20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਤੇਂਦਰ ਜੈਨ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜਿਆ

ਨਵੀਂ ਦਿੱਲੀ, 19 ਅਗਸਤ (ਪੀ.ਟੀ.ਆਈ., ਜਗਤਾਰ ਸਿੰਘ)- ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਜਲ ਬੋਰਡ (ਡੀ.ਜੇ.ਬੀ.) ਘੁਟਾਲੇ ਮਾਮਲੇ ਵਿਚ ਸਾਬਕਾ ਮੰਤਰੀ ਅਤੇ ‘ਆਪ’ ਆਗੂ ਸਤੇਂਦਰ ਜੈਨ ਸਮੇਤ ਚਾਰ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ...

Ad Position 21
No active advertisement
ਅਜੀਤ ਡੈਸਕ 20-08-2026

 ਨਵੀਂ ਦਿੱਲੀ, 19 ਅਗਸਤ (ਪੀ.ਟੀ.ਆਈ., ਜਗਤਾਰ ਸਿੰਘ)- ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਜਲ ਬੋਰਡ (ਡੀ.ਜੇ.ਬੀ.) ਘੁਟਾਲੇ ਮਾਮਲੇ ਵਿਚ ਸਾਬਕਾ ਮੰਤਰੀ ਅਤੇ ‘ਆਪ’ ਆਗੂ ਸਤੇਂਦਰ ਜੈਨ ਸਮੇਤ ਚਾਰ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਦੌਰਾਨ ਇਕ ਹੋਰ ਮੁਲਜ਼ਮ ਡੀ.ਜੇ.ਬੀ. ਕਰਮਚਾਰੀ ਅੰਕਿਤ ਸ੍ਰੀਵਾਸਤਵ ਨੂੰ ਦੋ ਦਿਨਾਂ ਲਈ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏ.ਸੀ.ਬੀ.) ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਏ.ਸੀ.ਬੀ. ਨੇ ਮੰਗਲਵਾਰ ਨੂੰ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਦੀ ਜਾਂਚ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏ.ਸੀ.ਬੀ.) ਵਲੋਂ ਕੀਤੀ ਜਾ ਰਹੀ ਹੈ। ਜੈਨ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਡੀ.ਜੇ.ਬੀ. ਦੇ ਸਾਬਕਾ ਕੰਟਰੈਕਟ ਸਲਾਹਕਾਰ ਅੰਕਿਤ ਸ੍ਰੀਵਾਸਤਵ, ਨਾਗੇਂਦਰ ਯਾਦਵ (ਏ.ਐਨ. ਐਂਟਰਪ੍ਰਾਈਜ਼ਿਜ਼ ਦੇ ਮਾਲਕ), ਰਾਜਾ ਕੁਮਾਰ ਕੁਰੜਾ (ਯੂਰੋਟੈਕ ਵਾਤਾਵਰਣ ਪ੍ਰਾਈਵੇਟ ਲਿਮਟਿਡ ਦੇ ਮਾਲਕ), ਅਤੇ ਪੰਕਜ ਵਰਮਾ (ਸ਼੍ਰੀਜਨਹਰ ਦੇ ਮਾਲਕ) ਸ਼ਾਮਿਲ ਹਨ। ਏ.ਸੀ.ਬੀ. ਨੇ ਜੈਨ ਅਤੇ ਦਿੱਲੀ ਜਲ ਬੋਰਡ ਦੇ ਸਾਬਕਾ ਸੀ.ਈ.ਓ. ਉਦਿਤ ਪ੍ਰਕਾਸ਼ ਰਾਏ ਸਮੇਤ ਪੰਜ ਮੁਲਜ਼ਮਾਂ ਲਈ 14 ਦਿਨਾਂ ਦੀ ਨਿਆਇਕ ਹਿਰਾਸਤ ਅਤੇ ਅੰਕਿਤ ਸ੍ਰੀਵਾਸਤਵ ਲਈ ਪੁਲਿਸ ਹਿਰਾਸਤ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਮੰਤਰੀ ਸਤੇਂਦਰ ਜੈਨ ਅਤੇ 4 ਹੋਰ ਮੁਲਜ਼ਮਾਂ ਦੀ ਨਿਆਇਕ ਹਿਰਾਸਤ ਸੰਬੰਧੀ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਇਹ ਮਾਮਲਾ ਦਿੱਲੀ ਜਲ ਬੋਰਡ ਦੇ ਸੀਵਰੇਜ ਟਰੀਟਮੈਂਟ ਪਲਾਂਟ ਟੈਂਡਰਾਂ ਵਿਚ ਕਥਿਤ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਨਾਲ ਸੰਬੰਧਿਤ ਹੈ, ਜਿਸ ਵਿਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਨੇ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿਚ ਕੁੱਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੰਸੀ ਨੇ ਸਤੇਂਦਰ ਜੈਨ, ਦਿੱਲੀ ਜਲ ਬੋਰਡ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਉਦਿਤ ਪ੍ਰਕਾਸ਼ ਰਾਏ ਸਮੇਤ 5 ਮੁਲਜ਼ਮਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਣ ਦੀ ਅਪੀਲ ਕੀਤੀ ਹੈ, ਜਦਕਿ ਇਕ ਸਾਬਕਾ ਸਲਾਹਕਾਰ ਅੰਕਿਤ ਸ਼੍ਰੀਵਾਸਤਵ ਦੀ ਪੁਲਿਸ ਹਿਰਾਸਤ ਦੀ ਮੰਗ ਕੀਤੀ ਹੈ। 
ਕੇਜਰੀਵਾਲ ਵਲੋਂ ਕੇਂਦਰ ’ਤੇ ਹਮਲਾ
 ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂਅ ਲੈ ਕੇ ਇਕ ਨਵਾਂ ਦਾਅਵਾ ਵੀ ਕੀਤਾ ਹੈ। ਕੇਜਰੀਵਾਲ ਨੇ ਇਕ ਏ.ਸੀ.ਬੀ. ਅਧਿਕਾਰੀ ਨਾਲ ਗੱਲਬਾਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਅਮਿਤ ਸ਼ਾਹ ਦਾ ਫ਼ੋਨ ਆਉਣ ਤੋਂ ਬਾਅਦ ਹੀ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਏਜੰਸੀ ਦੀ ਪਹਿਲਾਂ ਅਜਿਹੀ ਕੋਈ ਯੋਜਨਾ ਨਹੀਂ ਸੀ। ਕੇਜਰੀਵਾਲ ਨੇ ਇਕ ਪੋਸਟ ਵਿਚ ਸਵਾਲ ਕੀਤਾ ਕਿ ਅਮਿਤ ਸ਼ਾਹ ਦੱਸਣ ਕਿ ਉਨ੍ਹਾਂ ਨੇ ਏਜੰਸੀ ’ਤੇ ਦਬਾਅ ਪਾ ਕੇ ਸਤੇਂਦਰ ਜੈਨ ਨੂੰ ਕਿਉਂ ਗ੍ਰਿਫ਼ਤਾਰ ਕਰਾਇਆ ? ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪਿਛਲੇ ਮਾਮਲੇ ਵਾਂਗ ਇਹ ਮਾਮਲਾ ਵੀ ਫ਼ਰਜ਼ੀ ਹੀ ਹੈ, ਜੋ ਅਖੀਰ ਵਿਚ ਝੂਠਾ ਸਾਬਤ ਹੋਏਗਾ।
ਪੰਜਾਬ ’ਚ ਆ ਰਹੀਆਂ ਚੋਣਾਂ ਕਾਰਨ ਮੇਰੀ ਗਿ੍ਫ਼ਤਾਰੀ ਹੋਈ-ਸਤੇਂਦਰ ਜੈਨ
ਨਵੀਂ ਦਿੱਲੀ, 19 ਅਗਸਤ (ਪੀ.ਟੀ.ਆਈ.)-ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੇ ਅੱਜ ਕਿਹਾ ਕਿ ਏ.ਸੀ.ਬੀ. ਵਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਸੰਬੰਧ ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਨਾਲ ਹੈ ਅਤੇ ਉਨ੍ਹਾਂ ਨੇ ਇਸ ਨੂੰ ‘ਸਿਆਸਤ’ ਕਰਾਰ ਦਿੱਤਾ। ਜੈਨ ਜਿਨ੍ਹਾਂ ਨੂੰ ਅੱਜ ਰਾਊਜ਼ ਐਵਨਿਊ ਕੋਰਟ ’ਚ ਪੇਸ਼ ਕਰਨ ਲਈ ਏ.ਸੀ.ਬੀ. ਵਲੋਂ ਲਿਆਂਦਾ ਗਿਆ ਸੀ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੀਆਂ ਚੋਣਾਂ ਨੇੜੇ ਹਨ ਅਤੇ ਇਸ ਮੁੱਦੇ ’ਤੇ ਸਿਆਸਤ ਹੋ ਰਹੀ ਹੈ, ਕਿਉਂਕਿ ਉਹ ਪੰਜਾਬ ਲਈ ‘ਆਪ’ ਦੇ ਸਹਿ-ਇੰਚਾਰਜ ਵੀ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਪਿੰਡਾਂ ਦੇ ਨੌਜਵਾਨਾਂ ਨੂੰ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰੇਗੀ-ਮੁੱਖ ਮੰਤਰੀ ਅਗਲੀ ਖ਼ਬਰ ਮੁਹਾਲੀ ਵਾਕ ਮਾਲ ’ਚ ਪੁਲਿਸ ਵਲੋਂ ਮੌਕ ਡਰਿੱਲ
Ad Position 24