19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬਠਿੰਡਾ-ਚੰਡੀਗੜ੍ਹ ਕੌਮੀ ਰਾਜਮਾਰਗ ’ਤੇ ਭਾਖੜਾ ਨਹਿਰ ਦਾ ਪੁਲ ਡਿੱਗਾ

ਬਠਿੰਡਾ-ਚੰਡੀਗੜ੍ਹ ਕੌਮੀ ਰਾਜਮਾਰਗ ’ਤੇ ਭਾਖੜਾ ਨਹਿਰ ਦਾ ਪੁਲ ਡਿੱਗਾ

Ad Position 21
No active advertisement
ਅਜੀਤ ਡੈਸਕ 20-11-2026

ਇਕ ਟਰੱਕ ਤੇ ਟਰਾਲਾ ਫਸੇ, ਪੰਜ ਜ਼ਖ਼ਮੀ

ਮਨਦੀਪ ਸਿੰਘ ਖਰੌੜ
ਪਟਿਆਲਾ, 19 ਨਵੰਬਰ -ਪਟਿਆਲਾ ਦੇ ਪਸਿਆਣਾ ਨੇੜੇ ਭਾਖੜਾ ਨਹਿਰ ’ਤੇ ਬਣਿਆ ਸਟੀਲ ਦਾ ਪੁਲ ਦੋ ਰੇਤ ਦੇ ਟਰਾਲਿਆਂ ਤੇ ਇਕ ਟਰੱਕ ਦੇ ਲੰਘਣ ਸਮੇਂ ਅਚਾਨਕ ਟੁੱਟ ਗਿਆ । ਹਾਦਸਾ ਸਵੇਰੇ ਕਰੀਬ 6 ਵਜੇ ਵਾਪਰਿਆ, ਜਿਸ ਦੌਰਾਨ ਇਕ ਟਰਾਲਾ ਤੇ ਇਕ ਟਰੱਕ ਪੁਲ ਉੱਪਰ ਹੀ ਲਟਕ ਗਏ, ਜਦਕਿ ਇਕ ਟਰਾਲਾ ਸੁਰੱਖਿਅਤ ਲੰਘ ਗਿਆ। ਹਾਦਸੇ ਵਿਚ ਪੰਜ ਵਿਅਕਤੀ ਜ਼ਖ਼ਮੀ ਹੋਏ, ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ । ਉਨ੍ਹਾਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਸਮੇਂ ਇਕ ਟਰਾਲੇ ਨੂੰ ਅੱਗ ਵੀ ਲੱਗ ਗਈ। ਪੁਲ ਦਾ ਮਲਬਾ ਨਹਿਰ ਵਿਚ ਲਟਕਣ ਕਾਰਨ ਪਾਣੀ ਦਾ ਵਹਾਅ ਪ੍ਰਭਾਵਿਤ ਹੋਇਆ। ਇਹ ਪੁਲ ਸਾਲ 2000 ਵਿਚ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵਲੋਂ ਲੋਕ ਨਿਰਮਾਣ ਵਿਭਾਗ ਦੀ ਦੇਖ-ਰੇਖ ਹੇਠ ਬਣਾਇਆ ਗਿਆ ਸੀ ਅਤੇ ਸਾਲ 2018 ਵਿਚ ਇਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਐਨ.ਐੱਚ.ਏ.ਆਈ. ਨੂੰ ਸੌਂਪੀ ਗਈ ਸੀ । ਐਨ.ਐੱਚ.ਏ.ਆਈ. ਨੇ ਪੁਲ ਡਿੱਗਣ ਦੇ ਕਾਰਨਾਂ ਦੀ ਜਾਂਚ ਲਈ ਟੀਮ ਬਣਾਈ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਨਹਿਰ ਦੇ ਕਿਨਾਰਿਆਂ ਦੀ ਸੁਰੱਖਿਆ ਅਤੇ ਪੁਲ ਦੀ ਮੁੜ ਉਸਾਰੀ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ। ਉਨ੍ਹਾਂ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ਦੀ ਪੜਤਾਲ ਕਰਨ ਦਾ ਐਲਾਨ ਕੀਤਾ ਹੈ । ਪੁਲ ਦੀ ਦੇਖ-ਰੇਖ ਨੂੰ ਲੈ ਕੇ ਲੋਕ ਨਿਰਮਾਣ ਵਿਭਾਗ ਅਤੇ ਐਨ.