ਚੰਡੀਗੜ੍ਹ, 9 ਨਵੰਬਰ (ਅਜੀਤ ਬਿਊਰੋ) - ਪੰਜਾਬ ਸਰਕਾਰ ਨੇ ਗੈਂਗਸਟਰਾਂ ਨੂੰ ਇਕ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਦੁਨੀਆ ਵਿਚ ਕਿਤੇ ਵੀ ਭੱਜ ਜਾਣ ਜਾਂ ਲੁਕ ਜਾਣ, ਉਨ੍ਹਾਂ ਨੂੰ ਇਨਸਾਫ਼ ਦੇ ਕਟਹਿਰੇ ਵਿਚ ਲਿਆਉਣ ਲਈ ਵਾਪਸ ਲਿਆਂਦਾ ਜਾਵੇਗਾ । ਪੰਜਾਬ ਪੁਲਿਸ ਨੇ ਮਹਿਜ਼ ਛੇ ਮਹੀਨਿਆਂ ਵਿਚ ਵਿਦੇਸ਼ਾਂ ਤੋਂ 17 ਗੈਂਗਸਟਰਾਂ ਨੂੰ ਵਾਪਸ ਲਿਆਂਦਾ ਹੈ । ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਬੇਮਿਸਾਲ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ 1.61 ਲੱਖ ਛਾਪੇਮਾਰੀਆਂ ਕੀਤੀਆਂ ਹਨ ਤੇ 2,162 ਇਸ਼ਤਿਹਾਰੀ ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਸਭ ਤੋਂ ਤਾਜ਼ਾ ਸਫ਼ਲਤਾ ਇਥੋਪੀਆ ਤੋਂ ਗੁਰਵਿੰਦਰ ਸਿੰਘ ਉਰਫ਼ ਅਫ਼ਰੀਦੀ ਨੂੰ ਭਾਰਤ ਲਿਆਉਣਾ ਹੈ, ਜਿਸ ’ਤੇ 5 ਲੱਖ ਰੁਪਏ ਦਾ ਇਨਾਮ ਸੀ ਤੇ ਉਹ 30 ਤੋਂ ਵੱਧ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ । ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੇ ਗੈਂਗਸਟਰਵਾਦ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਬੇਮਿਸਾਲ ਜੰਗ ਛੇੜੀ ਹੈ । ਚੀਮਾ ਨੇ ਦੱਸਿਆ ਕਿ ਹੋਰ ਗੈਂਗਸਟਰਾਂ ਨੂੰ ਹਾਂਗਕਾਂਗ, ਮਾਲਦੀਵ, ਜਰਮਨੀ, ਯੂਏਈ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਤੋਂ ਵਾਪਸ ਲਿਆਂਦਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਉੱਤਰ ਪ੍ਰਦੇਸ਼ ਤੋਂ ਅਫ਼ਰੀਦੀ ਨੂੰ ਜਾਅਲੀ ਪਾਸਪੋਰਟ ਮਿਲਣ ’ਤੇ ਭਾਜਪਾ ਨੂੰ ਘੇਰਿਆ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਾਮਲੇ ’ਤੇ ਵੀ ਸਵਾਲ ਉਠਾਏ । ਉਨ੍ਹਾਂ ਦੋਸ਼ ਲਾਇਆ ਕਿ ਗੈਂਗਸਟਰਾਂ ਦੀ ਵਰਤੋਂ ਸਿਆਸੀ ਵਿਰੋਧੀਆਂ ਨੂੰ ਡਰਾਉਣ ਤੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਅਸਥਿਰ ਕਰਨ ਲਈ ਕੀਤੀ ਜਾ ਰਹੀ ਹੈ । ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਪਰਾਧੀਆਂ ਵਿਰੁੱਧ ਅਦਾਲਤਾਂ ਵਿਚ ਪੁਖ਼ਤਾ ਸਬੂਤ ਪੇਸ਼ ਕਰੇਗੀ ਤੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਲਈ ਵਚਨਬੱਧ ਹੈ।