23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਸਿੰਧ ਦੀ ਵੰਡ ਦੇ ਪ੍ਰਸਤਾਵਾਂ ਖ਼ਿਲਾਫ਼ ਕਰਾਚੀ ਸਮੇਤ ਪੂਰੇ ਸੂਬੇ ’ਚ ਰੋਸ ਪ੍ਰਦਰਸ਼ਨ

ਸਿੰਧ ਦੀ ਵੰਡ ਦੇ ਪ੍ਰਸਤਾਵਾਂ ਖ਼ਿਲਾਫ਼ ਕਰਾਚੀ ਸਮੇਤ ਪੂਰੇ ਸੂਬੇ ’ਚ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 24-11-2026

ਸੁਰਿੰਦਰ ਕੋਛੜ
ਅੰਮ੍ਰਿਤਸਰ, 23 ਨਵੰਬਰ -ਪਾਕਿਸਤਾਨ ਦੇ ਸਿੰਧ ਸੂਬੇ ਦੀਆਂ ਪ੍ਰਸ਼ਾਸਕੀ ਹੱਦਾਂ ’ਚ ਤਬਦੀਲੀ ਕਰਨ ਅਤੇ ਨਵੇਂ ਸੂਬੇ ਬਣਾਉਣ ਦੀਆਂ ਪਾਕਿ ਸਰਕਾਰ ਦੀਆਂ ਯੋਜਨਾਵਾਂ ਖ਼ਿਲਾਫ਼ ਪੂਰੇ ਸੂਬੇ ਦੇ ਲੋਕਾਂ ਅੰਦਰ ਭਾਰੀ ਰੋਸ ਪੈਦਾ ਹੋ ਗਿਆ ਹੈ। ਲੰਘੇ ਦਿਨ ਸੂਬੇ ਦੀਆਂ 4 ਰਾਸ਼ਟਰਵਾਦੀ ਪਾਰਟੀਆਂ ਦੇ ਸਾਂਝੇ ਮੋਰਚੇ ‘ਜੀਏ ਸਿੰਧ ਰਹਿਬਰ ਕਮੇਟੀ’ ਦੀ ਅਗਵਾਈ ਹੇਠ ਕਰਾਚੀ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਹਜ਼ਾਰਾਂ ਲੋਕਾਂ ਨੇ ਵਿਸ਼ਾਲ ਰੋਸ ਰੈਲੀਆਂ ਕੱਢੀਆਂ। ਇਸ ਪ੍ਰਦਰਸ਼ਨ ਦੀ ਅਗਵਾਈ ਡਾ: ਨਿਆਜ਼ ਕਲਾਨੀ ਅਤੇ ਰਿਆਜ਼ ਚਾਂਡੀਓ ਸਮੇਤ ਹੋਰ ਰਾਸ਼ਟਰਵਾਦੀ ਆਗੂਆਂ ਨੇ ਕੀਤੀ। ਇਸ ’ਚ ਵਕੀਲ ਭਾਈਚਾਰੇ ਦੇ ਆਗੂ ਆਮਿਰ ਨਵਾਜ਼ ਵੜੈਚ, ਹਸੀਬ ਜਮਾਲੀ, ਕੇ. ਬੀ. ਲਘਾਰੀ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਬੈਨਰ ਫੜ ਕੇ ‘ਇਕ ਇੰਚ ਵੀ ਸਿੰਧ ਨਹੀਂ’ ਅਤੇ ‘ਸਿੰਧ ਵੰਡਣ ਲਈ ਨਹੀਂ ਹੈ’ ਵਰਗੇ ਨਾਅਰੇ ਲਗਾਏ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਿੱਧੇ ਤੌਰ ’ਤੇ ਪਾਕਿਸਤਾਨੀ ਫ਼ੌਜੀ ਅਦਾਰਿਆਂ ਅਤੇ ਪ੍ਰਸ਼ਾਸਨ ’ਤੇ ਦੋਸ਼ ਲਗਾਇਆ ਕਿ ਨਵੀਆਂ ਪ੍ਰਸ਼ਾਸਕੀ ਇਕਾਈਆਂ ਬਣਾਉਣ ਦਾ ਏਜੰਡਾ ਉਨ੍ਹਾਂ ਦੇ ਇਸ਼ਾਰੇ ’ਤੇ ਚਲਾਇਆ ਜਾ ਰਿਹਾ ਹੈ। ਇਨ੍ਹਾਂ ਪ੍ਰਦਰਸ਼ਨਾਂ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਸਿੰਧ ਦੀਆਂ ਵੱਖ-ਵੱਖ ਰਾਸ਼ਟਰਵਾਦੀ ਧਿਰਾਂ ਨੇ ਆਪਣੇ ਆਪਸੀ ਮਤਭੇਦ ਭੁਲਾ ਕੇ ਇਸ ਕਥਿਤ ਪੁਨਰਗਠਨ ਖ਼ਿਲਾਫ਼ ਹੱਥ ਮਿਲਾ ਲਿਆ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੂਬੇ ਦੀ ਇਤਿਹਾਸਕ, ਭੂਗੋਲਿਕ ਅਤੇ ਸਭਿਆਚਾਰਕ ਏਕਤਾ ਨਾਲ ਛੇੜਛਾੜ ਕੀਤੀ ਗਈ, ਤਾਂ ਪੂਰੇ ਸੂਬੇ ’ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਇਸ ਮੁੱਦੇ ’ਤੇ ਕਿਸੇ ਵੀ ਤਰ੍ਹਾਂ ਦੀ ਰਾਏ-ਸ਼ੁਮਾਰੀ ਕਰਵਾਉਣ ਦੇ ਪ੍ਰਸਤਾਵ ਨੂੰ ਵੀ ਸਿਰੇ ਤੋਂ ਰੱਦ ਕਰ ਦਿੱਤਾ। ਰਾਸ਼ਟਰਵਾਦੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਹ ਅੰਦੋਲਨ ਕਿਸੇ ਵੀ ਨਸਲੀ, ਭਾਸ਼ਾਈ ਜਾਂ ਧਾਰਮਿਕ ਭਾਈਚਾਰੇ ਦੇ ਖ਼ਿਲਾਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਉਰਦੂ ਬੋਲਣ ਵਾਲੇ ਲੋਕ ਅਤੇ ਸੂਬੇ ’ਚ ਰਹਿਣ ਵਾਲੇ ਹੋਰ ਸਾਰੇ ਭਾਈਚਾਰੇ ਸਿੰਧ ਦੀ ਸਾਂਝੀ ਪਛਾਣ ਦਾ ਅਨਿੱਖੜਵਾਂ ਅੰਗ ਹਨ। ਦੱਸਣਯੋਗ ਹੈ ਕਿ ਭਾਵੇਂ ਪਾਕਿ ਵਲੋਂ ਹਾਲੇ ਤੱਕ ਕੋਈ ਅਧਿਕਾਰਤ ਬਿੱਲ ਜਾਂ ਨਕਸ਼ਾ ਜਾਰੀ ਨਹੀਂ ਕੀਤਾ ਗਿਆ, ਪਰ ਪਾਕਿਸਤਾਨ ਦੇ ਮੌਜੂਦਾ ਚਾਰ ਸੂਬਿਆਂ ਨੂੰ ਤੋੜ ਕੇ 12 ਤੋਂ 15 ਛੋਟੀਆਂ ਪ੍ਰਸ਼ਾਸਕੀ ਇਕਾਈਆਂ ਬਣਾਉਣ ਦੀ ਚਰਚਾ ਜ਼ੋਰਾਂ ’ਤੇ ਹੈ।

 

Ad Position 22
No active advertisement
ਪਿਛਲੀ ਖ਼ਬਰ ਭਾਰਤ ਏਸ਼ੀਆ ’ਚ ਤੀਜਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਗਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਚਾਚੇ ਹਰਜੀਤ ਸਿੰਘ ਅਤੇ ਭੂਆ ਦੇ ਲੜਕੇ ਸੁਖਮਨਜੀਤ ਸਿੰਘ ਨੂੰ ਪੁਲਿਸ ਵਾਪਸ ਬਠਿੰਡਾ ਲੈ...
Ad Position 24