ਨਵੀਂ ਦਿੱਲੀ, 7 ਨਵੰਬਰ (ਉਪਮਾ ਡਾਗਾ ਪਾਰਥ)-ਐਮਰਜੈਂਸੀ ਬਾਰੇ ਗੱਲ ਕਰਦਿਆਂ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਇਸ ਨੂੰ ਲਾਗੂ ਕਰਨ ਦੇ ਫ਼ੈਸਲੇ ਨੂੰ ਇੱਕ ‘ਗਲਤੀ’ ਕਰਾਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸੱਸ ਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਬਾਅਦ ਵਿਚ ਅਜਿਹਾ ਹੀ ਮਹਿਸੂਸ ਕਰਨ ਲੱਗ ਪਏ ਸਨ ।‘ਦਿ ਗਾਰਡੀਅਨ’ ਦੀ ਰਿਪੋਰਟ ਅਨੁਸਾਰ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਨੇ ਆਪਣੀ ਆਉਣ ਵਾਲੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਵਿਚ ਲਿਖਿਆ ਹੈ ਕਿ ਜੇਕਰ ਸੰਜੇ ਗਾਂਧੀ ਨੂੰ ਕਾਬੂ ਵਿਚ ਰੱਖਿਆ ਜਾਂਦਾ, ਤਾਂ ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਹੋਏ ਬਹੁਤ ਸਾਰੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ । ਆਪਣੀ ਸਵੈ-ਜੀਵਨੀ ਦੇ ਜਾਰੀ ਹੋਣ ਤੋਂ ਪਹਿਲਾਂ ਬ੍ਰਿਟਿਸ਼ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਸੋਨੀਆ ਗਾਂਧੀ ਨੇ ਕਿਹਾ ਕਿ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਇੰਦਰਾ ਗਾਂਧੀ ਦਿਲੋਂ ਲੋਕਤੰਤਰ ਵਿਚ ਵਿਸ਼ਵਾਸ ਰੱਖਣ ਵਾਲੇ ਇਨਸਾਨ ਸਨ । ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਇਸ ਗੱਲ ’ਤੇ ਹੱਸਣਗੇ, ਪਰ ਮੇਰਾ ਮੰਨਣਾ ਹੈ ਕਿ ਉਹ ਐਮਰਜੈਂਸੀ ਦੌਰਾਨ ਕਦੇ ਵੀ ਸਹਿਜ ਨਹੀਂ ਸਨ । ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੇ ਮਨ ’ਤੇ ਬਹੁਤ ਭਾਰੀ ਬੋਝ ਵਾਂਗ ਸੀ। ਸੋਨੀਆ ਗਾਂਧੀ, ਜੋ ਕਾਂਗਰਸ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹਿਣ ਦਾ ਰਿਕਾਰਡ ਵੀ ਰੱਖਦੇ ਹਨ, ਨੇ ਬ੍ਰਿਟਿਸ਼ ਅਖਬਾਰ ਨੂੰ ਕਿਹਾ ਕਿ ਇੰਦਰਾ ਗਾਂਧੀ ਵਲੋਂ ਐਮਰਜੈਂਸੀ ਲਾਗੂ ਕਰਨਾ ਇੱਕ ਗਲਤੀ ਸੀ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸੱਸ ਵੀ ਬਾਅਦ ਵਿਚ ਅਜਿਹਾ ਹੀ ਮਹਿਸੂਸ ਕਰਨ ਲੱਗ ਪਏ ਸਨ । ਸੋਨੀਆ ਗਾਂਧੀ ਅਨੁਸਾਰ ਐਮਰਜੈਂਸੀ ਦੇ ਫੈਸਲੇ ਨੂੰ ਲੈ ਕੇ ਪਰਿਵਾਰ ਵਿਚ ਮਤਭੇਦ ਸਨ। ‘ਦਿ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਸੋਨੀਆ ਗਾਂਧੀ ਦੇ ਪਤੀ ਰਾਜੀਵ ਗਾਂਧੀ ਇਸ ਕਦਮ ਦੇ ਖ਼ਿਲਾਫ਼ ਸਨ । ਉਨ੍ਹਾਂ ਨੇ ਆਪਣੀ ਮਾਂ ਨੂੰ ਅਗਲੀਆਂ ਚੋਣਾਂ ਤੱਕ ਉਡੀਕ ਕਰਨ ਲਈ ਕਿਹਾ ਸੀ, ਪਰ ਉਨ੍ਹਾਂ ਦੇ ਛੋਟੇ ਪੁੱਤਰ ਸੰਜੇ ਗਾਂਧੀ ਨੇ ਇਸ ਲਈ ਜ਼ੋਰ ਪਾਇਆ । ਸੋਨੀਆ ਗਾਂਧੀ ਨੇ ਦੱਸਿਆ ਕਿ ਇਸ ਨਾਲ ਪਰਿਵਾਰ ਦੇ ਅੰਦਰ ਵੀ ਤਣਾਅ ਵਧ ਗਿਆ ਸੀ, ਕਿਉਂਕਿ ਰਾਜੀਵ ਨੇ ਆਪਣੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ। ‘ਦਿ ਗਾਰਡੀਅਨ’ ਮੁਤਾਬਿਕ, ਸੋਨੀਆ ਗਾਂਧੀ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਜੇਕਰ ਸੰਜੇ ਨੂੰ ਕਾਬੂ ਵਿਚ ਰੱਖਿਆ ਜਾਂਦਾ, ਤਾਂ ਬਾਅਦ ਵਿਚ ਹੋਏ ਬਹੁਤ ਸਾਰੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵੱਲ ਮੁੜ ਕੇ ਦੇਖਣ ਨਾਲ ਚੀਜ਼ਾਂ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇੰਦਰਾ ਗਾਂਧੀ ਨੇ ਖੁਦ ਬਾਅਦ ਵਿਚ ਜਨਤਕ ਤੌਰ ’ਤੇ ਅਫ਼ਸੋਸ ਪ੍ਰਗਟ ਕੀਤਾ ਸੀ ਤੇ ਐਮਰਜੈਂਸੀ ਦੌਰਾਨ ਹੋਈਆਂ ਵਧੀਕੀਆਂ ਲਈ ਮੁਆਫ਼ੀ ਮੰਗੀ ਸੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸੰਜੇ ਗਾਂਧੀ ਦਾ ਨਾਮ ਐਮਰਜੈਂਸੀ ਦਾ ਸਮਾਨਾਰਥੀ ਕਿਵੇਂ ਬਣ ਗਿਆ ਅਤੇ ਕੀ ਇੰਦਰਾ ਗਾਂਧੀ ਆਪਣੇ ਵੱਡੇ ਪੁੱਤਰ ਰਾਜੀਵ ਅਤੇ ਹੋਰਾਂ ਦੀ ਗੱਲ ਸੁਣਦੀ ਤਾਂ ਉਸ ਸਮੇਂ ਹੋਈਆਂ ਵਧੀਕੀਆਂ ਨੂੰ ਟਾਲਿਆ ਜਾ ਸਕਦਾ ਸੀ, ਤਾਂ ਸੋਨੀਆ ਗਾਂਧੀ ਨੇ ਕਿਹਾ ਕਿ ਇਹ ਸਿਰਫ਼ ਸੰਜੇ ਦੀ ਗੱਲ ਨਹੀਂ ਸੀ, ਉਨ੍ਹਾਂ ਦੇ ਕੁਝ ਸੀਨੀਅਰ ਸਾਥੀਆਂ ਵਲੋਂ ਬਹੁਤ ਦਬਾਅ ਸੀ ਅਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਰਾਜੀਵ ਵਰਗੇ ਬਹੁਤ ਘੱਟ ਲੋਕ ਸਨ ਜਿਨ੍ਹਾਂ ਦਾ ਨਜ਼ਰੀਆ ਵੱਖਰਾ ਸੀ।’ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੰਤ ਵਿੱਚ ਮੇਰੀ ਸੱਸ ਨੇ ਆਪਣੀ ਸੂਝ-ਬੂਝ ਨਾਲ ਸਥਿਤੀ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਸੀ ਤੇ ਇਸ ਨੂੰ ਸੁਧਾਰਨ ਲਈ ਕਦਮ ਚੁੱਕੇ ਸਨ । ਸੋਨੀਆ ਗਾਂਧੀ ਨੇ ਕਿਹਾ, ‘ਜਦੋਂ ਮੈਂ ਉਸ ਦੌਰ ਬਾਰੇ ਸੋਚਦੀ ਹਾਂ ਤੇ ਸ੍ਰੀਮਤੀ ਇੰਦਰਾ ਗਾਂਧੀ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰਦੀ ਹਾਂ, ਤਾਂ ਮੈਨੂੰ ਉਹ ਤੇਜ਼ੀ ਨਾਲ ਵਿਗੜਦੇ ਹਾਲਾਤਾਂ ਨਾਲ ਜੂਝਦੀ ਹੋਈ ਦਿਖਾਈ ਦਿੰਦੀ ਹੈ। ਹਿੰਸਕ ਪ੍ਰਦਰਸ਼ਨ, ਸਰਕਾਰੀ ਦਫ਼ਤਰਾਂ ਅਤੇ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਅੱਗ ਲਗਾਉਣਾ, ਵੱਡੇ ਪੱਧਰ ’ਤੇ ਸੰਗਠਿਤ ਅਸ਼ਾਂਤੀ ਤੇ ਇੱਥੋਂ ਤੱਕ ਕਿ ਅਫ਼ਸਰਸ਼ਾਹੀ ਤੇ ਹਥਿਆਰਬੰਦ ਬਲਾਂ ਨੂੰ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਉਕਸਾਉਣਾ।’ ਸੋਨੀਆ ਗਾਂਧੀ ਨੇ ਦੱਸਿਆ ਕਿ ਇੰਦਰਾ ਗਾਂਧੀ ਨੂੰ ਖੁਦ ਅਹਿਸਾਸ ਹੋ ਗਿਆ ਸੀ ਕਿ ਕੀ ਹੋ ਰਿਹਾ ਹੈ, ਤੇ ਉਨ੍ਹਾਂ ਨੇ ਮਾਰਚ 1977 ਵਿਚ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਭਾਜਪਾ ਸਰਕਾਰ ਵਲੋਂ ਸਾਡੇ ਦੇਸ਼, ਸਾਡੇ ਲੋਕਤੰਤਰ ਅਤੇ ਸਾਡੀਆਂ ਸੰਸਥਾਵਾਂ ਨੂੰ ਪਹੁੰਚਾਏ ਭਾਰੀ ਨੁਕਸਾਨ ਨੂੰ ਲੋਕ ਪਛਾਣ ਰਹੇ ਹਨ ਅਤੇ ਹੁਣ ਬੇਚੈਨ ਹੋਣਾ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਭਾਰਤ ਦੇ ਲੋਕ ਦੇਸ਼ ’ਚ ਬਿਹਤਰ ਗਵਰਨੈਂਸ ਦੇ ਵਾਪਸ ਆਉਣ ਦਾ ਸਵਾਗਤ ਕਰਨਗੇ। ਸੋਨੀਆ ਗਾਂਧੀ ਨੇ ਆਪਣੀ ਆਤਮਕਥਾ ‘ਬਿਲੌਗਿੰਗ : ਅ ਜਰਨੀ ਆਫ਼ ਲਵ’ ਦੇ ਦੁਨੀਆ ਭਰ ’ਚ 10 ਨਵੰਬਰ ਨੂੰ ਲਾਂਚ ਹੋਣ ਤੋਂ ਪਹਿਲਾਂ ਦਿੱਤੇ ਇਸ ਇੰਟਰਵਿਊ ’ਚ ਸਿਆਸੀ ਅਤੇ ਨਿੱਜੀ ਕਈ ਸਵਾਲਾਂ ਦੇ ਜਵਾਬ ਦਿੱਤੇ। ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵੀ ਲਿਖਿਆ ਕਿ ਮੋਦੀ ਬਿਲਕੁਲ ਵੱਖਰੀ ਵਿਚਾਰਕ ਦੁਨੀਆ ਤੋਂ ਆਉਂਦੇ ਹਨ, ਪਰ ਸਿਆਸਤ ’ਚ ਸਫ਼ਲਤਾ ਹਾਸਿਲ ਕਰਨ ਦੇ ਕਈ ਰਸਤੇ ਹੁੰਦੇ ਹਨ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਸਾਨੂੰ ਆਰ.ਐਸ.ਐਸ. ਤੋਂ ਕੁਝ ਸਿੱਖਣ ਦੀ ਲੋੜ ਹੈ।