27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਗ਼ਜ਼ਲ ਉਸ ਨੇ ਛੇੜੀ-41 * ਗੁਰਦਿਆਲ ਰੌਸ਼ਨ *

Ad Position 21
No active advertisement
ਅਜੀਤ ਡੈਸਕ 21-09-2025

ਕੁਲਵਿੰਦਰ ਬੱਛੋਆਣਾ ਪੰਜਾਬੀ ਗ਼ਜ਼ਲ ਦਾ ਨਵਾਂ ਨਕਸ਼ ਹੈ ਜਿਸ ਦੇ ਮਸਤਕ ਵਿਚ ਕੁਝ ਨਾ ਕੁਝ ਆਕਾਸ਼ਗੰਗਾ ਵਰਗਾ ਹੈ। ਉਹ ਆਪਣੀਆਂ ਗ਼ਜ਼ਲਾਂ ਵਿਚ ਵੱਖਰੀ ਭਾਂਤ ਦੇ ਰੰਗਾਂ ਨਾਲ ਸ਼ਬਦਾਂ ਦੀ ਚਿਤਰਕਾਰੀ ਕਰਦਾ ਪ੍ਰਤੀਤ ਹੁੰਦਾ ਹੈ। ਇਹ ਰੰਗ ਉਦਾਸ ਵੀ ਹਨ ਤੇ ਖਿੜੇ ਖਿੜੇ ਵੀ। ਜ਼ਿੰਦਗੀ ਵਿਚ ਪ੍ਰਾਪਤੀਆਂ ਵੀ ਹੁੰਦੀਆਂ ਹਨ ਤੇ ਕੁਝ ਗੁਆਚਦਾ ਵੀ ਹੈ, ਪ੍ਰਾਪਤੀਆਂ ਦਾ ਸਾਨੂੰ ਬਹੁਤਾ ਪਤਾ ਨਹੀਂ ਲਗਦਾ ਪਰ ਗੁਆਚਿਆ ਹੋਇਆ ਉਮਰ ਭਰ ਸਾਡੀਆਂ ਯਾਦਾਂ ਵਿਚ ਵੱਖਰਾ ਘਰ ਬਣਾ ਲੈਂਦਾ ਹੈ। ਅਜਿਹਾ ਕੁਝ ਹੀ ਗ਼ਜ਼ਲਕਾਰ ਕੁਲਵਿੰਦਰ ਬੱਛੋਆਣਾ ਦੇ ਸ਼ਿਅਰਾਂ ਵਿਚ ਮਹਿਸੂਸ ਹੁੰਦਾ ਹੈ। ਮਾਨਸਾ ਦੇ ਨਜ਼ਦੀਕ ਪਿੰਡ ਬੱਛੋਆਣਾ ਦਾ ਜੰਮਪਲ ਕੁਲਵਿੰਦਰ ਕਿੱਤੇ ਵਜੋਂ ਅਧਿਆਪਕ ਹੈ। ਉਸ ਦਾ ਗ਼ਜ਼ਲ ਸੰਗ੍ਰਹਿ 'ਵਕਤ ਜੋ ਸਾਡਾ ਨਹੀਂ' ਪ੍ਰਕਾਸ਼ਤ ਹੋ ਚੁਕਾ ਹੈ ਤੇ ਉਸ ਨੇ ਇਕ ਪੁਸਤਕ 'ਦੋ ਪਲ ਦੀ ਹੈ ਜ਼ਿੰਦਗੀ' ਵੀ ਸੰਪਾਦਤ ਕੀਤੀ ਹੈ। ਕੁਲਵਿੰਦਰ ਬੱਛੋਆਣਾ ਵਰਗੇ ਸਮਰੱਥਾਵਾਨ ਗ਼ਜ਼ਲਕਾਰਾਂ ਦੇ ਹੱਥਾਂ ਵਿਚ ਪੰਜਾਬੀ ਗ਼ਜ਼ਲ ਦਾ ਕੱਲ੍ਹ ਬਿਲਕੁਲ ਸੁਰੱਖਿਅਤ ਦਿਖਾਈ ਦਿੰਦਾ ਹੈ। ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ- -ਮੋਬਾਈਲ : 99884-44002


ਖ਼ੁਦ ਜਿਹੜੇ ਨਾਕਾਮ ਰਹਿ ਗਏ ਕੁਝ ਸਿਰਜਣ ਜਾਂ ਜੋੜਨ ਵਿਚ।
ਉਹ ਲੋਕੀਂ ਮਸਰੂਫ਼ ਬੜੇ ਨੇ ਅਜਕਲ੍ਹ ਮੈਨੂੰ ਤੋੜਨ ਵਿਚ।

