13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਮੰਚ ਹੈ ਬ੍ਰਿਕਸ-ਮੋਦੀ

ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਮੰਚ ਹੈ ਬ੍ਰਿਕਸ-ਮੋਦੀ

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

ਕਿਹਾ, ਬ੍ਰਿਕਸ ਦੇ ਕੰਮਾਂ ’ਚ ਨਿਰੰਤਰਤਾ ਜਾਰੀ ਰਹੇ

ਨਵੀਂ ਦਿੱਲੀ, 12 ਸਤੰਬਰ (ਉਪਮਾ ਡਾਗਾ ਪਾਰਥ)- ਦੁਨੀਆ ਦਾ ਭਵਿੱਖ ਸਾਂਝਾ ਹੈ ਤਾਂ ਉਸ ਨੂੰ ਤੈਅ ਕਰਨ ਦੇ ਅਧਿਕਾਰ ਵੀ ਸਾਰੇ ਦੇਸ਼ਾਂ ਕੋਲ ਹੋਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ 18ਵੇਂ ਬ੍ਰਿਕਸ ਸੰਮੇਲਨ ਦੀ ਰਸਮੀ ਸ਼ੁਰੂਆਤ ਕਰਦਿਆਂ ਵਿਕਾਸਸ਼ੀਲ ਦੇਸ਼ਾਂ ਅਤੇ ਆਲਮੀ ਦੱਖਣ ਦੀ ਭੂਮਿਕਾ ਦਾ ਮੁੱਦਾ ਉਠਾਉਂਦਿਆਂ ਉਕਤ ਬਿਆਨ ਦਿੱਤਾ। ਬ੍ਰਿਕਸ ਦੇਸ਼ਾਂ ਦੇ ਇਸ ਸਿਖਰ ਸੰਮੇਲਨ ’ਚ ਜਿਥੇ ਸਮੂਹ ਦੇ ਵਧ ਰਹੇ ਕੱਦ ਅਤੇ ਜ਼ਿੰਮੇਵਾਰੀਆਂ ’ਤੇ ਆਲਮੀ ਨੇਤਾਵਾਂ ਨੇ ਆਪਣੇ ਵਿਚਾਰ ਪ੍ਰਗਟਾਏ, ਉਥੇ ਪੱਛਮੀ ਏਸ਼ੀਆ ਸੰਘਰਸ਼ ਵੀ ਆਗੂਆਂ ਦੇ ਭਾਸ਼ਨ ਦੇ ਏਜੰਡੇ ’ਚ ਸ਼ਾਮਿਲ ਰਿਹਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਪੱਛਮੀ 
ਏਸ਼ੀਆ ਸੰਘਰਸ਼ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਪੱਛਮੀ ਏਸ਼ੀਆ ’ਚ ਜਾਰੀ ਜੰਗ ਨਾਲ ਪੂਰੇ ਖੇਤਰ ਦੇ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਭਾਵੇਂ ਬ੍ਰਿਕਸ ਦੇਸ਼ਾਂ ਦੇ ਸਮੂਹਾਂ ਦੇ ਨੇਤਾਵਾਂ ਨੇ ਇਕਜੁੱਟ ਹੋ ਕੇ ਕਈ ਮੁੱਦਿਆਂ ’ਤੇ ਆਪਣੇ ਵਿਚਾਰ ਰੱਖੇ, ਪਰ ਉਨ੍ਹਾਂ ਦਰਮਿਆਨ ਸਾਂਝੀ ਕਰੰਸੀ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋ ਪਾਇਆ। ਬ੍ਰਿਕਸ ਦੀ ਭੂਮਿਕਾ ਨੂੰ ਹੋਰ ਵਿਸਥਾਰ ਦੇਣ ਦਾ ਹੋਕਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਦੇਸ਼ਾਂ ਨੂੰ ਨੇਮ ਮੰਨਣ ਵਾਲੇ ਦੇਸ਼ਾਂ ਦੀ ਥਾਂਅ ’ਤੇ ਨੇਮ ਬਣਾਉਣ ਵਾਲੇ ਦੇਸ਼ਾਂ ਦੀ ਸੂਚੀ ’ਚ ਲਿਆਉਣ ਨੂੰ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਬ੍ਰਿਕਸ ਸੰਮੇਲਨ ਦੀ ਸ਼ੁਰੂਆਤ ਕਰਦਿਆਂ ਰਸਮੀ ਉਦਘਾਟਨੀ ਭਾਸ਼ਨ ’ਚ ਕਿਹਾ ਕਿ ਬ੍ਰਿਕਸ ਕਿਸੇ ਦੇ ਖ਼ਿਲਾਫ਼ ਨਹੀਂ, ਸਗੋਂ ਸਭ ਨੂੰ ਨਾਲ ਲੈ ਕੇ ਚਲਣ ਦੀ ਕੋਸ਼ਿਸ਼ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ 11 ਮਿੰਟ 30 ਸੈਕਿੰਡ ਦੇ ਭਾਸ਼ਨ ’ਚ ਸਿਖਰ ਸੰਮੇਲਨ ’ਚ ਸ਼ਿਰਕਤ ਕਰਨ ਆਏ ਸਾਰੇ ਆਲਮੀ ਨੇਤਾਵਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਬ੍ਰਿਕਸ ਨੂੰ ਮਜ਼ਬੂਤ  ਕਰਨ ਦੇ ਨਾਲ-ਨਾਲ ਸਾਨੂੰ ਆਲਮੀ ਸੁਧਾਰਾਂ ਦੀ ਦਿਸ਼ਾ ਵੀ ਤੈਅ ਕਰਨੀ ਹੋਵੇਗੀ। ਉਨ੍ਹਾਂ ਬ੍ਰਿਕਸ ਦੇਸ਼ਾਂ ਨਾਲ ਮਿਲ ਕੇ ਆਲਮੀ ਗਵਰਨੈਂਸ ਸੁਧਾਰ ਦੇ 10 ਪ੍ਰਸਤਾਵ ਤਿਆਰ ਕਰਨ ਦਾ ਸੁਝਾਅ ਦਿੱਤਾ ਅਤੇ ਅਗਲੇ ਸਿਖਰ ਸੰਮੇਲਨ ਤੱਕ ਇਨ੍ਹਾਂ ਨੂੰ ਬ੍ਰਿਕਸ ਸੁਧਾਰ ਖਾਕੇ ਦਾ ਰੂਪ ਦੇਣ ਦੀ ਕੋਸ਼ਿਸ਼ ਕਰਨ ਨੂੰ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਦੀ ਅੰਦਰੂਨੀ ਕਾਰਜ ਪ੍ਰਣਾਲੀ ਨੂੰ ਦਰੁਸਤ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਭਾਵੇਂ ਬ੍ਰਿਕਸ ਦੀ ਪ੍ਰਧਾਨਗੀ ਹਰ ਸਾਲ ਬਦਲਦੀ ਰਹਿੰਦੀ ਹੈ, ਪਰ ਇਸ ਨਾਲ ਸਾਡੀ ਸੰਸਥਾ ਦੇ ਕੰਮਕਾਜ ਦੀ ਗਤੀ ’ਤੇ ਅਸਰ ਨਹੀਂ ਪੈਣਾ ਚਾਹੀਦਾ। ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਬ੍ਰਿਕਸ ਦੇ ਕੰਮਾਂ ’ਚ ਨਿਰੰਤਰਤਾ ਬਣਾਈ ਰੱਖਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਇਕ ਵਿਵਸਥਾ ਬਣਾਈ ਜਾਏ। ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਕਸ ਦੇ 20 ਸਾਲ ਪੂਰੇ ਹੋਣ ਨੂੰ ਇਤਿਹਾਸਕ ਪੜਾਅ ਦੱਸਦਿਆਂ ਕਿਹਾ ਸਾਨੂੰ ਅਗਲੇ 20 ਸਾਲਾਂ ਲਈ ਇਕ ਨਵੇਂ ਅਤੇ ਵੱਡੇ ਟੀਚੇ ਵਾਲੇ ਏਜੰਡੇ ’ਤੇ ਕੰਮ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਉਦਘਾਟਨੀ ਭਾਸ਼ਨ ’ਚ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐਨ.ਐਸ.ਸੀ.) ’ਚ ਸੁਧਾਰਾਂ ਦੀ ਲੋੜ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸੁਧਾਰ ਹੁਣ ਟਾਲਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਨਿਸਚਿਤ ਸਮਾਂ ਹੱਦ ’ਚ ਠੋਸ ਨਤੀਜਿਆਂ ਨਾਲ ਇਸ ਨੂੰ ਜੋੜਣਾ ਹੋਵੇਗਾ।
