26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪੰਜਾਬ ਦੇ ਲੋਕ ਇਸ ਵਾਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣਗੇ-ਆਕਾਸ਼ ਆਨੰਦ

ਪੰਜਾਬ ਦੇ ਲੋਕ ਇਸ ਵਾਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣਗੇ-ਆਕਾਸ਼ ਆਨੰਦ

Ad Position 21
No active advertisement
ਅਜੀਤ ਡੈਸਕ 27-11-2026

ਬਸਪਾ ਵਲੋਂ ਫਿਲੌਰ ’ਚ ਸੂਬਾ ਪੱਧਰੀ ‘ਪੰਜਾਬ ਸੰਭਾਲੋ ਰੈਲੀ’

ਫਿਲੌਰ (ਜਲੰਧਰ), 26 ਨਵੰਬਰ (ਜਤਿੰਦਰ ਪੰਮੀ/ਵਿਪਨ ਗੈਰੀ)–ਪੰਜਾਬ ਦੇ ਲੋਕਾਂ ਨੇ ਪਿਛਲੇ ਦਹਾਕਿਆਂ ਦੌਰਾਨ ਹਰੇਕ ਪਾਰਟੀ ਨੂੰ ਮੌਕਾ ਦਿੱਤਾ ਹੈ, ਜਿਸ ਵਿਚ ਕਾਂਗਰਸ, ਭਾਜਪਾ-ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸ਼ਾਮਿਲ ਹਨ। ਲੋਕ ਇਨ੍ਹਾਂ ਨੂੰ ਵਾਰੋ-ਵਾਰੀ ਪਰਖ ਚੁੱਕੇ ਹਨ, ਇਸ ਲਈ ਪੰਜਾਬ ਦੇ ਲੋਕ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸਰਕਾਰ ਬਣਾਉਣਗੇ। ਬਸਪਾ ਸਰਕਾਰ ਬਣਨ ’ਤੇ ਦੇਸ਼ ਦੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣਗੇ ਅਤੇ ਸੂਬੇ ਨੂੰ ਨਸ਼ੇ, ਕਰਜ਼ੇ ਅਤੇ ਬੇਰੁਜ਼ਗਾਰੀ ਤੋਂ ਮੁਕਤ ਕੀਤਾ ਜਾਵੇਗਾ। ਇਹ ਐਲਾਨ ਬਸਪਾ ਪੰਜਾਬ ਵਲੋਂ ਅੱਜ ਫਿਲੌਰ ’ਚ ਕਰਵਾਈ ਗਈ ‘ਪੰਜਾਬ ਸੰਭਾਲੋ ਰੈਲੀ’ ਦੌਰਾਨ ਪਾਰਟੀ ਦੇ ਕੌਮੀ ਕਨਵੀਨਰ ਆਕਾਸ਼ ਆਨੰਦ ਨੇ ਸੰਬੋਧਨ ਕਰਦਿਆਂ ਕੀਤਾ। ਰੈਲੀ ਦੌਰਾਨ ਆਕਾਸ਼ ਅਨੰਦ ਨੇ ਸਭ ਤੋਂ ਪਹਿਲਾਂ ਡਾ. ਭੀਮ ਰਾਓ ਅੰਬੇਡਕਰ ਤੇ ਬਸਪਾ ਸੰਸਥਾਪਕ ਕਾਂਸ਼ੀ ਰਾਮ ਨੂੰ ਨਮਨ ਕੀਤਾ। ਕਾਂਗਰਸ, ਅਕਾਲੀ-ਭਾਜਪਾ ਤੇ ਮੌਜੂਦਾ ‘ਆਪ’ ਸਰਕਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦਿੱਲੀ ਤੋਂ ਚਾਬੀ ਨਾਲ ਚੱਲਦੀਆਂ ਹਨ, ਜਦਕਿ ਬਸਪਾ ਪੰਜਾਬ ਨਾਲ ਹੀ ਸੰਬੰਧਿਤ ਹੈ ਤੇ ਇਸ ਦੇ ਸੰਸਥਾਪਕ ਕਾਂਸ਼ੀ ਰਾਮ ਨੇ ਆਪਣੇ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੀ ਕੀਤੀ ਸੀ। ਆਕਾਸ਼ ਆਨੰਦ ਨੇ ਕਿਹਾ ਕਿ ਡਾ. ਅੰਬੇਡਕਰ ਨੇ ਸੰਵਿਧਾਨ ਰਾਹੀਂ ਸਾਰਿਆਂ ਲਈ ਬਰਾਬਰੀ, ਰੋਜ਼ੀ ਰੋਟੀ ਚੁਣਨ, ਸਿੱਖਿਆ ਦਾ ਅਧਿਕਾਰ ਤੇ ਸਨਮਾਨ ਨਾਲ ਜਿਊਣ ਦਾ ਅਧਿਕਾਰ ਦਿੱਤਾ। ਬਸਪਾ ਪ੍ਰਮੁੱਖ ਕੁਮਾਰੀ ਮਾਇਆਵਤੀ ਨੇ ਕਾਂਸ਼ੀ ਰਾਮ ਦੇ ਰਾਹ ’ਤੇ ਚੱਲਦੇ ਹੋਏ ਉੱਤਰ ਪ੍ਰਦੇਸ਼ ਦੇ ਚਾਰ ਵਾਰ ਮੁੱਖ ਮੰਤਰੀ ਰਹਿੰਦੇ ਹੋਏ ਸੰਵਿਧਾਨ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ। ਪੰਜਾਬ ਦੀ ਸੱਤਾ ’ਚ ਰਹੀਆਂ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ ਤੇ ਮੌਜੂਦਾ ‘ਆਪ’ ਸਰਕਾਰ ਨੂੰ ਘੇਰਦੇ ਹੋਏ ਆਕਾਸ਼ ਆਨੰਦ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਨਸ਼ਾ ਖਤਮ ਕਰਨ, ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ਼ ਦੇਣ, ਮਹਿੰਗਾਈ-ਬੇਰੁਜ਼ਗਾਰੀ ਦੂਰ ਕਰਨ ਤੇ ਚੰਗੇ ਸਿਹਤ-ਸਿੱਖਿਆ ਪ੍ਰਬੰਧ ਦੇਣ ਦੇ ਵਾਅਦੇ ਕੀਤੇ, ਪਰ ਸਰਕਾਰਾਂ ਬਣਾ ਕੇ ਕਦੇ ਵੀ ਇਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਮਾਨਸਾ ਦੇ ਪਰਵਿੰਦਰ ਸਿੰਘ ਝੋਟੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਖਿਲਾਫ ਬੋਲਣ ਵਾਲਿਆਂ ਨੂੰ ਗੋਲੀਆਂ ਮਾਰ ਕੇ ਖਤਮ ਕੀਤਾ ਜਾ ਰਿਹਾ ਹੈ। ‘ਆਪ’ ਸਰਕਾਰ ਦੇ ਰਾਜ ਵਿਚ ਵਪਾਰੀ, ਦੁਕਾਨਦਾਰ, ਕਿਸਾਨ ਤੇ ਆਮ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਇਸ ਵਾਰ ਸੂਬੇ ਵਿਚ ਬਸਪਾ ਸਰਕਾਰ ਬਣਾਉਣ ਦੀ ਅਪੀਲ ਕਰਦੇ ਹੋਏ ਆਕਾਸ਼ ਆਨੰਦ ਨੇ ਕਿਹਾ ਕਿ ਬਸਪਾ ਕਹਿਣ ਵਿਚ ਨਹੀਂ, ਕਰਨ ਵਿਚ ਵਿਸ਼ਵਾਸ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਬਸਪਾ ਦੇ ਉਮੀਦਵਾਰਾਂ ਨੂੰ ਜਿਤਾ ਕੇ ਵਿਧਾਨ ਸਭਾ ’ਚ ਭੇਜਣ। ਰੈਲੀ ਦੌਰਾਨ ਬਸਪਾ ਦੇ ਮੁੱਖ ਖੇਤਰੀ ਇੰਚਾਰਜ ਇੰਜ. ਰਾਮਜੀ ਗੌਤਮ ਨੇ ਕਿਹਾ ਕਿ ਬਸਪਾ ਇਸ ਵਾਰ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਤੇ ਪਾਰਟੀ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਏਗੀ। ਇਸ ਮੌਕੇ ਖੇਤਰੀ ਇੰਚਾਰਜ ਐਡਵੋਕੇਟ ਸੁਰੇਸ਼ ਰਾਓ ਤੇ ਕੇਂਦਰੀ ਇੰਚਾਰਜ ਵਿਪੁਲ ਕੁਮਾਰ ਨੇ ਵੀ ਸੰਬੋਧਨ ਕੀਤਾ।
