ਨਵੀਂ ਦਿੱਲੀ, 24 ਅਗਸਤ (ਪੀ.ਟੀ.ਆਈ)-ਦੇਸ਼ ’ਚ ਖੰਡ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਉਪਭੋਗਤਾਵਾਂ ਲਈ ਇਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਉਦਯੋਗ ਜਗਤ ਦੀ ਪ੍ਰਮੁੱਖ ਸੰਸਥਾ ‘ਭਾਰਤੀ ਖੰਡ ਅਤੇ ਬਾਇਓ ਊਰਜਾ ਮੈਨੂਫੈਕਚਰਰਸ ਐਸੋਸੀਏਸ਼ਨ’ (ਆਈ. ਐਸ. ਐਮ. ਏ.) ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ’ਚ ਖੰਡ ਦੀ ਕੋਈ ਘਾਟ ਨਹੀਂ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਪ੍ਰਚੂਨ ਵਿਚ ਖੰਡ ਦੀਆਂ ਕੀਮਤਾਂ ’ਚ ਕਮੀ ਆਵੇਗੀ, ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ। ਸਰਕਾਰ ਵਲੋਂ ਖੰਡ ਦੀ ਦਰਾਮਦ ਦੀ ਇਜਾਜ਼ਤ ਦੇਣ ਅਤੇ ਵਪਾਰੀਆਂ ਤੇ ਵੱਡੇ ਖਪਤਕਾਰਾਂ ਲਈ ਸਟਾਕ ਰੱਖਣ ਦੀ ਹੱਦ ਲਗਾਉਣ ਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਪ੍ਰਚੂਨ ਵਿਚ ਖੰਡ ਦੀਆਂ ਕੀਮਤਾਂ ਘਟਣ ਦੀ ਉਮੀਦ ਹੈ। ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਸ਼ਿਰਗਾਓਕਰ ਨੇ ਖੰਡ ਦੀਆਂ ਕੀਮਤਾਂ ’ਚ ਹੋਏ ਵਾਧੇ ਦੇ ਕਾਰਨਾਂ ਦਾ ਵਿਸਤਾਰ ਨਾਲ ਖੁਲਾਸਾ ਕਰਦਿਆਂ ਦੱਸਿਆ ਕਿ ਕੀਮਤਾਂ ’ਚ ਵਾਧਾ ਮੁੱਖ ਤੌਰ ’ਤੇ ਬਾਜ਼ਾਰ ’ਚ ਸੱਟੇਬਾਜ਼ੀ ਕਾਰਨ ਹੋਇਆ ਹੈ। ਇਸ ਦੇ ਨਾਲ ਹੀ ਵਪਾਰੀਆਂ ਵਲੋਂ ਖੰਡ ਦਾ ਵੱਧ ਭੰਡਾਰਨ ਕਰਨਾ ਵੀ ਇਕ ਵੱਡਾ ਕਾਰਨ ਰਿਹਾ ਹੈ। ਜਿਸ ਨਾਲ ਬਾਜ਼ਾਰ ’ਚ ਖੰਡ ਦੀ ਕਮੀ ਦਾ ਮਾਹੌਲ ਬਣਿਆ। ਮੌਸਮ ਕਾਰਨ ਵੀ ਗੰਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਜਿਸ ਨਾਲ ਖੰਡ ਦਾ ਉਤਪਾਦਨ ਵੀ ਅੰਦਾਜ਼ੇ ਤੋਂ ਘੱਟ ਰਿਹਾ। ਇਨ੍ਹਾਂ ਸਾਰੇ ਕਾਰਕਾਂ ਨੇ ਮਿਲ ਕੇ ਬਾਜ਼ਾਰ ’ਚ ਅਸਥਾਈ ਦਬਾਅ ਪੈਦਾ ਕੀਤਾ। ਜਿਸ ਦੇ ਨਤੀਜੇ ਵਜੋਂ ਖੰਡ ਦੇ ਭਾਅ ’ਚ ਵਾਧਾ ਹੋਇਆ ਹੈ।
ਦੇਸ਼ ’ਚ ਖੰਡ ਦੀ ਕੋਈ ਕਮੀ ਨਹੀਂ-ਆਈ.ਐਸ.ਐਮ.ਏ.
ਦੇਸ਼ ’ਚ ਖੰਡ ਦੀ ਕੋਈ ਕਮੀ ਨਹੀਂ-ਆਈ.ਐਸ.ਐਮ.ਏ.
ਅਜੀਤ ਡੈਸਕ
25-08-2026