23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਵਿਧਾਨ ਸਭਾ ਵਲੋਂ ਮੁੱਖ ਚੋਣ ਕਮਿਸ਼ਨਰ ਦੀ ਕਾਰਜਸ਼ੈਲੀ ਤੇ ਬੇਨਿਯਮੀਆਂ ਦੀ ਸੁਤੰਤਰ ਜਾਂਚ ਲਈ ਮਤਾ ਪਾਸ ਵੋਟਰ ਹੁਣ ਸਰਕਾਰ ਨਹੀਂ ਚੁਣਦੇ ਬਲਕਿ ਹੁਣ ਸਰਕਾਰ ਵੋਟਰ ਚੁਣਦੀ ਹੈ-ਮੁੱਖ ਮੰਤਰੀ

ਚੰਡੀਗੜ੍ਹ, 23 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਵਲੋਂ ਅੱਜ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਕਾਰਜਸ਼ੈਲੀ ਤੇ ਕੀਤੀਆਂ ਬੇਨਿਯਮੀਆਂ ਦੀ ਇਕ ਸੁਤੰਤਰ ਤੇ ਭਰੋਸੇਯੋਗ ਜਾਂਚ ...

Ad Position 21
No active advertisement
ਅਜੀਤ ਡੈਸਕ 24-10-2026

ਚੰਡੀਗੜ੍ਹ, 23 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਵਲੋਂ ਅੱਜ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਕਾਰਜਸ਼ੈਲੀ ਤੇ ਕੀਤੀਆਂ ਬੇਨਿਯਮੀਆਂ ਦੀ ਇਕ ਸੁਤੰਤਰ ਤੇ ਭਰੋਸੇਯੋਗ ਜਾਂਚ ਕਰਵਾਉਣ ਦੀ ਮੰਗ ਸਬੰਧੀ ਮਤਾ ਪਾਸ ਕੀਤਾ ਗਿਆ ਤੇ ਦੇਸ਼ ’ਚ ਵੱਡੇ ਪੱਧਰ ’ਤੇ ਵੋਟਾਂ ਕੱਟੇ ਜਾਣ ’ਤੇ ਚਿੰਤਾ ਦਾ ਇਜ਼ਹਾਰ ਕਰਦਿਆਂ ਕਾਰਵਾਈ ਦੀ ਮੰਗ ਵੀ ਕੀਤੀ ਗਈ। ਇਹ ਸਰਕਾਰੀ ਮਤਾ ਸਦਨ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤਾ ਗਿਆ, ਜਿਸ ਨੂੰ ਸਦਨ ਨੇ ਕਾਂਗਰਸੀ ਮੈਂਬਰਾਂ ਦੀ ਗੈਰ-ਹਾਜ਼ਰੀ ’ਚ ਸਰਬਸੰਮਤੀ ਨਾਲ ਪਾਸ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਮਤੇ ’ਤੇ ਬੋਲਦਿਆਂ ਕਿਹਾ ਕਿ ਹੁਣ ਤੱਕ ਤਾਂ ਦੇਸ਼ ਦੇ ਵੋਟਰ ਸਰਕਾਰਾਂ ਚੁਣਦੇ ਰਹੇ ਸਨ, ਪਰ ਭਾਜਪਾ ਸਰਕਾਰ ਦੌਰਾਨ ਕੋਈ 14 ਕਰੋੜ ਵੋਟਰਾਂ ਦੀ ਵੋਟ ਦਾ ਹੱਕ ਖ਼ਤਮ ਕਰ ਦਿੱਤਾ ਗਿਆ ਹੈ ਹੁਣ ਇਹ ਫੈਸਲਾ ਸਰਕਾਰ ਕਰ ਰਹੀ ਹੈ ਕਿ ਵੋਟਰ ਕੋਣ ਹੋਵੇਗਾ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਲੋਕਤੰਤਰ ਦੇ ਚਾਰੇ ਥੰਮਾਂ ਨੂੰ ਤਾਨਾਸ਼ਾਹੀ ਹੇਠ ਦਬਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਹੁਣ ਲੋਕਤੰਤਰ ਨਾਲ ਚੁਣੇ ਤਾਨਾਸ਼ਾਹਾਂ ਦੇ ਕੰਟਰੋਲ ’ਚ ਚਲਾ ਗਿਆ ਹੈ ਤੇ ਭਾਜਪਾ ਈ.ਵੀ.