ਤਣਾਅ ਦਰਮਿਆਨ ਈਰਾਨ ਤੇ ਯੂ.ਏ.ਈ. ਨੇ ਕੀਤੀ ਗੱਲਬਾਤ
ਬ੍ਰਿਕਸ ਸਿਖਰ ਸੰਮੇਲਨ ਤੋਂ ਪਰ੍ਹਾਂ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਨੇ ਮੁਲਾਕਾਤ ਕੀਤੀ। ਇਹ ਮੁਲਾਕਾਤ ਅਜਿਹੇ ਸਮੇਂ ’ਚ ਹੋਈ ਹੈ ਜਦੋਂ ਪੱਛਮੀ ਏਸ਼ੀਆ ’ਚ ਤਣਾਅ ਵਧਿਆ ਹੋਇਆ ਹੈ ਅਤੇ ਦੋਵੇਂ ਦੇਸ਼ਾਂ ਦੇ ਕਈ ਮੁੱਦਿਆਂ ’ਤੇ ਵੱਖ ਵਿਚਾਰ ਹਨ।
ਮੋਦੀ ਨੇ ਜਾਰੀ ਕੀਤੇ 2 ਡਾਕ ਟਿਕਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਦੇ 20 ਸਾਲ ਪੂਰੇ ਹੋਣ ਮੌਕੇ 2 ਡਾਕ ਟਿਕਟ ਵੀ ਜਾਰੀ ਕੀਤੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਬ੍ਰਿਕਸ ਦੇ ਨੇਤਾਵਾਂ ਨਾਲ ਮਿਲ ਕੇ ਬੂਟੇ ਵੀ ਲਾਏ।
ਈਰਾਨੀ ਰਾਸ਼ਟਰਪਤੀ ਨੇ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ ਬੰਦ ਕਰਨ ਦੀ ਕੀਤੀ ਮੰਗ
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਕਿ ਸ਼ਾਂਤੀਪੂਰਨ ਟਿਕਾਣਿਆਂ ਨੂੰ ਕਿਸੇ ਵੀ ਹਮਲੇ ਜਾਂ ਧਮਕੀ ਤੋਂ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਬ੍ਰਿਕਸ ਦੇਸ਼ਾਂ ਨੂੰ ਇਕ ਪਾਸੜ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਇਕਜੁਟਤਾ ਨਾਲ ਮੁਕਾਬਲਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਮੱਧ ਪੂਰਬ ਨੂੰ ਅਮਰੀਕਾ ਦੀ ਪੁਲਿਸਿੰਗ ਦੀ ਲੋੜ ਨਹੀਂ ਹੈ। ਖੇਤਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਥੋਂ ਦੇ ਦੇਸ਼ਾਂ ਦੀ ਹੀ ਹੋਣੀ ਚਾਹੀਦੀ ਹੈ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਨਵ ਨਿਯੁਕਤ ਮੈਂਬਰ ਪੀ. ਏ. ਸੀ. ਘੁੰਮਣ ਤੇ ਮੈਂਬਰ ਜਨਰਲ ਕੌਂਸਲ ਵਿਰਦੀ ਦਾ ਸਨਮਾਨ ਅਗਲੀ ਖ਼ਬਰ ਭਾਰਤ ਦੇ ਵਿਰੋਧ ਕਾਰਨ ਬ੍ਰਿਕਸ ’ਚ ਪਾਕਿਸਤਾਨ ਦੇ ਦਾਖਲੇ ’ਤੇ ਲੱਗੀ ਰੋਕ
Ad Position 24