23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਭਾਰੀ ਹੰਗਾਮੇ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਵਲੋਂ ਵਾਕਆਊਟ ਸਦਨ ’ਚ ਇਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ

ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਸਦਨ ’ਚ ਭਾਰੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਸਦਨ ..

Ad Position 21
No active advertisement
ਅਜੀਤ ਡੈਸਕ 24-10-2026

ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਸਦਨ ’ਚ ਭਾਰੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਸਦਨ ’ਚੋਂ ਵਾਕਆਊਟ ਕਰ ਗਏ। ਸਦਨ ’ਚ ਸਵਾਲ ਜਵਾਬ ਦੀ ਕਾਰਵਾਈ ਦੀ ਸ਼ੁਰੂਆਤ ਮੌਕੇ ਹੀ ਕਾਂਗਰਸ ਦੇ ਵਿਧਾਇਕਾਂ ਨੇ ਮੰਗ ਕੀਤੀ ਕਿ ਸਰਕਾਰ ਸਭ ਤੋਂ ਪਹਿਲਾਂ ਪਰਵਿੰਦਰ ਸਿੰਘ ਝੋਟਾ ਹੱਤਿਆਕਾਂਡ ਸਮੇਤ ਸੂਬੇ ਨਾਲ ਜੁੜੇ ਹੋਰ ਮੁੱਦਿਆਂ ’ਤੇ ਚਰਚਾ ਕਰਵਾਏ। ਇਸ ਦੌਰਾਨ ਜਦੋਂ ਇਹ ਮੰਗ ਨਾ ਮੰਨੀ ਗਈ ਤੇ ਸਪੀਕਰ ਨੇ ਸਵਾਲ-ਜਵਾਬ ਕਾਰਵਾਈ ਜਾਰੀ ਰੱਖਣ ਲਈ ਕਿਹਾ ਤਾਂ ਕਾਂਗਰਸੀ ਵਿਧਾਇਕਾਂ ਨੇ ਸਦਨ ’ਚ ਹੰਗਾਮਾ ਸ਼ੁਰੂ ਕਰ ਦਿੱਤਾ। ਕਾਂਗਰਸੀ ਵਿਧਾਇਕ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਸਪੀਕਰ ਵਲੋਂ ਉਨ੍ਹਾਂ ਨੂੰ ਕਈ ਵਾਰ ਹੰਗਾਮਾ ਕਰਨ ਤੋਂ ਰੋਕਦੇ ਹੋਏ ਸਵਾਲ-ਜਵਾਬ ਦੀ ਕਾਰਵਾਈ ਜਾਰੀ ਰੱਖਣ ਦੀ ਗੱਲ ਕਹੀ ਗਈ, ਪਰ ਕਾਂਗਰਸੀ ਵਿਧਾਇਕਾਂ ਨੇ ਨਾਅਰੇਬਾਜ਼ੀ ਤੇ ਹੰਗਾਮਾ ਜਾਰੀ ਰੱਖਿਆ, ਜਿਸ ’ਤੇ ‘ਆਪ’ ਵਿਧਾਇਕ ਭੜਕ ਗਏ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਹੋਰ ਮੰਤਰੀ ਤੇ ‘ਆਪ’ ਵਿਧਾਇਕ ਵੀ ਇਕੱਠੇ ਹੋ ਕੇ ਕਾਂਗਰਸੀ ਵਿਧਾਇਕਾਂ ਖਿਲਾਫ ਉਤਰ ਆਏ। ਹਰਪਾਲ ਸਿੰਘ ਚੀਮਾ ਨੇ ਦਰਬਾਰ ਸਾਹਿਬ ’ਤੇ ਹਮਲੇ, ਕੈਪਟਨ ਅਮਰਿੰਦਰ ਸਿੰਘ ਵਲੋਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ਾ ਖ਼ਤਮ ਕਰਨ ਤੇ ਪਰਗਟ ਸਿੰਘ ਨੂੰ ਅਕਾਲੀ-ਭਾਜਪਾ ਸਰਕਾਰ ਦਾ ਹਿੱਸਾ ਹੁੰਦਿਆਂ ਨਸ਼ੇ ਦੇ ਪਸਾਰੇ ਤੇ ਇਸ ਤੋਂ ਵੀ ਪੁਰਾਣੇ ਮਾਮਲਿਆਂ ਨੂੰ ਲੈ ਕੇ ਘੇਰਨਾ ਸ਼ੁਰੂ ਕੀਤਾ ਤਾਂ ਕਾਂਗਰਸੀ ਵਿਧਾਇਕ ਭੜਕ ਗਏ। ਇਸ ਦੌਰਾਨ ਸੱਤਾਧਾਰੀ ‘ਆਪ’ ਤੇ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕ ਆਹਮੋ-ਸਾਹਮਣੇ ਹੋ ਗਏ ਤੇ ਸਦਨ ’ਚ ਭਾਰੀ ਹੰਗਾਮਾ ਹੋ ਗਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸਖ਼ਤੀ ਨਾਲ ਆਪਣੀਆਂ ਸੀਟਾਂ ’ਤੇ ਬੈਠਣ ਲਈ ਹਦਾਇਤ ਕੀਤੀ ਗਈ, ਪਰ ਕਾਂਗਰਸੀ ਵਿਧਾਇਕ ਫਿਰ ਵੀ ਨਾਅਰੇਬਾਜ਼ੀ ਕਰਦੇ ਰਹੇ, ਭਾਰੀ ਰੌਲ਼ੇ ਰੱਪੇ ਤੇ ਹੰਗਾਮੇ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਵਲੋਂ ਸਦਨ ’ਚੋਂ ਵਾਕਆਊਟ ਕਰ ਦਿੱਤਾ ਗਿਆ। ਸਦਨ ਤੋਂ ਬਾਹਰ ਆ ਕੇ ਵਿਧਾਨ ਸਭਾ ਗੈਲਰੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪ੍ਰਧਾਨ ਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਦੇ ਭਖਦੇ ਮੁੱਦਿਆਂ ਦੀ ਸਦਨ ’ਚ ਗੱਲ ਹੀ ਨਾ ਹੋਣ ਦਿੱਤੀ ਜਾਵੇ ਤਾਂ ਇਜਲਾਸ ਬੁਲਾਉਣ ਦਾ ਫ਼ਾਇਦਾ ਕੀ ਹੈ। ਉਨ੍ਹਾਂ ਕਿਹਾ ਕਿ ਸਦਨ ਦੀ ਕਾਰਵਾਈ ਵੀ ਦਿੱਲੀ ਵਾਲਿਆਂ ਦੇ ਕਹਿਣ ’ਤੇ ਚਲਾਈ ਜਾਂ ਰੋਕ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਬਸੰਤੀ ਪੱਗਾ ਬੰਨ੍ਹ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਤੋਂ ਨਕਾਰੇ ਹੋਏ ਲੀਡਰਾਂ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਦੀ ਕਲਾਕਾਰ ਹੋਣ ਦੇ ਨਾਅਤੇ ਬਹੁਤ ਇੱਜ਼ਤ ਕਰਦੇ ਸੀ, ਪਰ ਜੋ ਪੰਜਾਬ ਨਾਲ ਤੁਸੀਂ ਤੇ ਤੁਹਾਡੀ ਧਾੜਵੀ ਟੀਮ ਨੇ ਕੀਤਾ ਹੈ, ਉਹ ਬਹੁਤ ਮਾੜਾ ਹੈ। ਪਰਗਟ ਸਿੰਘ ਨੇ ਕਿਹਾ ਕਿ ਲੋਕ ਕਦੋਂ ਉੱਠਦੇ ਹਨ, ਜਦੋਂ ਸੂਬੇ ’ਚ ਲੋਕਤੰਤਰ ਖ਼ਤਮ ਹੋ ਜਾਂਦਾ ਹੈ, ਕੇਂਦਰ ’ਚ ਮੋਦੀ ਸਰਕਾਰ ਤੇ ਪੰਜਾਬ ’ਚ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਤੰਤਰ ਖ਼ਤਮ ਕਰ ਦਿੱਤਾ ਹੈ। ਨਸ਼ੇ ’ਤੇ ਸਵਾਲ ਪੁੱਛਣ ਵਾਲਿਆਂ ਨੂੰ ਗੋਲੀ ਮਾਰੀ ਦਿੱਤੀ ਜਾਂਦੀ ਹੈ ਜਾਂ ਫਿਰ ਮਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ, ਪਰ ਅਜਿਹੇ ਵੱਡੇ ਤੇ ਗੰਭੀਰ ਮੁੱਦਿਆਂ ਲਈ ਵੀ ਸਰਕਾਰ ਕੋਲ ਚਰਚਾ ਲਈ ਸਮਾਂ ਨਹੀਂ। ਉਨ੍ਹਾਂ ਕਿਹਾ ਕਿ ਈ. ਡੀ. ਨੇ 10 ਹਜ਼ਾਰ ਕਰੋੜ ਦਾ ਘੁਟਾਲਾ ਉਜਾਗਰ ਕੀਤਾ ਹੈ। ਅੱਜ ਅਫਸਰਸ਼ਾਹੀ ’ਚ ਗਿਰਾਵਟ ਆਈ ਹੈ ਤੇ ਪੰਜਾਬ ’ਚ ਸਰਕਾਰ ਨਾਂਅ ਦੀ ਕੋਈ ਚੀਜ਼ ਹੀ ਨਹੀਂ ਰਹੀ। ਪਰਗਟ ਸਿੰਘ ਨੇ ਕਿਹਾ ਕਿ ਉਹ ਵਿਧਾਨ ਸਭਾ ’ਚ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਚਰਚਾ ਕਰਾਉਣ ਦੀ ਮੰਗ ਕਰਦੇ ਹੋਏ ਲਾਹਣਤੀ ਪੱਤਰ ਲੈ ਕੇ ਆਏ ਸੀ, ਜਿਸ ਨੂੰ ਉਹ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਸੌਂਪਣਾ ਚਾਹੁੰਦੇ ਸਨ, ਪਰ ਇਹ ਦੋਵੇਂ ਹੀ ਨਹੀਂ ਆਏ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਦੂਜੇ ਦਿਨ ਅਸੀਂ ਸਦਨ ’ਚੋਂ ਵਾਕਆਊਟ ਕੀਤਾ, ਉਸ ਦਾ ਕਾਰਨ ਹੈ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਨਹੀਂ ਹੋਇਆ ਤੇ ਉਸ ਤੋਂ ਬਾਅਦ ਹੀ ਅੰਤਿਮ ਸਸਕਾਰ ਹੋਵੇਗਾ। ਇਸ ਦੀ ਜ਼ਿੰਮੇਵਾਰ ਸਿਰਫ ਭਗਵੰਤ ਮਾਨ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਖ਼ੁਦ ਸਦਨ ’ਚ ਨਹੀਂ ਆਏ, ਉਹ ਭੱਜ ਰਹੇ ਹਨ। ਬਾਜਵਾ ਨੇ ਕਿਹਾ ਪੰਜਾਬ ਵਾਸੀਆਂ ਦੀ ਮੰਗ ਹੈ ਕਿ ਭਗਵੰਤ ਮਾਨ ਅਸਤੀਫ਼ਾ ਦੇਵੇ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਪਰਵਿੰਦਰ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਕਾਂਗਰਸ ਦੀ ਲੜਾਈ ਜਾਰੀ ਰਹੇਗੀ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਰਾ ਪੰਜਾਬ ਅੱਜ ਨਸ਼ੇ ਨਾਲ ਹੋ ਰਹੀਆਂ ਮੌਤਾਂ ਤੇ ਡਰੱਗ ਮਾਫ਼ੀਆ ਦੇ ਆਤੰਕ ਤੋਂ ਪ੍ਰੇਸ਼ਾਨ ਹੈ, ਪਰ ਸਰਕਾਰ ਅਜਿਹੇ ਸੰਵੇਦਨਸ਼ੀਲ ਤੇ ਗੰਭੀਰ ਮੁੱਦਿਆਂ ’ਤੇ ਵੀ ਚਰਚਾ ਕਰਨ ਤੋਂ ਭੱਜ ਗਈ ਹੈ।

 

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦੇ ਕੇ ਮੈਨੂੰ 2 ਘੰਟੇ ਰੋਕ ਕੇ ਰੱਖਿਆ-ਭਗਵੰਤ ਮਾਨ ਅਗਲੀ ਖ਼ਬਰ ਦਿਲਜੀਤ ਦੇ ਸ਼ੋਅ ਨੂੰ ਦਿੱਲੀ ਪੁਲਿਸ ਵਲੋਂ ਮਨਜ਼ੂਰੀ
Ad Position 24