20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕੀ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨਾਲ ਖ਼ਤਮ ਹੋਵੇਗਾ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ?

ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)- ਸਿਖਰ ’ਤੇ ਪਹੁੰਚਿਆ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਇਸ ਮਹੀਨੇ ਦੇ ਅਖੀਰ ’ਚ ਹੋਣ ਵਾਲੇ ਸੂਬੇ ਦੇ ਦੌਰੇ ਦੌਰਾਨ ਖ਼ਤਮ ਹੋ ਜਾਵੇਗਾ। ਹਾਲਾਂਕਿ ਉਸ ਤੋਂ ਪਹਿਲਾਂ ...

Ad Position 21
No active advertisement
ਅਜੀਤ ਡੈਸਕ 20-08-2026

ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)- ਸਿਖਰ ’ਤੇ ਪਹੁੰਚਿਆ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਇਸ ਮਹੀਨੇ ਦੇ ਅਖੀਰ ’ਚ ਹੋਣ ਵਾਲੇ ਸੂਬੇ ਦੇ ਦੌਰੇ ਦੌਰਾਨ ਖ਼ਤਮ ਹੋ ਜਾਵੇਗਾ। ਹਾਲਾਂਕਿ ਉਸ ਤੋਂ ਪਹਿਲਾਂ ਚੰਨੀ ਧੜੇ ਅਤੇ ਵੜਿੰਗ ਧੜੇ ਦਰਮਿਆਨ ‘ਤਾਕਤ ਦੇ ਸੰਤੁਲਨ’ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਜਾ ਸਕਦਾ ਹੈ। ਹਲਕਿਆਂ ਮੁਤਾਬਿਕ ਸਾਹਮਣੇ ਆਈ ਉਕਤ ਜਾਣਕਾਰੀ ਮੁਤਾਬਿਕ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ‘ਸਭ ਚੰਗਾ ਸੀ’ ਦਾ ਸੰਦੇਸ਼ ਜਨਤਕ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਰਾਹੁਲ ਗਾਂਧੀ ਇਸ ਮਹੀਨੇ ਦੇ ਆਖਰੀ ਹਫ਼ਤੇ ’ਚ ਪੰਜਾਬ ਦਾ ਦੌਰਾ ਕਰਨਗੇ। ਹਾਲਾਂਕਿ ਦੌਰੇ ਦੀ ਤਾਰੀਕ ਨਿਸਚਿਤ ਨਹੀਂ ਕੀਤੀ ਗਈ, ਪਰ ਰਾਹੁਲ ਗਾਂਧੀ ਦੇ ਦੌਰੇ ਦੇ ਨਾਲ ਹੀ ਪੰਜਾਬ ਕਾਂਗਰਸ ਵਲੋਂ ਚੋਣਾਂ ਦੀ ਤਿਆਰੀ ਦਾ ਬਿਗਲ ਵਜਾਇਆ ਜਾਵੇਗਾ। ਹਲਕਿਆਂ ਮੁਤਾਬਿਕ ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਚੋਣਾਂ ਦੀਆਂ ਤਿਆਰੀਆਂ ਦੀ ਸ਼ੁਰੂਆਤ ਕਰਨਗੇ। ਰਾਹੁਲ ਗਾਂਧੀ ਦੇ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਹੋਰ ਸੀਨੀਅਰ ਨੇਤਾ ਵੀ ਮੌਜੂਦ ਹੋਣਗੇ, ਜਿਨ੍ਹਾਂ ’ਚ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਜੈ ਇੰਦਰ ਸਿੰਗਲਾ ਵੀ ਸ਼ਾਮਿਲ ਹੋਣਗੇ।
ਚੰਨੀ ਦੀ ਗ਼ੈਰ-ਹਾਜ਼ਰੀ ’ਤੇ ਸਵਾਲ
ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ’ਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੈਰ-ਹਾਜ਼ਰੀ ਨੇ ਇਕ ਵਾਰ ਫਿਰ ਪਾਰਟੀ ’ਚ ਧੜੇਬੰਦੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ, ਪਰ ਹਾਸਿਲ ਜਾਣਕਾਰੀ ਮੁਤਾਬਿਕ ਚੰਨੀ ਨੇ ਮੀਟਿੰਗ ’ਚ ਸ਼ਾਮਿਲ ਨਾ ਹੋਣ ਬਾਰੇ ਪਹਿਲਾਂ ਤੋਂ ਹੀ ਪਾਰਟੀ ਨੂੰ ਸੂਚਿਤ ਕਰ ਦਿੱਤਾ ਸੀ ਜਿਸ ਲਈ ਉਨ੍ਹਾਂ ਪਹਿਲਾਂ ਤੋਂ ਤੈਅ ‘ਰੁਝੇਵਿਆਂ’ ਨੂੰ ਇਸ ਦਾ ਕਾਰਨ ਦੱਸਿਆ ਸੀ। ਹਾਸਿਲ ਜਾਣਕਾਰੀ ਮੁਤਾਬਿਕ ਚਰਨਜੀਤ ਸਿੰਘ ਚੰਨੀ ਪੰਜਾਬ ਯੂਨੀਵਰਸਿਟੀ ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ਵਿਸ਼ੇ ’ਤੇ ਮਾਸਟਰਸ ਦੀ ਪੜ੍ਹਾਈ ਕਰ ਰਹੇ ਹਨ  ਅਤੇ ਪ੍ਰੀਖਿਆ ਕਾਰਨ ਉਹ ਦਿੱਲੀ ਨਹੀਂ ਆ ਸਕੇ।
ਰੰਧਾਵਾ, ਸਿੰਗਲਾ ਤੇ ਤਿਵਾੜੀ ਹੋਏ ਸ਼ਾਮਿਲ
ਦਿੱਲੀ ’ਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਭਾਵੇਂ ਚੰਨੀ ਦੀ ਗੈਰ-ਮੌਜੂਦਗੀ ਚਰਚਾ ਦਾ ਵਿਸ਼ਾ ਰਹੀ ਪਰ ਪੰਜਾਬ ਕਾਂਗਰਸ ਦੇ ਬਾਕੀ ਨੇਤਾ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਮੀਟਿੰਗ ’ਚ ਸ਼ਾਮਿਲ ਹੋਏ, ਜਿਨ੍ਹਾਂ ’ਚ ਸੁਖਜਿੰਦਰ ਸਿੰਘ ਰੰਧਾਵਾ, ਵਿਜੈ ਇੰਦਰ ਸਿੰਗਲਾ ਅਤੇ ਮਨੀਸ਼ ਤਿਵਾੜੀ ਸ਼ਾਮਿਲ ਸਨ।
ਨਹੀਂ ਬਦਲਿਆ ਜਾਵੇਗਾ ਪ੍ਰਧਾਨ
ਹਲਕਿਆਂ ਮੁਤਾਬਿਕ ਹਾਈਕਮਾਨ ਨੇ ਆਪਣੇ ਰੁਖ਼ ’ਤੇ ਕਾਇਮ ਰਹਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਦਲਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਨਾਰਾਜ਼ ਚੰਨੀ ਧੜੇ ਨੂੰ ਮਨਾਉਣ ਲਈ ‘ਤਾਕਤ ਦਾ ਸੰਤੁਲਨ’ ਦੇ ਮੰਤਰ ’ਤੇ ਚਲਣ ਦਾ ਰਾਹ ਚੁਣਿਆ ਹੈ ਜਿਸ ਤਹਿਤ ਚੋਣਾਂ ਤੋਂ ਪਹਿਲਾਂ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਜਾਵੇਗਾ। ਪੰਜਾਬ ’ਚ ਕਾਂਗਰਸ ਵਲੋਂ ਰਾਹੁਲ ਗਾਂਧੀ ਅਤੇ ਮਲਿਕਅਰਜੁਨ ਖੜਗੇ ਦੇ ਨਾਂਅ ’ਤੇ ਹੀ ਚੋਣ ਲੜੀ ਜਾਵੇਗੀ। ਚੋਣਾਂ ਤੋਂ  ਬਾਅਦ ਵਿਧਾਇਕਾਂ ਦੀ ਰਾਇ ’ਤੇ ਹੀ ਮੁੱਖ ਮੰਤਰੀ ਐਲਾਨਿਆ ਜਾਵੇਗਾ। ਇਸ ਤੋਂ ਇਲਾਵਾ ਚੋਣਾਂ ਤੋਂ ਪਹਿਲਾਂ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਦੋਵਾਂ ਧੜਿਆਂ ਦਰਮਿਆਨ ਤਵਾਜ਼ਨ ਰੱਖਿਆ ਜਾਵੇਗਾ। ਨਾਲ ਹੀ ਸਖ਼ਤ ਚਿਤਾਵਨੀ ਵਜੋਂ ਇਹ ਤਾਕੀਦ ਵੀ ਕੀਤੀ ਗਈ ਕਿ ਕੋਈ ਵੀ ਆਗੂ ਜਨਤਕ ਮੰਚਾਂ ਤੋਂ ਟਿਕਟਾਂ ਦੀ ਵੰਡ ਬਾਰੇ ਕੋਈ ਵੀ ਐਲਾਨ ਨਹੀਂ ਕਰੇਗਾ। ਇਸ ਫ਼ੈਸਲੇ ਪਿੱਛੇ ਵੜਿੰਗ ਅਤੇ ਰੰਧਾਵਾ ਦੀ ਬਹਿਸਬਾਜ਼ੀ ਨੂੰ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। ਜਿਥੇ ਵੜਿੰਗ ਜਨਤਕ ਮੰਚਾਂ ’ਤੇ ‘ਇਕ ਪਰਿਵਾਰ ਇਕ ਟਿਕਟ’ ਦਾ ਹੋਕਾ ਦੇ ਰਹੇ ਸਨ,  ਉਥੇ ਰੰਧਾਵਾ ‘ਜਿੱਤ ਦੀ ਸਮਰੱਥਾ’ ਨੂੰ ਟਿਕਟ ਦੇਣ ਦਾ ਅਧਾਰ ਕਰਾਰ ਦੇਣ ਦੀ ਹਮਾਇਤ ਵਿਚ ਸਨ। ਰੰਧਾਵਾ ਦਾ ਕਹਿਣਾ ਸੀ ਕਿ ਜੇਕਰ ਇਕ ਪਰਿਵਾਰ ਤੋਂ ਚਾਰ ਮੈਂਬਰਾਂ ’ਚ ਵੀ ਜਿੱਤ ਦੀ ਸਮਰੱਥਾ ਹੈ ਤਾਂ ਉਨ੍ਹਾਂ ਨੂੰ ਟਿਕਟ ਦੇਣੀ ਚਾਹੀਦੀ ਹੈ। ਹਾਈਕਮਾਨ ਨੇ ਅਜਿਹੇ ਬਿਆਨਾਂ ਤੋਂ ਗੁਰੇਜ਼ ਕਰਨ ਨੂੰ ਕਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਹਾਕੀ ਵਿਸ਼ਵ ਕੱਪ: ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾਇਆ ਅਗਲੀ ਖ਼ਬਰ ਨੀਟ ਪੇਪਰ ਪ੍ਰਣਾਲੀ ਪੂਰੀ ਤਰ੍ਹਾਂ ਅਭੇਦ, ਸੰਨ੍ਹ ਲਗਾਉਣੀ ਮੁਸ਼ਕਿਲ-ਕੇਂਦਰ ਸਰਕਾਰ
Ad Position 24