30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੁਪਰ ਅਲ-ਨੀਨੋ 50 ਸਾਲਾਂ ਦਾ ਰਿਕਾਰਡ ਤੋੜਨ ਵੱਲ ਵਧਿਆ ਪੰਜਾਬ ’ਚ 39 ਫ਼ੀਸਦੀ ਅਤੇ ਭਾਰਤ ਵਿਚ 12 ਫ਼ੀਸਦੀ ਬਰਸਾਤ ਘਟੀ

ਹਰਜਿੰਦਰ ਸਿੰਘ ਲਾਲ ਖੰਨਾ, 29 ਸਤੰਬਰ -ਦੁਨੀਆ ਭਰ ਵਿਚ ਇੱਕ ਬਹੁਤ ਤਾਕਤਵਰ ਅਲ-ਨੀਨੋ ਸਥਿਤੀ ਚੱਲ ਰਹੀ ਹੈ। ਇਸ ਵੇਲੇ ਇਹ ਅਲ-ਨੀਨੋ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਰਿਹਾ ਹੈ ਅਤੇ ਭਾਰਤੀ ਮੌਨਸੂਨ ਤੇ ਪੰਜਾਬ ਦੀ ਖੇਤੀ ’ਤੇ ਡੂੰਘਾ ਅਸਰ ਪਾ ...

Ad Position 21
No active advertisement
ਅਜੀਤ ਡੈਸਕ 30-09-2026

ਹਰਜਿੰਦਰ ਸਿੰਘ ਲਾਲ
ਖੰਨਾ, 29 ਸਤੰਬਰ -ਦੁਨੀਆ ਭਰ ਵਿਚ ਇੱਕ ਬਹੁਤ ਤਾਕਤਵਰ ਅਲ-ਨੀਨੋ ਸਥਿਤੀ ਚੱਲ ਰਹੀ ਹੈ। ਇਸ ਵੇਲੇ ਇਹ ਅਲ-ਨੀਨੋ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਰਿਹਾ ਹੈ ਅਤੇ ਭਾਰਤੀ ਮੌਨਸੂਨ ਤੇ ਪੰਜਾਬ ਦੀ ਖੇਤੀ ’ਤੇ ਡੂੰਘਾ ਅਸਰ ਪਾ ਰਿਹਾ ਹੈ। ਮੌਸਮ ਵਿਗਿਆਨੀਆਂ ਮੁਤਾਬਿਕ ਇਹ ਅਗਲੇ ਕੁਝ ਮਹੀਨਿਆਂ ਤੱਕ ਹੋਰ ਵੀ ਤਾਕਤਵਰ ਹੋ ਸਕਦਾ ਹੈ।


ਅਲ-ਨੀਨੋ ਕੀ ਹੈ ਤੇ ਕਿੱਥੋਂ ਸ਼ੁਰੂ ਹੁੰਦਾ ਹੈ?
ਅਲ-ਨੀਨੋ ਇੱਕ ਕੁਦਰਤੀ ਮੌਸਮੀ ਘਟਨਾ ਹੈ। ਇਹ ਪ੍ਰਸ਼ਾਂਤ ਮਹਾਂਸਾਗਰ ਦੇ ਵਿਚਕਾਰਲੇ ਤੇ ਪੂਰਬੀ ਹਿੱਸੇ ਵਿਚ ਸਮੁੰਦਰੀ ਪਾਣੀ ਦੇ ਤਾਪਮਾਨ ਦੇ ਆਮ ਨਾਲੋਂ ਕਾਫੀ ਵੱਧ ਗਰਮ ਹੋਣ ਨਾਲ ਸ਼ੁਰੂ ਹੁੰਦੀ ਹੈ ਅਤੇ ਇਹ ਗਰਮੀ ਦੁਨੀਆ ਭਰ ਦੇ ਮੌਸਮ ਨੂੰ ਬਦਲ ਦਿੰਦੀ ਹੈ। ਇਸ ਘਟਨਾ ਦਾ ਨਾਂਅ ਪੇਰੂ ਦੇਸ਼ ਦੇ ਮੱਛੀਆਂ ਫੜਨ ਵਾਲਿਆਂ ਨੇ ਅਲ-ਨੀਨੋ ਰੱਖਿਆ ਸੀ। ਅਲ-ਨੀਨੋ ਸਪੈਨਿਸ਼ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ‘ਛੋਟਾ ਲੜਕਾ’ ਹੁੰਦਾ ਹੈ।ਆਮ ਦਿਨਾਂ ਵਿਚ ਤੇਜ਼ ਹਵਾਵਾਂ ਗਰਮ ਪਾਣੀ ਨੂੰ ਪੱਛਮ ਵੱਲ (ਇੰਡੋਨੇਸ਼ੀਆ ਵੱਲ) ਧੱਕਦੀਆਂ ਹਨ ਤੇ ਪੂਰਬ ਵਿਚ ਠੰਢਾ ਪਾਣੀ ਉੱਪਰ ਆ ਜਾਂਦਾ ਹੈ। ਅਲ-ਨੀਨੋ ਵੇਲੇ ਇਹ ਹਵਾਵਾਂ ਕਮਜ਼ੋਰ ਪੈ ਜਾਂਦੀਆਂ ਹਨ ਅਤੇ ਗਰਮ ਪਾਣੀ ਨੂੰ ਧਕ ਨਹੀਂ ਸਕਦੀਆਂ, ਜਿਸ ਦੇ ਨਤੀਜੇ ਵਜੋਂ ਗਰਮ ਪਾਣੀ ਪੂਰਬ ਵੱਲ ਫੈਲ ਜਾਂਦਾ ਹੈ ਤੇ ਪੂਰੀ ਦੁਨੀਆ ਦਾ ਮੌਸਮ ਪ੍ਰਭਾਵਿਤ ਹੁੰਦਾ ਹੈ।

