![]()
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 16 ਨਵੰਬਰ- ਸੋਨੀਆ ਗਾਂਧੀ ਦੀ ਆਤਮਕਥਾ ‘ਬਿਲੌਂਗਿੰਗ : ਏ ਜਨਰੀ ਆਫ ਲਵ’ ਸੋਮਵਾਰ ਨੂੰ ਕੁਝ ਸੀਮਿਤ ਇਕੱਠ ਦੀ ਮੌਜੂਦਗੀ ’ਚ ਰਸਮੀ ਤੌਰ ’ਤੇ ਜਾਰੀ ਕੀਤੀ ਗਈ। ਸੰਖੇਪ ਜਿਹੇ ਸਮਾਗਮ ’ਚ ਮੰਚ ’ਤੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਪ੍ਰਕਾਸ਼ਕ ਹਾਰਪਰ ਕੋਲਿਨਸ ਦੇ ਨੁਮਾਇੰਦਿਆਂ ਦੀ ਮੌਜੂਦਗੀ ’ਚ ਕਿਤਾਬ ਜਾਰੀ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ’ਚ ਸੋਨੀਆ ਗਾਂਧੀ ਦੇ ਜੀਵਨ ’ਤੇ ਇਕ ਛੋਟੀ ਫ਼ਿਲਮ ਵੀ ਵਿਖਾਈ ਗਈ, ਜਿਸ ’ਤੇ ਸੋਨੀਆ ਗਾਂਧੀ ਕਾਫ਼ੀ ਭਾਵੁਕ ਨਜ਼ਰ ਆਏ ਅਤੇ ਪ੍ਰਿਅੰਕਾ ਗਾਂਧੀ ਉਨ੍ਹਾਂ ਨੂੰ ਗਲ ਨਾਲ ਲਾ ਕੇ ਹੌਸਲਾ ਦਿੰਦੇ ਨਜ਼ਰ ਆਏ। ਲਾਂਚ ਪ੍ਰੋਗਰਾਮ ਨੂੰ ਮੰਚ ’ਤੇ ਪੂਰੀ ਤਰ੍ਹਾਂ ਗ਼ੈਰ ਸਿਆਸੀ ਰੱਖਿਆ ਗਿਆ। ਹਾਲਾਂਕਿ ਪ੍ਰੋਗਰਾਮ ’ਚ ਮੌਜੂਦ ਜ਼ਿਆਦਾਤਰ ਸ਼ਖ਼ਸੀਅਤਾਂ ਨਾ ਸਿਰਫ਼ ਸਿਆਸਤ ਨਾਲ ਤਾਅਲੁੱਕ ਰੱਖਦੀਆਂ ਸਨ, ਸਗੋਂ ‘ਇੰਡੀਆ’ ਗੱਠਜੋੜ ਦੀ ਇਕਜੁੱਟਤਾ ਦਾ ਹੁੰਗਾਰਾ ਵੀ ਭਰਦੀਆਂ ਸਨ। ਸੋਨੀਆ ਗਾਂਧੀ ਦੇ ਬਿਲਕੁਲ ਨਾਲ ਦੀ ਸੀਟ ’ਤੇ ਅਖਿਲੇਸ਼ ਯਾਦਵ ਤੇ ਡਿੰਪਲ ਯਾਦਵ ਬੈਠੇ ਸਨ। ਇਸ ਤੋਂ ਇਲਾਵਾ ਪਹਿਲੀ ਕਤਾਰ ’ਚ ਜ਼ਿਆਦਾਤਰ ਗੱਠਜੋੜ ਭਾਈਵਾਲ ਹੀ ਬੈਠੇ ਨਜ਼ਰ ਆਏ, ਜਿਨ੍ਹਾਂ ’ਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਉਨ੍ਹਾਂ ਦੀ ਪਤਨੀ, ਰਾਹੁਲ ਗਾਂਧੀ ਦੇ ਨਾਲ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੈ ਕੁਮਾਰ, ਫਾਰੂਖ ਅਬਦੁੱਲਾ, ਉਮਰ ਅਬਦੁੱਲਾ ਤੇ ਉਨ੍ਹਾਂ ਦੀ ਪਤਨੀ ਨਿਧੀ ਰਾਜਦਾਨ, ਮੀਰਾ ਕੁਮਾਰ, ਕੈਪਟਨ ਅਮਰਿੰਦਰ ਸਿੰਘ, ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਤੇ ਉਨ੍ਹਾਂ ਦੀ ਬੇਟੀ ਦਮਨ ਸਿੰਘ, ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਮੌਜੂਦ ਸਨ, ਜਦਕਿ ਦੂਜੀ ਕਤਾਰ ’ਚ ਕਾਂਗਰਸ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਕਰਨਾਟਕ ਦੇ ਡੀ.ਕੇ. ਸ਼ਿਵ ਕੁਮਾਰ, ਹਿਮਾਚਲ ਪ੍ਰਦੇਸ਼ ਦੇ ਸੁਖਵਿੰਦਰ ਸਿੰਘ ਸੁੱਖੂ, ਕੇਰਲ ਦੇ ਕੇ. ਵਿਜਯਨ, ਤੇਲੰਗਾਨਾ ਦੇ ਰੇਵੰਤ ਰੈਡੀ ਅਤੇ ਪ੍ਰਿਅੰਕਾ ਗਾਂਧੀ, ਰਾਬਰਟ ਵਾਡਰਾ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਬੈਠਾ ਸੀ। ਸੋਨੀਆ ਗਾਂਧੀ ਨੇ ਕਿਤਾਬ ਰਿਲੀਜ਼ ਕਰਨ ਤੋਂ ਬਾਅਦ ਇਕ ਸਵਾਲ ਜਵਾਬ ਦੀ ਚਰਚਾ ਦਰਮਿਆਨ ਕਈ ਗੱਲਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ’ਚ ਉਨ੍ਹਾਂ ਦੀ ਸੱਸ ਇੰਦਰਾ ਗਾਂਧੀ ਨਾਲ ਉਨ੍ਹਾਂ ਦੇ ਸੰਬੰਧ, ਉਨ੍ਹਾਂ ਤੋਂ ਲਗਦਾ ਸ਼ੁਰੂਆਤੀ ਡਰ ਅਤੇ ਹੌਲੀ-ਹੌਲੀ ਦੋਹਾਂ (ਸੋਨੀਆ ਗਾਂਧੀ ਅਤੇ ਇੰਦਰਾ ਗਾਂਧੀ) ਦਾ ਇਕ-ਦੂਜੇ ਨੂੰ ਅਪਣਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੀ ਸ਼ਖ਼ਸੀਅਤ ਬਹੁਤ ਪ੍ਰਭਾਵਸ਼ਾਲੀ ਅਤੇ ਸਖ਼ਤ ਸੀ ਅਤੇ ਉਹ ਉਨ੍ਹਾਂ ਤੋਂ ਡਰਦੇ ਸਨ। ਹਾਲਾਂਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਸੁਭਾਅ ’ਚ ਬਹੁਤ ਫ਼ਰਕ ਆਇਆ।
ਰਾਜੀਵ ਤੋਂ ਬਾਅਦ ਰਾਹੁਲ ਤੇ ਪ੍ਰਿਅੰਕਾ ਨੇ ਸੰਭਾਲਿਆ
ਸੋਨੀਆ ਗਾਂਧੀ ਨੇ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਦੇ ਮੁਸ਼ਕਿਲ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਵੇਲੇ ਰਾਹੁਲ ਤੇ ਪ੍ਰਿਅੰਕਾ ਨੇ ਉਨ੍ਹਾਂ ਨੂੰ ਸੰਭਾਲਿਆ ਤੇ ਉਹ ਦੋਵੇਂ ਉਨ੍ਹਾਂ (ਸੋਨੀਆ) ਦੇ ਮਾਂ-ਬਾਪ ਬਣ ਗਏ। ਉਨ੍ਹਾਂ ਇੰਦਰਾ ਗਾਂਧੀ ਦੀ ਹੱਤਿਆ ਦੇ ਕਾਰਨ ਸੁਰੱਖਿਆ ਤੋਂ ਬੱਚਿਆਂ ਨੂੰ ਸਕੂਲ ਤੋਂ ਹਟਾਉਣ ਅਤੇ ਘਰ ’ਚ ਪੜ੍ਹਨ ਦਾ ਪ੍ਰਬੰਧ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜ ਸਾਲ ਬੱਚਿਆਂ (ਰਾਹੁਲ - ਪ੍ਰਿਅੰਕਾ) ਨੇ ਜੇਲ੍ਹ ਵਾਂਗ ਕੱਟੇ। ਜਿਸ ’ਚ ਸੁਰੱਖਿਆ ਕਾਰਨਾਂ ਕਾਰਨ ਸ਼ਾਇਦ ਹੀ ਉਹ ਕਦੇ ਬਾਹਰ ਗਏ ਹੋਣ। ਸੋਨੀਆ ਨੇ ਅੱਗੇ ਰਾਹੁਲ ਗਾਂਧੀ ਦੇ ਵਿਦੇਸ਼ ’ਚ ਪੜ੍ਹਣ ਅਤੇ ਨਾਂਅ ਬਦਲ ਕੇ ਯੂਨੀਵਰਸਿਟੀ ’ਚ ਦਾਖ਼ਲ ਕਰਨ ਦਾ ਵੀ ਜ਼ਿਕਰ ਕੀਤਾ ਕਿਉਂਕਿ ਕੋਈ ਵੀ ਯੂਨੀਵਰਸਿਟੀ ਸੁਰੱਖਿਆ ਪ੍ਰਬੰਧਾਂ ਦੇ ਕਾਰਨ ਰਾਹੁਲ ਗਾਂਧੀ ਨੂੰ ਪੜ੍ਹਾਉਣ ਦੀ ਇਜਾਜ਼ਤ ਨਹੀਂ ਦੇ ਰਹੀ ਸੀ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਡਿਗਰੀ ’ਚ ਬਦਲੇ ਨਾਂਅ ਕਾਰਨ ਉਨ੍ਹਾਂ ਨੂੰ ਵਿਰੋਧੀਆਂ ਦੇ ਕਾਫੀ ਤਾਅਨੇ ਸੁਣਨੇ ਪਏ ਸਨ।
ਰਾਹੁਲ ਦੇ ਨਾਮਕਰਨ ਦਾ ਸੁਣਾਇਆ ਕਿੱਸਾ
![]()
ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਦੇ ਨਾਮਕਰਨ ਦਾ ਕਿੱਸਾ ਸਾਂਝਾ ਕਰਦਿਆਂ ਕਿਹਾ ਕਿ ਇੰਦਰਾ ਗਾਂਧੀ ਆਪਣੇ ਢੰਗ ਨਾਲ ਪੰਡਿਤ ਬੁਲਵਾ ਕੇ ਨਾਂਅ ਰੱਖਣਾ ਚਾਹੁੰਦੇ ਸਨ, ਜਦਕਿ ਉਨ੍ਹਾਂ (ਸੋਨੀਆ) ਨੇ ਕਿਹਾ ਕਿ ਰਾਹੁਲ ਉਨ੍ਹਾਂ ਦਾ ਵੀ ਮੁੰਡਾ ਹੈ ਸਿਰਫ਼ ਇੰਦਰਾ ਦਾ ਪੋਤਾ ਨਹੀਂ। ਹਾਲਾਂਕਿ ਇਹ ਮਤਭੇਦ ਉਸ ਵੇਲੇ ਸੁਲਝ ਗਿਆ ਜਦੋਂ ਇੰਦਰਾ ਗਾਂਧੀ ਨੇ ਗੱਲ ਨੂੰ ਸਮਝਦਿਆਂ ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੂੰ ਆਦੇਸ਼ ਦੇਣ ਦੀ ਹੀ ਆਦਤ ਹੈ, ਇਸ ਲਈ ਅਜਿਹਾ ਰਵੱਈਆ ਹੈ। ਸੋਨੀਆ ਗਾਂਧੀ ਨੇ ਭਾਰਤ ਦੇ ਲੋਕਾਂ ਦੇ ਪਿਆਰ ਅਤੇ ਲਗਾਵ, ਇਥੋਂ ਤੱਕ ਕਿ ਆਲੋਚਕਾਂ ਦਾ ਵੀ ਸ਼ੁਕਰੀਆ ਅਦਾ ਕੀਤਾ।
