪੰਜਾਬ ਦੇ ਕਰੀਬ 5500 ਚੌਲ ਮਿੱਲ ਮਾਲਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ । ਝੋਨੇ ਦਾ ਕੁੱਲ ਉਤਪਾਦਨ ਇਸ ਸੀਜ਼ਨ ਵਿਚ 193 ਲੱਖ ਮੀਟਰਕ ਟਨ ਨੂੰ ਤਾਂ ...
ਅਜੀਤ ਡੈਸਕ
29-11-2026