ਅੱਜ ਕੱਲ੍ਹ ਹਾਲਤ ਕੀ ਹੈ? 
ਅਮਰੀਕੀ ਮੌਸਮ ਏਜੰਸੀ ਨੋਆਏ (ਐਨ. ਓ. ਏ. ਏ.) ਮੁਤਾਬਿਕ ਅਲ-ਨੀਨੋ ਦਾ ਮੁੱਖ ਇੰਡੈਕਸ ਇਸ ਵੇਲੇ +3.1 ਡਿਗਰੀ ਸੈਲਸੀਅਸ  ਹੈ। ਗੌਰਤਲਬ ਹੈ ਕਿ ਪਿਛਲੇ 50 ਸਾਲਾਂ ਵਿਚ 1982-83 ਵਿਚ ਇਹ ਪਲਸ 2.2, 1997-98 ਵਿਚ ਪਲਸ 2.5, 1915-16 ਵਿਚ ਪਲਸ 2.6, 1923-24 ਵਿਚ ਪਲਸ 2.0 ਸੀ । ਇਸ ਵਾਰ ਦਾ ਅਲ-ਨੀਨੋ ਅਪ੍ਰੈਲ 2026 ਤੋਂ ਚੱਲ ਰਿਹਾ  ਹੈ ਤੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਜਾਣਕਾਰਾਂ ਅਨੁਸਾਰ 90 ਫ਼ੀਸਦੀ ਆਸਾਰ ਹਨ ਕਿ ਇਹ 2026-27 ਦੀਆਂ ਸਰਦੀਆਂ ਵਿਚ ਬਹੁਤ ਤਾਕਤਵਰ ਹੋ ਜਾਵੇਗਾ। ਇਸ ਦਾ ਸਿਖ਼ਰ ਅਕਤੂਬਰ ਤੋਂ ਦਸੰਬਰ 2026 ਵਿਚ ਆਉਣ ਦੀ ਉਮੀਦ ਹੈ ਤੇ ਇਹ 2027 ਦੀ ਸ਼ੁਰੂਆਤ ਤੱਕ ਚੱਲਦਾ ਰਹਿ ਸਕਦਾ ਹੈ।
ਇਸ ਦੇ ਅਸਰ ਨਾਲ ਦੱਖਣੀ ਅਮਰੀਕੀ ਦੇਸ਼ਾਂ ਵਿਚ ਭਾਰੀ ਮੀਂਹ ਤੇ ਹੜ੍ਹ ਆਉਣ ਦੀ ਸੰਭਾਵਨਾ ਹੈ ਜਦੋਂ ਕਿ ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਵਿਚ ਸੋਕਾ ਪੈਣ ਤੇ ਜੰਗਲੀ ਅੱਗਾਂ ਵੱਧ ਲੱਗਣ ਦੇ ਆਸਾਰ ਹਨ। ਇਸ ਨਾਲ ਦੁਨੀਆ ਭਰ ਵਿਚ ਗਰਮੀ ਵੱਧਣ ਅਤੇ ਲੂ ਚੱਲਣ ਦੇ ਆਸਾਰ ਵੀ ਵਧੇ ਹਨ।

