27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਫ਼ੌਜ ਲਈ 2.12 ਲੱਖ ਕਰੋੜ ਰੁਪਏ ਦੇ ਸਾਜ਼ੋ-ਸਾਮਾਨ ਦੀ ਖਰੀਦ ਨੂੰ ਪ੍ਰਵਾਨਗੀ

ਫ਼ੌਜ ਲਈ 2.12 ਲੱਖ ਕਰੋੜ ਰੁਪਏ ਦੇ ਸਾਜ਼ੋ-ਸਾਮਾਨ ਦੀ ਖਰੀਦ ਨੂੰ ਪ੍ਰਵਾਨਗੀ

Ad Position 21
No active advertisement
ਅਜੀਤ ਡੈਸਕ 27-10-2026

ਨਵੀਂ ਦਿੱਲੀ, 26 ਅਕਤੂਬਰ (ਪੀ.ਟੀ.ਆਈ.)-ਭਾਰਤ ਨੇ ਰੱਖਿਆ ਖੇਤਰ ’ਚ ਵੱਡਾ ਕਦਮ ਚੁੱਕਦਿਆਂ ਕਈ ਤਰ੍ਹਾਂ ਦੇ ਫੌਜੀ ਸਾਜ਼ੋ-ਸਾਮਾਨ ਤੇ ਹਥਿਆਰ ਪ੍ਰਣਾਲੀਆਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ’ਚ ਹਲਕੇ ਮਲਟੀ-ਰੋਲ ਹੈਲੀਕਾਪਟਰ, ਲੰਬੀ ਦੂਰੀ ਤੱਕ ਹਮਲਾ ਕਰਨ ਵਾਲੇ ਕਾਮੀਕਾਜ਼ੇ ਡਰੋਨ ਤੇ ਰਡਾਰ ਸ਼ਾਮਲ ਹਨ। ਇਨ੍ਹਾਂ ਦੀ ਖਰੀਦ ’ਤੇ 2.12 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦਾ ਮਕਸਦ ਦੇਸ਼ ਦੀਆਂ ਹਥਿਆਰਬੰਦ ਫੌਜਾਂ ਦੀ ਲੜਨ ਦੀ ਤਾਕਤ ਵਧਾਉਣਾ ਹੈ। ਇਨ੍ਹਾਂ ਖਰੀਦ ਪ੍ਰਸਤਾਵਾਂ ਨੂੰ ਰੱਖਿਆ ਮੰਤਰਾਲੇ ਦੀ ਸਭ ਤੋਂ ਉੱਚੀ ਖਰੀਦ ਫੈਸਲਾ ਕਰਨ ਵਾਲੀ ਸੰਸਥਾ, ਰੱਖਿਆ ਖਰੀਦ ਕੌਂਸਲ (ਡੀ.ਏ.ਸੀ.) ਨੇ ਮਨਜ਼ੂਰੀ ਦਿੱਤੀ। ਇਸ ਮੀਟਿੰਗ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਕੀਤੀ ਗਈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਕੌਂਸਲ ਨੇ ਲਗਭਗ 2,12,000 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਫੌਜੀ ਸਾਜ਼ੋ-ਸਾਮਾਨ ਖਰੀਦਣ ਦੇ ਪ੍ਰਸਤਾਵਾਂ ਨੂੰ ਮੁੱਢਲੀ ਮਨਜ਼ੂਰੀ ਦਿੱਤੀ ਹੈ। ਇਸ ਮਨਜ਼ੂਰੀ ਨੂੰ ‘ਲੋੜ ਦੀ ਸਵੀਕ੍ਰਿਤੀ’ ਕਿਹਾ ਜਾਂਦਾ ਹੈ। ਮੰਤਰਾਲੇ ਅਨੁਸਾਰ, ਭਾਰਤੀ ਫੌਜ ਲਈ ਵੱਧ ਭਾਰ ਲਿਜਾਣ ਵਾਲੇ ਤੇ ਮੁਸ਼ਕਲ ਇਲਾਕਿਆਂ ’ਚ ਚੱਲਣ ਵਾਲੇ ਵਾਹਨ, ਆਪਣੇ ਆਪ ਚੱਲਣ ਵਾਲੀਆਂ ਤੋਪਾਂ, ਗੋਲੀਬਾਰੀ ਦਾ ਜਵਾਬ ਦੇਣ ਵਾਲਾ ਸਿਸਟਮ, ਹਲਕੇ ਮਲਟੀ-ਰੋਲ ਹੈਲੀਕਾਪਟਰ, ਬਹੁਤ ਘੱਟ ਦੂਰੀ ਵਾਲਾ ਹਵਾਈ ਰੱਖਿਆ ਸਿਸਟਮ ਤੇ ਦੁਸ਼ਮਣ ਡਰੋਨਾਂ ਨੂੰ ਰੋਕਣ ਵਾਲਾ ਸਿਸਟਮ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਫੌਜ ਲਈ ਹੋਰ ਮਨੁੱਖ ਰਹਿਤ ਹਵਾਈ ਪ੍ਰਣਾਲੀ, ਨਿਗਰਾਨੀ ਕਰਨ ਵਾਲੇ ਹਵਾਈ ਡਰੋਨ, ਨਿਗਰਾਨੀ ਅਤੇ ਹਮਲਾ ਕਰਨ ਵਾਲਾ ਇਕੱਠਾ ਸਿਸਟਮ ਤੇ ਲੰਬੀ ਦੂਰੀ ਤੱਕ ਹਮਲਾ ਕਰਨ ਵਾਲੇ ਕਾਮੀਕਾਜ਼ੇ ਡਰੋਨ ਸਿਸਟਮ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਨਵੇਂ ਵਾਹਨਾਂ ਨਾਲ ਫੌਜ ਦੀ ਕਾਰਵਾਈ ਕਰਨ ਦੀ ਸਮਰੱਥਾ, ਸਾਮਾਨ ਪਹੁੰਚਾਉਣ ਦੀ ਸਹੂਲਤ ਤੇ ਔਖੇ ਇਲਾਕਿਆਂ ਵਿਚ ਆਉਣ-ਜਾਣ ਦੀ ਤਾਕਤ ਵਧੇਗੀ। ਆਪਣੇ ਆਪ ਚੱਲਣ ਵਾਲੀਆਂ ਤੋਪਾਂ ਨਾਲ ਫੌਜੀ ਟੁਕੜੀਆਂ ਨੂੰ ਤੇਜ਼ੀ ਨਾਲ ਅੱਗੇ ਵਧਣ ਅਤੇ ਦੁਸ਼ਮਣ ’ਤੇ ਹਮਲਾ ਕਰਨ ਵਿਚ ਮਦਦ ਮਿਲੇਗੀ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਦਿੱਤੀਆਂ ਗਈਆਂ ਸਾਰੀਆਂ ਮੁੱਢਲੀਆਂ ਮਨਜ਼ੂਰੀਆਂ ਵਿਚੋਂ ਲਗਭਗ 82 ਫੀਸਦੀ ਖਰੀਦ ਭਾਰਤੀ ਉਦਯੋਗਾਂ ਤੋਂ ਕੀਤੀ ਜਾਵੇਗੀ। ਇਸ ਨਾਲ ਦੇਸ਼ ਵਿੱਚ ਰੱਖਿਆ ਸਾਜ਼ੋ-ਸਾਮਾਨ ਬਣਾਉਣ ਵਾਲੇ ਉਦਯੋਗਾਂ ਨੂੰ ਵੀ ਉਤਸ਼ਾਹ ਮਿਲੇਗਾ।

Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਸ਼ੁੱਧ ਈਥਾਨੌਲ ਨਾਲ ਚੱਲਣ ਵਾਲੇ ਵਾਹਨਾਂ ਨੂੰ ਮਨਜ਼ੂਰੀ ਅਗਲੀ ਖ਼ਬਰ 2027 ’ਚ ਕਾਂਗਰਸ ਬਣਾਏਗੀ ਸਰਕਾਰ, ਪੰਜਾਬ ਨੂੰ ਬਣਾਵਾਂਗੇ ਨਸ਼ਾ ਮੁਕਤ ਸੂਬਾ-ਵੇਣੂਗੋਪਾਲ
Ad Position 24