ਬਸਪਾ ਸੂਬੇ ’ਚ ਸ਼ਾਨਦਾਰ ਨਤੀਜੇ ਦੇਵੇਗੀ-ਕਰੀਮਪੁਰੀ
ਰੈਲੀ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਹੁਣ ਤੱਕ ਜਿੰਨੇ ਵੀ ਹਾਕਮ ਆਏ ਹਨ, ਉਨ੍ਹਾਂ ਨੇ ਮੁਫ਼ਤ ਸਿੱਖਿਆ ਦਾ ਕਾਨੂੰਨ ਲਾਗੂ ਨਾ ਕਰਕੇ ਬੱਚਿਆਂ ਨੂੰ ਸਿੱਖਿਆ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੂੰ ਕਣਕ ਤੱਕ ਸੀਮਤ ਕਰਕੇ ਭਿਖਾਰੀ ਬਣਾਉਣ ਦਾ ਕੰਮ ਕੀਤਾ ਗਿਆ। ਕਾਂਗਰਸ, ਅਕਾਲੀ-ਭਾਜਪਾ ਤੇ ‘ਆਪ’ ਸਰਕਾਰਾਂ ਦੇ ਰਾਜ ਵਿਚ ਨਸ਼ਿਆਂ ਨਾਲ 2 ਲੱਖ ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਇਸ ਵਾਰ ਬਸਪਾ ਸੂਬੇ ਵਿਚ ਸ਼ਾਨਦਾਰ ਨਤੀਜੇ ਦੇਵੇਗੀ। ਇਸ ਮੌਕੇ ਵਿਧਾਇਕ ਡਾ. ਨਛੱਤਰ ਪਾਲ, ਸੂਬਾ ਕੋਆਰਡੀਨੇਟਰ ਪ੍ਰਜਾਪਤੀ ਅਜੀਤ ਸਿੰਘ ਭੈਣੀ, ਕੁਲਦੀਪ ਸਿੰਘ ਸਰਦੂਲਗੜ੍ਹ, ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕੇਟ, ਚੌਧਰੀ ਗੁਰਨਾਮ ਸਿੰਘ, ਗੁਰਬਖਸ਼ ਸਿੰਘ, ਹਰਭਜਨ ਸਿੰਘ ਬਜਹੇੜੀ, ਠੇਕੇਦਾਰ ਭਗਵਾਨ ਦਾਸ, ਤਰਸੇਮ ਥਾਪਰ, ਸੰਤ ਰਾਮ ਮੱਲੀਆਂ, ਸੂਬਾ ਉੱਪ ਪ੍ਰਧਾਨ ਬਲਦੇਵ ਸਿੰਘ ਮਹਿਰਾ, ਮੁੱਖ ਜ਼ੋਨ ਇੰਚਾਰਜ ਐਡਵੋਕੇਟ ਨਵਰਾਜ ਸਿੰਘ ਤੇ ਰਛਪਾਲ ਸਿੰਘ, ਜ਼ੋਨ ਇੰਚਾਰਜ ਤੀਰਥ ਰਾਜਪੁਰਾ ਮਹਿਰਾ, ਸੂਬਾ ਸਕੱਤਰ ਇੰਜ. ਖੁਸ਼ੀ ਰਾਮ, ਬਲਦੇਵ ਸਿੰਘ ਖੋਜਕੀਪੁਰ, ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ, ਜਗਦੀਸ਼ ਸ਼ੇਰਪੁਰੀ, ਹਲਕਾ ਫਿਲੌਰ ਦੇ ਪ੍ਰਧਾਨ ਸੁਖਵਿੰਦਰ ਬਿੱਟੂ, ਸਲਵਿੰਦਰ ਕੁਮਾਰ, ਸੰਦੀਪ ਕੌਰ ਚੇਅਪਰਸਨ, ਪੰਮੀ ਰੁੜਕਾਂ, ਅਨੀਤਾ ਪਾਲ, ਹੈਪੀ ਰੁੜਕਾਂ ਆਦਿ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ’ਤੇ ਪਹਿਲੀ ਵਾਰ ਉਤਰੇ ਫ਼ੌਜ ਦੇ ਜਹਾਜ਼ ਅਗਲੀ ਖ਼ਬਰ ਡੱਬਾ ਬੰਦ ਭੋਜਨ ’ਤੇ ਹੁਣ ਲਾਉਣੇ ਪੈਣਗੇ ਜ਼ਿਆਦਾ ਫੈਟ, ਮਿੱਠਾ ਜਾਂ ਨਮਕ ਦੇ ਚਿਤਾਵਨੀ ਲੇਬਲ-ਸੁਪਰੀਮ ਕੋਰਟ
Ad Position 24