ਕੰਧਾਂ 'ਤੇ ਤਲਵਾਰਾਂ ਟੰਗਣਾ ਸ਼ੌਕ ਤੇਰਾ ਹੋ ਸਕਦਾ ਹੈ,
ਸੂਰਮਗਤੀ ਤਾਂ ਹੁੰਦੀ ਹੈ ਤਲਵਾਰਾਂ ਦਾ ਰੁਖ਼ ਮੋੜਨ ਵਿਚ।

ਮੋਏ ਨਈਂ ਸਨ ਲੋਕੀਂ, ਇਹ ਬਸ ਗੂੜ੍ਹੀ ਨੀਂਦ ਹੀ ਸੁੱਤੇ ਸਨ,
ਸਾਡੇ ਤੋਂ ਹੀ ਰਹਿ ਗਈ ਸ਼ਾਇਦ ਕੋਈ ਕਸਰ ਝੰਜੋੜਨ ਵਿਚ।

ਜੇਕਰ ਤੇਰੇ ਮੰਤਰ ਤੰਤਰ ਉਹਨੂੰ ਨਹੀਂ ਮਿਲਾ ਸਕਦੇ,
ਚਲ ਕੋਈ ਕਰਾਮਾਤ ਵਿਖਾ ਫਿਰ ਉਹਦੀ ਯਾਦ ਵਿਛੋੜਨ ਵਿਚ।

ਜਿੱਦਾਂ ਤੁਪਕਾ-ਤੁਪਕਾ ਕਰ ਕੇ ਪੀਨਾ ਏਂ ਤੂੰ ਰੱਤ ਸਾਡੀ,
ਇੰਝ ਤਾਂ ਉਮਰਾਂ ਲਾ ਦੇਵੇਂਗਾ ਸਾਰਾ ਖ਼ੂਨ ਨਿਚੋੜਨ ਵਿਚ।

 

*
ਤਿੜਕੇ ਬੂਹਿਆਂ ਬਿਰਧ ਦਿਵਾਰਾਂ ਨੂੰ ਕਾਹਦਾ ਧਰਵਾਸ।
ਘਰ ਦੀ ਰੌਣਕ ਸਨ ਜੋ, ਕਰ ਗਏ ਉਮਰਾਂ ਲਈ ਪਰਵਾਸ।

ਮੇਰੇ ਪਿੰਡ ਵਿਚ ਰਹਿੰਦੇ ਕਿੰਨੇ ਹੀ ਅਣਗੌਲੇ ਰਾਮ,
ਅਪਣੇ-ਅਪਣੇ ਘਰ ਵਿਚ ਜਿਹੜੇ ਭੋਗ ਰਹੇ ਬਨਵਾਸ।

ਓਸ ਨਦੀ ਨੇ ਤਾਂ ਨਈਂ ਕੀਤਾ ਪਾਣੀ ਤੋਂ ਇਨਕਾਰ,
ਮੇਰੇ ਅੰਦਰ ਮਾਰੂਥਲ ਸੀ, ਬੁਝਦੀ ਕਿੰਝ ਪਿਆਸ।

ਆਪਾਂ ਤਾਂ ਖੇਤਾਂ ਵਿਚ ਬੀਜੇ ਸਨ ਸਧਰਾਂ ਦੇ ਬੀਜ,
ਜ਼ਹਿਰੀ ਰੁੱਤ ਕੀ ਕਰ ਗਈ ਖ਼ੌਰੇ, ਉੱਗ ਪਈ ਸਲਫਾਸ।

ਮਾਂ ਹੀ ਵਾਪਿਸ ਆ ਜਾਵੇ ਬਸ ਕੀ ਕਰਨੀ ਐ ਚੋਗ,
ਵਹਿਸ਼ੀ ਰੁੱਤ 'ਚ ਕੀਤੀ ਕੰਬਦੇ ਬੋਟਾਂ ਨੇ ਅਰਦਾਸ।

Ad Position 22
No active advertisement
ਪਿਛਲੀ ਖ਼ਬਰ ਦੋ ਗ਼ਜ਼ਲਾਂ, ਇਕ ਗੀਤ ਅਗਲੀ ਖ਼ਬਰ ਚਿਹਰੇ ਹੁਸੀਨ ਜਿਹੇ
Ad Position 24