ਐਮ ਮਸ਼ੀਨਾਂ ਤੇ ਗਿਆਨੇਸ਼ ਕੁਮਾਰ ਦੀ ਢਾਲ ਬਣੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲੋਕਤੰਤਰੀ ਕਦਰਾਂ ਕੀਮਤਾਂ ਖ਼ਤਮ ਕਰਨਾ ਦੇਸ਼ ਲਈ ਘਾਤਕ ਸਾਬਤ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਅਮਰੀਕੀ ਧਨਾਢ ਐਲਨ ਮਸਕ ਕਹਿ ਰਹੇ ਹਨ ਕਿ ਦੇਸ਼ ਨੂੰ ਨਰਿੰਦਰ ਮੋਦੀ ਨਹੀਂ ਮੁਕੇਸ਼ ਅੰਬਾਨੀ ਚਲਾ ਰਹੇ ਹਨ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਦਿਲੀ ਆਉਣ ਦੀ ਥਾਂ ਸਿੱਧੇ ਮੁੰਬਈ ਮੁਕੇਸ਼ ਅੰਬਾਨੀ ਕੋਲ ਜਾ ਰਹੇ ਹਨ ਤੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਕਹਿ ਰਹੇ ਹਨ ਕਿ ਉਹ ਮੈਨੂੰ ਮੁੰਬਈ ਆ ਕੇ ਮਿਲ ਸਕਦੇ ਹਨ, ਇਹ ਦੇਸ਼ ਦੇ ਵੱਕਾਰ ਨੂੰ ਵੱਡੀ ਸੱਟ ਵੱਜਣ ਵਾਲੀ ਸ਼ਰਮਨਾਕ ਘਟਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਮਰੀਕਾ ਨਾਲ ਵਪਾਰ ਸਮਝੌਤਾ ਦੇਸ਼ ਦੀ ਕਿਸਾਨੀ ਲਈ ਵੱਡੇ ਖ਼ਤਰੇ ਵਾਲੀ ਘੰਟੀ ਹੈ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਸਾਰੇ ਮਹੱਤਵਪੂਰਨ ਫੈਸਲਿਆਂ ’ਚੋਂ ਇਕ ਤਰ੍ਹਾਂ ਨਾਲ ਬਾਹਰ ਹੋ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਹੁਣ ਕਹਿ ਰਹੇ ਹਨ ਕਿ ਭਵਿੱਖ ’ਚ ਹੋਣ ਵਾਲੀਆਂ ਮੀਟਿੰਗਾਂ ਦੀ ਕਾਰਵਾਈ ਦੇ ਮਿੰਟ ਰਿਕਾਰਡ ਕੀਤੇ ਜਾਣਗੇ, ਜਿਸ ਤੋਂ ਸਪੱਸ਼ਟ ਹੈ ਕਿ ਹੁਣ ਤੱਕ ਮੀਟਿੰਗਾਂ ਦਾ ਕੋਈ ਰਿਕਾਰਡ ਹੀ ਨਹੀਂ ਰੱਖਿਆ ਜਾ ਰਿਹਾ ਸੀ। ਹਾਲਾਂਕਿ ਰਿਕਸ਼ਾ ਯੂਨੀਅਨਾਂ ਤੇ ਟਰੱਕ ਯੂਨੀਅਨਾਂ ਦੀ ਮੀਟਿੰਗਾਂ ਦਾ ਰਿਕਾਰਡ ਰੱਖਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਦੀਆਂ ਪਿਛਲੀਆਂ ਚੋਣਾਂ ਦੌਰਾਨ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਬਿਜਲੀ ਦਾ ਰੇਟ 3 ਰੁਪਏ ਯੂਨਿਟ ਵਧਾ ਦਿੱਤਾ ਗਿਆ, ਜੋ ਅਸੀਂ ਮਹਿਸੂਸ ਕੀਤਾ ਕਿ ਸਰਕਾਰ ਦੀ ਵੱਡੀ ਗਲਤੀ ਸੀ, ਪਰ ਨਤੀਜਿਆਂ ’ਚ ਭਾਜਪਾ ਨੂੰ ਹੁੰਝਾਫੇਰ ਜਿੱਤ ਮਿਲੀ, ਜਿਸ ਤੋਂ ਸਪੱਸ਼ਟ ਹੋਇਆ ਕਿ ਭਾਜਪਾ ਚੋਣਾਂ ਕਿਵੇਂ ਜਿੱਤ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਚੋਣਾਂ ਆਉਂਦੀਆਂ ਹਨ ਉੱਥੇ ਹੀ ਸੀ.ਬੀ.ਆਈ. ਤੇ ਈ.