ਐੱਚ.ਏ.ਆਈ. ਵਿਚਕਾਰ ਜ਼ਿੰਮੇਵਾਰੀ ਦਾ ਸਵਾਲ ਖੜ੍ਹਾ ਹੋ ਗਿਆ ਹੈ। ਸਵਾਲ ਉੱਠ ਰਹੇ ਹਨ ਕਿ ਅੱਠ ਸਾਲਾਂ ਤੋਂ ਰਾਸ਼ਟਰੀ ਮਾਰਗ ਦੀ ਨਿਗਰਾਨੀ ਕਰ ਰਹੀ ਐਨ.ਐੱਚ.ਏ.ਆਈ. ਨੂੰ ਪੁਲ ਦੀ ਹਾਲਤ ਬਾਰੇ ਜਾਣਕਾਰੀ ਕਿਉਂ ਨਹੀਂ ਸੀ ਤੇ ਇਸ ਦੀ ਸਮੇਂ ਸਿਰ ਮੁਰੰਮਤ ਕਿਉਂ ਨਹੀਂ ਕਰਵਾਈ ਗਈ। ਦੂਜੇ ਪਾਸੇ ਅਥਾਰਟੀ ਦਾ ਕਹਿਣਾ ਹੈ ਕਿ ਪੁਲ ਦਾ ਨਿਰਮਾਣ ਲੋਕ ਨਿਰਮਾਣ ਵਿਭਾਗ ਵਲੋਂ ਕਰਵਾਇਆ ਗਿਆ ਸੀ। ਹਾਲਾਂਕਿ ਇਸ ਦੀ ਆਖਰੀ ਵਾਰ ਜਾਂਚ ਅਤੇ ਮੁਰੰਮਤ ਕਦੋਂ ਹੋਈ, ਇਸ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਹਾਦਸੇ ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮੌਕੇ ’ਤੇ ਪਹੁੰਚ ਕੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ। ਸੱਤਾਧਾਰੀ ਧਿਰ ਦੇ ਆਗੂਆਂ ਨੇ ਕੇਂਦਰ ਸਰਕਾਰ ਤੇ ਐਨ.ਐੱਚ.ਏ.ਆਈ. ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ । ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਤਨਜ਼ ਕੱਸਦਿਆਂ ਕਿਹਾ ਕਿ ਜਿਹੜੀ ਸੜਕ ਬੰਬ ਧਮਾਕੇ ਨਾਲ ਵੀ ਨਹੀਂ ਟੁੱਟ ਸਕਦੀ ਸੀ, ਉਹ ਭਾਰੀ ਵਾਹਨਾਂ ਦੇ ਭਾਰ ਨਾਲ ਟੁੱਟ ਗਈ। ਉਨ੍ਹਾਂ ਪੁਲ ਦੀ ਭਾਰ ਸਹਿਣ ਸਮਰੱਥਾ ਅਤੇ ਨਿਗਰਾਨੀ ਪ੍ਰਬੰਧਾਂ ਬਾਰੇ ਵੀ ਸਵਾਲ ਉਠਾਏ । ਦੂਜੇ ਪਾਸੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਰਾਸ਼ਟਰੀ ਮਾਰਗ ਦੀ ਸਮੇਂ ਸਿਰ ਦੇਖ-ਰੇਖ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ।

 

Ad Position 22
No active advertisement
ਪਿਛਲੀ ਖ਼ਬਰ ਵਾਲਮੀਕਿ ਤੀਰਥ ਸਰੋਵਰ ਦਾ ਜਲ ਪੱਧਰ ਪੂਰਾ ਨਾ ਹੋਣ ਕਾਰਨ ਸ਼ਰਧਾਲੂ ਨਿਰਾਸ਼ ਹੋ ਕੇ ਪਰਤ ਰਹੇ - ਸੰਤ ਮਲਕੀਤ ਨਾਥ ਅਗਲੀ ਖ਼ਬਰ ਭਾਜਪਾ-ਅਕਾਲੀ ਗੱਠਜੋੜ ਸੰਬੰਧੀ ਭੰਬਲਭੂਸਾ ਜਾਰੀ
Ad Position 24