ਨਵੀਂ ਦਿੱਲੀ, 8 ਅਕਤੂਬਰ (ਜਗਤਾਰ ਸਿੰਘ)-ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ਤੇ 2 ਹੋਰ ਚੋਣ ਕਮਿਸ਼ਨਰਾਂ (ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ) ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ, ਜਿਸ ਵਿਚ ਅਦਾਲਤ ਤੋਂ ‘ਕੋ ਵਾਰੰਟੋ’ ਰਿੱਟ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਵੱਲੋਂ ਇਹ ਰਿਟ ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਕੋਈ ਵਿਅਕਤੀ ਗੈਰ ਕਾਨੂੰਨੀ ਢੰਗ ਨਾਲ ਕੋਈ ਸਰਕਾਰੀ ਜਾਂ ਸੰਵਿਧਾਨਕ ਅਹੁਦਾ ਮੱਲੀ ਬੈਠਾ ਹੋਵੇ। ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਵਾਲੀ ਪਟੀਸ਼ਨ ਵਿਚ ਸਿੱਧਾ ਸਵਾਲ ਪੁੱਛਿਆ ਗਿਆ ਹੈ ਕਿ ਗਿਆਨੇਸ਼ ਕੁਮਾਰ ਕਿਹੜੇ ਕਾਨੂੰਨੀ ਅਧਿਕਾਰ ਤਹਿਤ ਆਪਣੇ ਅਹੁਦਿਆਂ ’ਤੇ ਬਣੇ ਹੋਏ ਹਨ? ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਸਾਲ 2024 ਤੇ 2025 ਵਿਚ ਹੋਈਆਂ ਨਿਯੁਕਤੀਆਂ ਦੌਰਾਨ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸਬੰਧੀ ਬਣਾਏ ਗਏ ਨਵੇਂ ਕਾਨੂੰਨ (2023 ਐਕਟ) ਦੇ ਨਿਯਮਾਂ ਦੀ ਸਹੀ ਪਾਲਣਾ ਨਹੀਂ ਕੀਤੀ ਗਈ। ਨਿਯਮਾਂ ਮੁਤਾਬਕ ਸਰਚ ਕਮੇਟੀ ਵੱਲੋਂ ਹਰ ਖ਼ਾਲੀ ਅਹੁਦੇ ਲਈ 5 ਨਾਮਾਂ ਦਾ ਪੈਨਲ ਤਿਆਰ ਕਰਨਾ ਲਾਜ਼ਮੀ ਸੀ, ਪਰ ਪ੍ਰਕਿਰਿਆ ਵਿਚ ਕਥਿਤ ਤੌਰ ’ਤੇ ਕਾਹਲੀ ਕੀਤੀ ਗਈ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਹੈ ਕਿ ਸਾਲ 2024 ਅਤੇ 2025 ’ਚ ਹੋਈਆਂ ਨਿਯੁਕਤੀਆਂ ਦੌਰਾਨ ਮੁੱਖ ਚੋਣ ਕਮਿਸ਼ਨਰ ਤੇ ਹੋਰ ਕਮਿਸ਼ਨਰਾਂ ਦੀ ਚੋਣ ਵੇਲੇ ਕਾਨੂੰਨੀ ਧਾਰਾਵਾਂ (ਸੈਕਸ਼ਨ 5, 6 ਅਤੇ 8(1)) ਦੀ ਪਾਲਣਾ ਨਹੀਂ ਕੀਤੀ ਗਈ। ਅਦਾਲਤ ਕੋਲੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਨੂੰ ਸਰਚ ਕਮੇਟੀ ਤੇ ਸਿਲੈੱਕਸ਼ਨ ਕਮੇਟੀ ਦੇ ਅਸਲ ਰਿਕਾਰਡ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਜਾਣ।
ਗਿਆਨੇਸ਼ ਕੁਮਾਰ ਤੇ ਦੂਜੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ
ਨਵੀਂ ਦਿੱਲੀ, 8 ਅਕਤੂਬਰ (ਜਗਤਾਰ ਸਿੰਘ)-ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ਤੇ 2 ਹੋਰ ਚੋਣ ਕਮਿਸ਼ਨਰਾਂ (ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ) ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਵਿਚ...
ਅਜੀਤ ਡੈਸਕ
09-10-2026