13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮੁੱਖ ਮੰਤਰੀ ਵਲੋਂ 24 ਲੱਖ ਤੋਂ ਵੱਧ ਘਰੇਲੂ ਬਿਜਲੀ ਖਪਤਕਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ ਦਾ ਐਲਾਨ

ਮੁੱਖ ਮੰਤਰੀ ਵਲੋਂ 24 ਲੱਖ ਤੋਂ ਵੱਧ ਘਰੇਲੂ ਬਿਜਲੀ ਖਪਤਕਾਰਾਂ ਲਈ ਯਕਮੁਸ਼ਤ ਨਿਬੇੜਾ ਸਕੀਮ ਦਾ ਐਲਾਨ

Ad Position 21
No active advertisement
ਅਜੀਤ ਡੈਸਕ 14-11-2026

ਬਕਾਇਆ ਬਿਜਲੀ ਬਿੱਲਾਂ ’ਤੇ ਵਿਆਜ ਤੇ ਜੁਰਮਾਨਾ 100 ਫ਼ੀਸਦੀ ਮੁਆਫ਼

ਬਿੱਲ ਬਕਾਏ ਕਾਰਨ ਕੱਟੇ ਬਿਜਲੀ ਕੁਨੈਕਸ਼ਨ ਦੁਬਾਰਾ ਚਾਲੂ ਕੀਤੇ ਜਾਣਗੇ- ਮੁੱਖ ਮੰਤਰੀ

ਚੰਡੀਗੜ੍ਹ, 13 ਨਵੰਬਰ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਰਾਜ ਵਿਚਲੇ ਘਰੇਲੂ ਬਿਜਲੀ ਖ਼ਪਤਕਾਰਾਂ ਲਈ ਬਿੱਲਾਂ ਦੇ ਬਕਾਏ ਲਈ ਯਕਮੁਸ਼ਤ ਨਿਬੇੜਾ (ਓ.ਟੀ.ਐਸ.) ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਦਾ ਲਾਭ ਸੂਬੇ ਦੇ 24 ਲੱਖ 86 ਹਜ਼ਾਰ ਘਰੇਲੂ ਖਪਤਕਾਰ ਲੈ ਸਕਣਗੇ। ਉਨ੍ਹਾਂ ਵੱਲ 2516 ਕਰੋੜ ਰੁਪਏ ਦੇ ਬਕਾਏ ਪਏ ਹਨ। ਉਨ੍ਹਾਂ ਦੱਸਿਆ ਕਿ ਯੋਜਨਾ ਅਨੁਸਾਰ 31 ਮਾਰਚ 2026 ਤੱਕ ਦੇ ਇਨ੍ਹਾਂ ਬਕਾਇਆਂ ਦੇ ਭੁਗਤਾਨ ਲਈ ਖਪਤਕਾਰਾਂ ਨੂੰ ਕੇਵਲ ਮੂਲ ਰਾਸ਼ੀ ਦੇਣੀ ਪਵੇਗੀ ਜਦਕਿ ਜੁਰਮਾਨੇ ਤੇ ਵਿਆਜ ਦੀ ਰਾਸ਼ੀ ਮੁਆਫ਼ ਕਰ ਦਿੱਤੀ ਜਾਵੇਗੀ ਤੇ ਇਸ ਨਾਲ ਖਪਤਕਾਰਾਂ ਨੂੰ ਕੋਈ 518 ਕਰੋੜ ਦਾ ਲਾਭ ਮਿਲ ਸਕੇਗਾ। ਉਨ੍ਹਾਂ ਦੱਸਿਆ ਕਿ ਖਪਤਕਾਰਾਂ ਨੂੰ ਬਕਾਇਆ ਰਾਸ਼ੀ ਦਾ 25 ਫੀਸਦੀ ਤੁਰੰਤ ਤੇ ਬਾਕੀ 75 ਫੀਸਦ ਰਾਸ਼ੀ 6-6 ਮਹੀਨੇ ਦੀਆਂ ਦੋ ਕਿਸ਼ਤਾਂ ’ਚ ਜਮ੍ਹਾਂ ਕਰਵਾਉਣਾ ਪਵੇਗਾ। ਉਨ੍ਹਾਂ ਦੱਸਿਆ ਇਸ ਯੋਜਨਾ ਸਬੰਧੀ ਨੋਟੀਫ਼ਿਕੇਸ਼ਨ ਕੱਲ੍ਹ ਜਾਰੀ ਹੋ ਜਾਵੇਗਾ ਤੇ ਇਹ ਅਗਲੇ 45 ਦਿਨ ਲਾਗੂ ਰਹੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਬਿੱਲਾਂ ਦੇ ਇਹ ਬਕਾਏ ਕਾਫੀ ਸਮੇਂ ਤੋਂ ਲੰਬਿਤ ਚੱਲਦੇ ਆ ਰਹੇ  ਹਨ ਤੇ ਜਿਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ ਸਨ, ਹੁਣ ਉਹ ਵੀ ਬਹਾਲ ਹੋ ਸਕਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਨੇ 180 ਲੱਖ ਮੀਟਰਿਕ ਟਨ ਝੋਨਾ ਖਰੀਦਣ ਦਾ ਟੀਚਾ ਪੂਰਾ ਕਰ ਲਿਆ ਹੈ ਤੇ ਕੁੱਲ 200 ਲੱਖ ਮੀਟਰਿਕ ਟਨ ਤੋਂ ਵੱਧ ਝੋਨਾ ਆਉਣ ਦਾ ਅਨੁਮਾਨ ਹੈ ਤੇ ਸਰਕਾਰ ਮੰਡੀਆਂ ’ਚ ਆਉਣ ਵਾਲੇ ਝੋਨੇ ਦਾ ਇਕ-ਇਕ ਦਾਣਾ ਚੁੱਕੇਗੀ। ਉਨ੍ਹਾਂ ਦੱਸਿਆ ਕਿ ਸੂਬੇ ’ਚ ਇਸ ਸਾਲ ਝੋਨੇ ਦਾ ਰਿਕਾਰਡ ਉਤਪਾਦਨ ਹੋਇਆ ਹੈ। ਵਿਧਾਨ ਸਭਾ ਚੋਣਾਂ ਲਈ ਪਾਰਟੀ ਟਿਕਟਾਂ ਦੁਬਾਰਾ ਨਾ ਮਿਲਣ ਕਾਰਨ ਨਾਰਾਜ਼ ਹੋਣ ਵਾਲੇ ਕੁਝ ਵਿਧਾਇਕਾਂ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਟਿਕਟ ਦੇਣ ਦਾ ਫ਼ੈਸਲਾ ਪਾਰਟੀ ਦਾ ਹੁੰਦਾ ਹੈ ਤੇ ਕਈ ਵਾਰ ਹਰ ਕਿਸੇ ਨੂੰ ਟਿਕਟ ਦੇ ਸਕਣਾ ਸੰਭਵ ਵੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਹ ਇਨਸਾਨੀ ਫ਼ਿਤਰਤ ਹੈ ਤੇ ਥੋੜ੍ਹੀ ਬਹੁਤੀ ਨਾਰਾਜ਼ਗੀ ਕਈ ਵਾਰ ਹੋ ਵੀ ਜਾਂਦੀ ਹੈ। ਦਿੱਲੀ ਸਰਕਾਰ ਦੇ ਪੰਜਾਬ ਤੋਂ ਧੂੰਆਂ ਆਉਣ ਦੇ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੰਜਾਬ ’ਚ ਤਾਂ ਅਜੇ ਝੋਨੇ ਦੀ ਕਟਾਈ ਸ਼ੁਰੂ ਹੀ ਨਹੀਂ ਹੋਈ ਸੀ ਜਦੋਂ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅਜਿਹੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਅਗਰ ਪੱਛਮ ਤੋਂ ਪੂਰਬ ਵੱਲ ਜ਼ੋਰਦਾਰ ਤੇਜ਼ ਹਵਾਵਾਂ ਚੱਲਣ ਤਾਂ ਤਿੰਨ ਦਿਨ ਬਾਅਦ ਪੰਜਾਬ ਦਾ ਧੂੰਆਂ ਦਿੱਲੀ ਪਹੁੰਚ ਸਕਦਾ ਹੈ, ਪਰ ਹਵਾ ਤੇ ਇਸ ਦੇ ਉਲਟ ਚੱਲ ਰਹੀ ਹੈ ਤੇ ਅਜਿਹੇ ਦੋਸ਼ ਬੇਬੁਨਿਆਦ ਹਨ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ, ਯੂ.ਪੀ. ਤੇ ਮੱਧ ਪ੍ਰਦੇਸ਼ ਵੀ ਝੋਨਾ ਬੀਜਦੇ ਹਨ, ਪਰ ਉਨ੍ਹਾਂ ਦਾ ਧੂੰਆਂ ਦਿੱਲੀ ਕਿਉਂ ਨਹੀਂ ਪਹੁੰਚਦਾ। ਮੁੱਖ ਮੰਤਰੀ ਨੇ ਦੱਸਿਆ ਕਿ ਉਹ ਲਾਹੌਰ ਵਿਖੇ ਹੋ ਰਹੀ ਵਿਸ਼ਵ ਪੰਜਾਬੀ ਕਾਨਫ਼ਰੰਸ ’ਚ ਸ਼ਮੂਲੀਅਤ ਲਈ ਭਾਰਤ ਸਰਕਾਰ ਤੋਂ ਸਿਆਸੀ ਪ੍ਰਵਾਨਗੀ ਲਈ ਕੇਸ ਭੇਜ ਰਹੇ ਹਨ। ਉਨ੍ਹਾਂ ਸੁਨੀਲ ਜਾਖੜ ਦੇ ਉਸ ਬਿਆਨ ਦਾ ਮਜ਼ਾਕ ਉਡਾਇਆ ਕਿ ਉਹ ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ ਵਿਰੁੱਧ ਪੰਜਾਬ ’ਚ ਚੋਣ ਲੜਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਸਿਸੋਦੀਆ ਪੰਜਾਬ ਤੋਂ ਕਿਉਂ ਚੋਣ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਅਗਰ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਨਹੀਂ ਮਿਲੀ ਤਾਂ ਪਾਰਟੀ ਉਨ੍ਹਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਵੀ ਦੇ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਔਰਤਾਂ ਨੂੰ ਰਾਖਵਾਂਕਰਨ ਦੇਣ ਦੀ ਆੜ ’ਚ ਉੱਤਰੀ ਭਾਰਤ ’ਚ ਸੰਸਦ ਦੀਆਂ ਸੀਟਾਂ ਵਧਾਉਣਾ ਚਾਹੁੰਦੀ ਹੈ ਜਿੱਥੇ ਉਹ ਮਜ਼ਬੂਤ ਹਨ ਤੇ ਦੱਖਣੀ ਸੂਬਿਆਂ ਦੀ ਭੂਮਿਕਾ ਨੂੰ ਘਟਾਉਣ ਦੀ ਸਾਜ਼ਿਸ਼ ਕਰ ਰਹੇ ਹੈ। ਉਨ੍ਹਾਂ ਕਿਹਾ ਕਿ ਭਾਜਪਾ 888 ਸੀਟਾਂ ਕਰਕੇ ਹੀ ਕਿਉਂ ਰਾਖਵਾਂਕਰਨ ਲਾਗੂ ਕਰਨਾ ਚਾਹੁੰਦੇ ਹੈ ਤੇ ਮੌਜੂਦਾ 543 ਮੈਂਬਰਾਂ ਵਾਲੇ ਸਦਨ ’ਚ ਔਰਤਾਂ ਨੂੰ ਰਾਖਵਾਂਕਰਨ ਕਿਉਂ ਨਹੀਂ ਦੇ ਰਹੀ। ਉਨ੍ਹਾਂ ਆਪਣੀ ਪਤਨੀ ਵਲੋਂ ਆਉਂਦੀਆਂ ਚੋਣਾਂ ਲੜਨ ਤੋਂ ਵੀ ਇਨਕਾਰ ਕੀਤਾ। ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਸਫ਼ਾਈ ਪੱਖੋਂ ਦੇਸ਼ ’ਚ ਪਹਿਲੇ ਸਥਾਨ ’ਤੇ ਆਉਣ ’ਤੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।  

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਸਕੂਲ ਖੇਡਾਂ ਲਈ ਪੰਜਾਬ ਦੀ ਅੰਡਰ-17 ਕ੍ਰਿਕਟ ਟੀਮ ’ਚ ਆਦਰਸ਼ ਨਗਰ ਸਕੂਲ ਜਲੰਧਰ ਦੀ ਮਲਿਕਾ ਦੀ ਚੋਣ ਅਗਲੀ ਖ਼ਬਰ ਮੇਰਾ ਫ਼ੋਨ ਟੈਪ ਕਰਵਾ ਰਹੀ ਹੈ ਸਰਕਾਰ-ਰਾਹੁਲ ਗਾਂਧੀ
Ad Position 24