ਡੀ. ਦੇ ਛਾਪੇ ਸ਼ੁਰੂ ਹੋ ਜਾਂਦੇ ਹਨ ਤੇ ਇਹ ਸਭ ਦੇ ਸਾਹਮਣੇ ਹੈ ਕਿ ਪੱਛਮੀ ਬੰਗਾਲ ਤੇ ਬਿਹਾਰ ਵਿਖੇ ਹੁਣ ਸਾਰੇ ਕੇਸ ਕਿਵੇਂ ਖ਼ਤਮ ਹੋ ਗਏ। ਮੁੱਖ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹੇ ਤੇ ਸਪੀਕਰ ਦੀ ਅਗਵਾਈ ’ਚ ਅਸੀਂ ਸਾਰੇ ਵਿਧਾਇਕ ਗੁਰੂ ਸਾਹਿਬ ਦੇ ਅਸਥਾਨ ਦੇ ਦਰਸ਼ਨਾਂ ਲਈ ਜਾਈਏ। ਉਨ੍ਹਾਂ ਕਿਹਾ ਕਿ ਲਾਹੌਰ ਵਿਖੇ 27 ਨਵੰਬਰ ਨੂੰ ਵਿਸ਼ਵ ਪੰਜਾਬੀ ਕਾਨਫ਼ਰੰਸ ਦਾ ਸੱਦਾ ਵੀ ਮੈਨੂੰ ਆਇਆ ਹੈ, ਪਰ ਮੈਨੂੰ ਪਤਾ ਹੈ ਕਿ ਕੇਂਦਰ ਇਸ ਲਈ ਇਜਾਜ਼ਤ ਨਹੀਂ ਦੇਵੇਗਾ।ਸਿਫ਼ਰ ਕਾਲ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਪਹਾੜਾਂ ਤੋਂ ਲਾਲ ਮਿੱਟੀ ਨਾਲ ਆਉਂਦੇ ਪਾਣੀ ਦੀ ਖੇਤਾਂ ਨੂੰ ਹੋਈ ਸਪਲਾਈ ਨਾਲ ਝੋਨੇ ਦਾ ਝਾੜ 90 ਮਣ ਪ੍ਰਤੀ ਕੁਇੰਟਲ ਤੱਕ ਪੁੱਜ ਗਿਆ ਹੈ ਤੇ ਧਰਤੀ ਹੇਠਲਾ ਪਾਣੀ 1 ਤੋਂ 5 ਫੁੱਟ ਤੱਕ ਉੱਪਰ ਆਇਆ ਹੈ। ਮਤੇ ’ਤੇ ‘ਆਪ’ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਵਿਧਾਇਕਾ ਇੰਦਰਜੀਤ ਕੌਰ ਮਾਨ, ਅਮਨਦੀਪ ਕੌਰ, ਰੁਪਿੰਦਰ ਸਿੰਘ ਹੈਪੀ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਬਸਪਾ ਦੇ ਨਛੱਤਰਪਾਲ ਸਿੰਘ ਸਮੇਤ ਕਈ ਵਿਧਾਇਕਾਂ ਨੇ ਵਿਚਾਰ ਰੱਖੇ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮੁੱਖ ਚੋਣ ਕਮਿਸ਼ਨਰ ਦਾ ਅਸਤੀਫ਼ਾ ਮੰਗਦਿਆਂ ਕਿਹਾ ਕਿ ਉਹ ਭਾਜਪਾ ਦੇ ਦਬਾਅ ਹੇਠ ਸਾਡੀ ਪਾਰਟੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਮਨਜ਼ੂਰੀ ਨਹੀਂ ਦੇ ਰਿਹਾ ਤੇ ਨਾ ਹੀ ਸਾਨੂੰ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਲੋਕਤੰਤਰ ਹੱਕ ਸ਼ਰੇਆਮ ਖੋਹਿਆ ਜਾ ਰਿਹਾ ਹੈ ਤੇ ਜੇ ਲੋੜ ਪਈ ਤਾਂ ਅਸੀਂ ਦਿੱਲੀ ਜਾ ਕੇ ਰੋਸ ਪ੍ਰਦਰਸ਼ਨ ਵੀ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੂੰ ਕਿਸ ਅਧਾਰ ’ਤੇ ਦੇਸ਼-ਵਿਰੋਧੀ ਦੱਸਿਆ ਜਾ ਰਿਹਾ ਹੈ।

Ad Position 22
No active advertisement
ਅਗਲੀ ਖ਼ਬਰ ਝੋਟਾ ਹੱਤਿਆ ਕਾਂਡ : ਪੰਜਾਬ ਸਰਕਾਰ ਵਲੋਂ ਮੰਗਾਂ ਮੰਨਣ ਦਾ ਐਲਾਨ ਐਕਸ਼ਨ ਕਮੇਟੀ ਮੁੱਖ ਮੰਤਰੀ ਤੇ ਡੀ. ਜੀ. ਪੀ. ਦੇ ਅਸਤੀਫ਼ੇ...
Ad Position 24