ਭਾਰਤ ਤੇ ਪੰਜਾਬ ’ਤੇ ਅਸਰ
ਇਹ ਅਲ-ਨੀਨੋ ਭਾਰਤੀ ਮੌਨਸੂਨ ਨੂੰ ਕਮਜ਼ੋਰ ਕਰਦਾ ਹੈ। ਜਿਸ ਕਰ ਕੇ ਇਸ ਸਾਲ ਜੂਨ ਤੋਂ ਸਤੰਬਰ ਤੱਕ ਭਾਰਤ ਵਿਚ 12 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਭਾਰਤ ਵਿਚ ਕੁੱਲ 750 ਮਿਲੀਮੀਟਰ ਬਾਰਿਸ਼ ਹੋਈ ਜਦਕਿ ਆਮ ਹਾਲਾਤ ਵਿਚ 853 ਮਿਲੀਮੀਟਰ ਬਾਰਿਸ਼ ਹੁੰਦੀ ਹੈ। ਪੂਰਬੀ ਤੇ ਦੱਖਣੀ ਭਾਰਤ ਵਿਚ ਬਰਸਾਤ ਦੀ ਘਾਟ ਹੋਰ ਵੀ ਵੱਧ ਰਹੀ। ਪੰਜਾਬ ਵਿਚ ਇਸ ਮੌਨਸੂਨ ਦੌਰਾਨ ਲਗਭਗ 39 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਪੰਜਾਬ ਵਿਚ ਆਮ ਤੌਰ ’ਤੇ 1 ਜੂਨ ਤੋਂ 28 ਸਤੰਬਰ ਤੱਕ 437.8 ਮਿਲੀਮੀਟਰ ਬਰਸਾਤ ਹੁੰਦੀ ਹੈ। ਪਰ ਇਸ ਵਾਰ ਇਹ 268.8 ਮਿਲੀਲੀਟਰ ਹੀ ਹੋਈ ਹੈ। ਸਿਰਫ਼ ਪਠਾਨਕੋਟ ਤੇ ਗੁਰਦਾਸਪੁਰ ਜਿਲ੍ਹਿਆਂ ਵਿਚ ਬਰਸਾਤ ਆਮ ਨਾਲੋਂ ਵੱਧ ਹੋਈ ਜਦੋਂ ਕਿ ਬਾਕੀ ਸਾਰੇ 21 ਜਿਲ੍ਹਿਆਂ ਵਿਚ ਬਰਸਾਤ ਘੱਟ ਹੋਈ। ਮਾਨਸਾ ਵਿਚ ਸਭ ਤੋਂ ਘੱਟ ਬਰਸਾਤ ਹੋਈ ਹੈ। ਇਸ ਕਰਕੇ ਝੋਨੇ ਦੀ ਫਸਲ ਲਈ ਕਿਸਾਨਾਂ ਨੂੰ  ਟਿਊਬਵੈੱਲਾਂ ’ਤੇ ਵਾਧੂ ਨਿਰਭਰ ਰਹਿਣਾ ਪਿਆ। ਜਿਸ ਕਰ ਕੇ ਬਿਜਲੀ ਦੀ ਮੰਗ ਵਧੀ ਅਤੇ ਅੱਗੇ ਜਾ ਕੇ ਕਣਕ ਦੀ ਫਸਲ ਲਈ ਵੀ ਪਾਣੀ ਦੀ ਕਿੱਲਤ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਅਲ-ਨੀਨੋ ਚੱਲਦਾ ਰਿਹਾ ਤਾਂ ਆਉਣ ਵਾਲੇ ਮਹੀਨਿਆਂ ਵਿਚ ਗਰਮੀ ਵਧ ਸਕਦੀ ਹੈ ਤੇ ਖੇਤੀ ’ਤੇ ਹੋਰ ਦਬਾਅ ਪੈ ਸਕਦਾ ਹੈ। ਭਾਰਤੀ ਮੌਸਮ ਵਿਭਾਗ ਇਸ ਤੇ ਲਗਾਤਾਰ ਨਿਗਰਾਨੀ ਰੱਖ ਰਿਹਾ ਹੈ। ਕਿਸਾਨਾਂ ਨੂੰ ਸਲਾਹ ਹੈ ਕਿ ਪਾਣੀ ਦੀ ਬਚਤ ਕਰਨ, ਫਸਲਾਂ ਦੀ ਚੋਣ ਧਿਆਨ ਨਾਲ ਕਰਨ ਤੇ ਸਰਕਾਰੀ ਸਲਾਹਾਂ ’ਤੇ ਅਮਲ ਕਰਨ। ਭਾਰਤੀ ਮੌਸਮ ਵਿਭਾਗ ਅਨੁਸਾਰ ਵੀ ਅਲ-ਨੀਨੋ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵੀ ਮਜ਼ਬੂਤ ਹੋਵੇਗਾ ਅਤੇ ਸਾਲ ਦੇ ਅੰਤ ਤੱਕ ਚੱਲਦਾ ਰਹੇਗਾ। 

Ad Position 22
No active advertisement
ਪਿਛਲੀ ਖ਼ਬਰ ਮਕਬੂਜ਼ਾ ਕਸ਼ਮੀਰ ’ਚ ਪਾਕਿ ਫ਼ੌਜ ਖ਼ਿਲਾਫ਼ ਭੜਕਿਆ ਲੋਕ ਰੋਹ ਵਾੜ ਹਟਾ ਕੇ ਭਾਰਤ ਨਾਲ ਰਲਣ ਦੀ ਮੰਗ ਤੇਜ਼ ਅਗਲੀ ਖ਼ਬਰ ਪੰਜਾਬ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ’ਚ ਕੇਂਦਰੀ ਜਾਂਚ ਏਜੰਸੀਆਂ ਦੀ ਦਹਿਸ਼ਤ ਅਧਿਕਾਰੀਆਂ ਵਲੋਂ ਘਰਾਂ ਤੇ ਦਫ਼ਤਰਾਂ ’ਚ ਦਸਤ...
Ad Position 24