ਨਵੀਂ ਦਿੱਲੀ, 25 ਅਕਤੂਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਮਹੀਨੇਵਾਰ ਰੇਡੀਓ ਪ੍ਰੋਗਰਾਮ ਦੇ 12 ਸਾਲ ਪੂਰੇ ਹੋਣ ਮੌਕੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਇਹ ਸਫ਼ਰ ਲਗਾਤਾਰ ਜਾਰੀ ਹੈ ਅਤੇ ਇਸ ਸਫ਼ਰ ਦੇ ਹਮਸਫ਼ਰ ਅਤੇ ਮਾਰਗਦਰਸ਼ਕ ਦੇਸ਼ ਵਾਸੀ ਹੀ ਹਨ। ਉਨ੍ਹਾਂ ਪ੍ਰੋਗਰਾਮ ਦੇ 139ਵੇਂ ਅੰਕ ’ਚ ਤਿਉਹਾਰਾਂ ’ਤੇ ਲੋਕਾਂ ਨੂੰ ਸਥਾਨਕ ਕਾਰੀਗਰਾਂ ਵਲੋਂ ਬਣਾਏ ਗਏ ਉਤਪਾਦ ਖਰੀਦਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦਾ ਉਤਸ਼ਾਹ ਵਧੇ। ਮੋਦੀ ਨੇ ਕਿਹਾ ਕਿ ਜਨਤਾ ਦਾ ਅਪਣਾਪਨ ‘ਵੋਕਲ ਫਾਰ ਲੋਕਲ’ ਮੁਹਿੰਮ ਨੂੰ ਹੋਰ ਅੱਗੇ ਲੈ ਜਾਵੇਗਾ ਅਤੇ ਇਹ ਮੁਹਿੰਮ ਜਿੰਨੀ ਅੱਗੇ ਜਾਵੇਗੀ ਵਿਕਸਿਤ ਭਾਰਤ ਦਾ ਸੁਫ਼ਨਾ ਓਨਾ ਹੀ ਅੱਗੇ ਵਧੇਗਾ। ਉਨ੍ਹਾਂ ਭਾਰਤੀ ਉਤਪਾਦਾਂ ਦੀ ਵੱਧ ਰਹੀ ਆਲਮੀ ਮੰਗ ਦਾ ਜ਼ਿਕਰ ਕਰਦਿਆਂ ਬਿਹਾਰ ਦੇ ਪੂਰਣੀਆ ਦੇ ਮਖਾਣੇ ਗ੍ਰੀਸ ਪਹੁੰਚਣ ਅਤੇ ਕਰਨਾਟਕ ਦੇ ਕਲਬੁਰਗੀ ਦੀ ਅਰਹਰ ਦਾਲ ਮਾਲਦੀਵ ਪਹੁੰਚਣ ਦੀ ਮਿਸਾਲ ਵੀ ਦਿੱਤੀ। ਪ੍ਰਧਾਨ ਮੰਤਰੀ ਨੇ ਆਪਣੇ ਪ੍ਰੋਗਰਾਮ ’ਚ ਸੁਤੰਤਰਤਾ ਸੈਨਾਨੀ ਭਾਈ ਪਰਮਾਨੰਦ ਨੂੰ ਯਾਦ ਕਰਦਿਆਂ ਕਿਹਾ ਕਿ 4 ਨਵੰਬਰ ਨੂੰ ਉਨ੍ਹਾਂ ਦੀ 150ਵੀਂ ਜੈਅੰਤੀ ਹੈ। ਮੋਦੀ ਨੇ ਉਨ੍ਹਾਂ ਦੇ ਯੋਗਦਾਨ ਨੂੰ ਨਮਨ ਕਰਦਿਆਂ ਕਿਹਾ ਕਿ ਆਰੀਆ ਸਮਾਜ ਅਤੇ ਗ਼ਦਰ ਪਾਰਟੀ ਨਾਲ ਜੁੜੇ ਭਾਈ ਪਰਮਾਨੰਦ ਨੇ ਦੱਖਣੀ ਅਫਰੀਕਾ ਅਤੇ ਗੁਆਨਾ ’ਚ ਕੰਮ ਕੀਤਾ ਅਤੇ ਕਾਲੇ ਪਾਣੀ ਦੀ ਸਜ਼ਾ ਵੀ ਕੱਟੀ। ਮੋਦੀ ਨੇ ਇਹ ਵੀ ਕਿਹਾ ਕਿ ਭਾਈ ਪਰਮਾਨੰਦ ਨੇ ਭਗਤ ਸਿੰਘ ਨੂੰ ਵੀ ਪੜ੍ਹਾਇਆ ਸੀ। ਮੋਦੀ ਨੇ 26 ਅਕਤੂਬਰ ਨੂੰ ਮਹਾਂਰਿਸ਼ੀ ਵਾਲਮੀਕਿ ਜੈਅੰਤੀ ਦਾ ਵੀ ਜ਼ਿਕਰ ਕਰਦਿਆਂ ਉਨ੍ਹਾਂ ਵਲੋਂ ਲਿਖੇ ਗਏ ਮਹਾਨ ਗ੍ਰੰਥ ਰਾਮਾਇਣ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਹਜ਼ਾਰਾਂ ਸਾਲ ਬੀਤਣ ’ਤੇ ਵੀ ਮਹਾਂਰਿਸ਼ੀ ਵਾਲਮੀਕਿ ਦੀ ਰਾਮਾਇਣ ਸਾਨੂੰ ਅੱਜ ਵੀ ਕੁਝ ਨਵਾਂ ਸਿਖਾਉਂਦੀ ਹੈ। ਇਹ ਲਗਾਤਾਰ ਕੋਸ਼ਿਸ਼ ਕਰਨ ਅਤੇ ਸੇਵਾ, ਰਹਿਮ ਅਤੇ ਸਮਾਜਿਕ ਸਮਰਸਤਾ ਅਹਿਮੀਅਤ ਵੀ ਸਮਝਾਉਂਦੀ ਹੈ।
ਮਹਾਂਰਿਸ਼ੀ ਵਾਲਮੀਕਿ ਦੀ ਰਾਮਾਇਣ ਸਾਨੂੰ ਅੱਜ ਵੀ ਕੁਝ ਨਵਾਂ ਸਿਖਾਉਂਦੀ ਹੈ-ਮੋਦੀ ‘ਮਨ ਕੀ ਬਾਤ’ ਦੇ 12 ਸਾਲ ਹੋਏ ਪੂਰੇ
ਨਵੀਂ ਦਿੱਲੀ, 25 ਅਕਤੂਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਮਹੀਨੇਵਾਰ ਰੇਡੀਓ ਪ੍ਰੋਗਰਾਮ ਦੇ 12 ਸਾਲ ਪੂਰੇ ਹੋਣ ਮੌਕੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਇਹ ਸਫ਼ਰ ਲਗਾਤਾਰ ਜਾਰੀ ਹੈ ਅਤੇ ਇਸ ਸਫ਼ਰ ਦੇ ...
ਅਜੀਤ ਡੈਸਕ
26-10-2026