ਜਦੋਂ ਰਾਹੁਲ ਗਾਂਧੀ ਨੇ ਕੀਤਾ ਆਪਣੀ ਗਰਲ ਫ੍ਰੈਂਡ ਦਾ ਜ਼ਿਕਰ
ਰਾਹੁਲ ਗਾਂਧੀ ਨੇ ਆਪਣੇ ਸੰਖੇਪ ਜਿਹੇ ਸੰਬੋਧਨ ’ਚ ਆਪਣੇ ਮਾਤਾ - ਪਿਤਾ ਦੇ ਪਿਆਰ ਨੂੰ ਬੇਮਿਸਾਲ ਦੱਸਦਿਆਂ ਜਦੋਂ ਆਪਣੀ ਗਰਲ ਫ੍ਰੈਂਡ ਦਾ ਜ਼ਿਕਰ ਕੀਤਾ ਤਾਂ ਇਕ ਵਾਰ ਸਾਰਾ ਹਾਲ ਤਾਲੀਆਂ ਨਾਲ ਗੂੰਜ ਉੱਠਿਆ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਆਮ ਤੌਰ ’ਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਦੇ।
ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਦੀ ਮੁਲਾਕਾਤ ਵਰਸਿਟੀ ਰੇਸਤਰਾਂ ’ਚ ਹੋਈ ਤਾਂ ਕਈ ਸਾਲ ਬਾਅਦ ਜਦੋਂ ਉਹ ਕੈਂਬਰਿਜ ਗਏ ਤਾਂ ਆਪਣੀ ਗਰਲ ਫ੍ਰੈਂਡ ਨੂੰ ਉਸੇ ਰੇਸਤਰਾਂ ’ਚ ਲੈ ਕੇ ਗਏ। ਉਨ੍ਹਾਂ ਕਿਹਾ ਕਿ ਜਦੋਂ ਉਥੇ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਬਾਰੇ ਪੁੱਛਿਆ ਤਾਂ ਕਾਫੀ ਸਮਾਂ ਲੰਘਣ ਤੋਂ ਬਾਅਦ ਵੀ ਲੋਕ ਉਨ੍ਹਾਂ ਨੂੰ ਜਾਣਦੇ ਸਨ। ਰਾਹੁਲ ਨੇ ਇਹ ਵੀ ਕਿਹਾ ਕਿ ਰਾਜੀਵ ਗਾਂਧੀ ਦੀ ਮੌਤ ਤੋਂ ਪਹਿਲਾਂ ਸੋਨੀਆ ਸਭ ਨਾਲ ਗੱਲ ਕਰਨ ਵਾਲੀ ਤੇ ਹਸਮੁੱਖ ਸੀ ਪਰ ਘਰ ’ਚ ਦੋ ਮੌਤਾਂ (ਇੰਦਰਾ ਗਾਂਧੀ ਤੇ ਰਾਜੀਵ ਗਾਂਧੀ) ਹੋਣ ਤੋਂ ਬਾਅਦ ਉਹ ਆਪਣੇ ’ਚ ਸਿਮਟਦੇ ਗਏ।
ਨੌਜਵਾਨਾਂ ਨੂੰ ਸਲਾਹ ਦੇਣ ਦੀ ਨਹੀਂ, ਉਨ੍ਹਾਂ ਤੋਂ ਸਲਾਹ ਲੈਣ ਦੀ ਲੋੜ - ਸੋਨੀਆ ਗਾਂਧੀ
ਸੋਨੀਆ ਗਾਂਧੀ ਨੇ ਨੌਜਵਾਨਾਂ ਨੂੰ ਦੇਸ਼ ਦੀ ਉਮੀਦ ਦੱਸਦਿਆਂ ਕਿਹਾ ਕਿ ਨਵੀਂ ਪੀੜ੍ਹੀ ਬਹੁਤ ਸਮਝਦਾਰ ਹੈ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿਆਸਤ ’ਚ ਆਉਣ ਦੀ ਲੋੜ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਸਲਾਹ ਦੇਣ ਦੀ ਨਹੀਂ ਸਗੋਂ ਉਨ੍ਹਾਂ ਤੋਂ ਸਲਾਹ ਲੈਣ ਦੀ ਲੋੜ ਹੈ।