27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਯਾਦ ਫੁਲਵਾੜੀ ਦਾ ਸੁੱਚਾ ਗੁਲਾਬ

Ad Position 21
No active advertisement
ਅਜੀਤ ਡੈਸਕ 21-09-2025

ਵਾਕਿਆ ਭਾਦਰੋਂ1964 ਦਾ ਹੈ। ਉਸ ਦਿਨ ਪੂਰਨਮਾਸ਼ੀ ਦਾ ਦਿਨ ਸੀ। ਭਾਪਾ ਜੀ ਦੀ ਨਿਯੁਕਤੀ ਸਿਵਲ ਵੈਟਰਨਰੀ ਹਸਪਤਾਲ ਵਲਟੋਹਾ ਵਿਖੇ ਸੀ। ਅੰਗਰੇਜ਼ ਰਾਜ ਦੇ ਕਾਇਦੇ ਕਾਨੂੰਨ ਅਜੇ ਫਿੱਕੇ ਨਹੀਂ ਸਨ ਪਏ। ਇੰਚਾਰਜ ਡਾਕਟਰ ਤੋਂ ਸਫ਼ਾਈ ਕਰਮਚਾਰੀਆਂ, ਸਾਰੇ ਸਟਾਫ਼ ਨੂੰ ਹਸਪਤਾਲ ਕੈਂਪਸ ਵਿੱਚ ਬਣੇ ਕੁਆਰਟਰਾਂ ਵਿਚ ਰਿਹਾਇਸ਼ ਰੱਖਣੀ ਲਾਜ਼ਮੀ ਸੀ ਤਾਂ ਕਿ ਲੋੜਵੰਦਾਂ ਨੂੰ ਦਿਨ-ਰਾਤ ਚੌਵੀ ਘੰਟੇ ਪਸ਼ੂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਵਲਟੋਹਾ ਤੋਂ ਅੱਠ ਕੁ ਮੀਲ ਹਟਵੇਂ ਖੇਮਕਰਨ ਸ਼ਹਿਰ ਦੇ ਬਾਹਰਵਾਰ ਬਿਲਕੁਲ ਹਿੰਦ-ਪਾਕਿ ਸਰਹੱਦ 'ਤੇ ਬਾਬਾ ਫ਼ਰੀਦ ਜੀ ਦੀ ਅੰਸ਼ ਵਿਚੋਂ ਸ਼ੇਖ਼ ਬ੍ਰਹਮ ਦੀ ਮਜ਼ਾਰ 'ਤੇ ਸਦੀਆਂ ਤੋਂ ਭਾਦਰੋਂ ਦੀ ਪੂਰਨਮਾਸ਼ੀ ਵਾਲੇ ਦਿਨ ਬੜਾ ਭਾਰੀ ਮੇਲਾ ਲਗਦਾ ਹੈ । ਹਿੰਦੋਸਤਾਨ ਅਤੇ ਪਾਕਿਸਤਾਨ ਦੇ ਸਰਹੱਦੀ ਪਿੰਡਾਂ ਕਸਬਿਆਂ ਖੇਮਕਰਨ, ਵਲਟੋਹਾ,ਆਸਲ ਉਤਾੜ, ਰੱਤੋਕੇ ਅਤੇ ਕਸੂਰ ਆਦਿ ਦੇ ਵਸਨੀਕ ਬਿਨਾਂ ਕਿਸੇ ਡਰ ਭੈਅ ਦੇ ਮਜ਼ਾਰ 'ਤੇ ਸ਼ਰਧਾ ਸਤਿਕਾਰ ਭੇਟ ਕਰਦੇ ਅਤੇ ਮੇਲੇ ਦਾ ਆਨੰਦ ਮਾਣਦੇ। ਮਜ਼ਾਰ ਦੇ ਖੇਤਰ ਵਿੱਚ ਸਰਹੱਦ ਦੇ ਆਰ-ਪਾਰ ਆਉਣ-ਜਾਣ ਲਈ ਵੀਜ਼ਾ ਪਾਸਪੋਰਟ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ। ਮੁਲਾਜ਼ਮ ਲੋਕ ਭਾਵੇਂ ਹੱਦਾਂ-ਸਰਹੱਦਾਂ ਬਾਰੇ ਕਾਇਦੇ ਕਾਨੂੰਨ ਨੂੰ ਧਿਆਨ ਵਿੱਚ ਰੱਖਦੇ ਪਰ ਆਮ ਹਿੰਦੋਸਤਾਨੀ ਪੰਜਾਬ ਦੇ ਮੇਲੀ ਪਾਕਿਸਤਾਨੀ ਪੰਜਾਬ ਦੇ ਦੁਕਾਨਦਾਰਾਂ ਤੋਂ ਪਕੌੜੇ ਬਾਲੂਸ਼ਾਹੀਏ ਖਰੀਦਦੇ ਤੇ ਕਸੂਰ ਵਾਲੇ ਖੇਮਕਰਨੀ ਦੁਕਾਨਦਾਰਾਂ ਤੋਂ ਜਲੇਬੀਆਂ ਮੱਠੀਆਂ ਖਰੀਦ ਮੇਲੇ ਦਾ ਆਨੰਦ ਮਾਣਦੇ। ਰਾਤ ਪਈਆਂ ਕਣੀਆਂ ਨੇ ਹੁੰਮਸ ਨੂੰ ਸ਼ਾਂਤ ਕੀਤਾ ਹੋਇਆ ਸੀ। ਬੱਦਲਵਾਈ ਕਾਰਨ ਧੁੱਪ ਤੋਂ ਬਚਾਅ ਸੀ। ਪਿੱਪਲਾਂ ਬੋਹੜਾਂ ਅਤੇ ਪਿਲਕਣਾਂ ਦੀ ਛਾਵੇਂ ਠੰਢੀ ਹਵਾ ਨੇ ਆਲਮ ਖੁਸ਼ਗਵਾਰ ਬਣਾਇਆ ਹੋਇਆ ਸੀ।
ਭਾਪਾ ਜੀ, ਬੀਬੀ ਅਤੇ ਅਸੀਂ ਚਾਰੇ ਭਰਾ ਆਪਣੇ ਪਾਸੇ ਭੁੰਜੇ ਘਾਹ 'ਤੇ ਬੈਠੇ ਜਲੇਬੀਆਂ ਦਾ ਮਜ਼ਾ ਲੈ ਰਹੇ ਸਾਂ ਕਿ ਇਕ ਪਾਕਿਸਤਾਨੀ ਰੇਂਜਰ ਨੇ ਮੁਸਕਰਾਉਂਦੇ ਹੋਏ ਬਾਹਵਾਂ ਵਧਾ ਕੇ ਮੇਰੀ ਬੀਬੀ ਕੋਲੋਂ ਮੇਰੇ ਸਭ ਤੋਂ ਛੋਟੇ ਭਰਾ ਨੂੰ ਬੜੇ ਮੋਹ ਪਿਆਰ ਨਾਲ ਖਿਡਾਉਣ ਵਾਸਤੇ ਚੁੱਕ ਲਿਆ ਅਤੇ ਆਪਣੇ ਸਾਥੀਆਂ ਕੋਲ਼ ਓਧਰ ਲੈ ਗਿਆ। ਮੇਰੇ ਭਰਾ ਦੀ ਸ਼ਕਲ ਸੂਰਤ ਬਹੁਤ ਹੀ ਮੋਹਭਰੀ ਸੀ। ਸਭ ਤੋਂ ਛੋਟੇ ਭਰਾ ਬਿੱਲੂ ਦਾ ਰੰਗ ਗੁਲਾਬੀ ਭਾਅ ਮਾਰਦਾ ਗੋਰਾ ਅਤੇ ਉਸ ਦੇ ਵਾਲ਼ ਘੁੰਗਰਾਲੇ ਸੁਨਹਿਰੀ ਸਨ । ਨਕਸ਼ ਵੀ ਬੜੇ ਆਕਰਸ਼ਕ। ਮੇਰੀ ਬੀਬੀ ਜੀ ਕੋਲੋਂ ਨਾਂਹ ਨਹੀਂ ਹੋਈ। ਜਦੋਂ ਉਨ੍ਹਾਂ ਮੇਰੇ ਭਰਾ ਨੂੰ ਕਿੰਨਾ ਚਿਰ ਵਾਪਿਸ ਨਾ ਕੀਤਾ, ਸਾਨੂੰ ਉਡੀਕ-ਉਡੀਕ ਕੇ ਫ਼ਿਕਰ ਲੱਗ ਪਿਆ। ਮੇਲੇ ਦੀ ਭੀੜ ਵਿੱਚੋਂ ਉਹ ਕਦੀ ਫ਼ੌਜੀਆਂ ਨਾਲ ਖੇਡਦਾ ਦਿਸ ਪੈਂਦਾ ਤੇ ਬਹੁਤਾ ਸਮਾਂ ਓਹਲੇ ਹੀ ਰਹਿੰਦਾ। ਸਾਰੇ ਮੇਲੀ ਮਰਦ ਔਰਤਾਂ ਕੱਵਾਲੀਆਂ ਅਤੇ ਮਨਮੋਹਕ ਸੰਗੀਤ ਦਾ ਆਨੰਦ ਮਾਣ ਰਹੇ ਸਨ, ਪਰ ਸਾਡੀ ਟਿਕਟਿਕੀ ਸਰਹੱਦ ਪਾਰ ਦੇ ਸ਼ਮਲਿਆਂ ਵਾਲੇ ਪਾਕਿਸਤਾਨੀ ਫ਼ੌਜੀਆਂ ਅਤੇ ਬਿੱਲੂ 'ਤੇ ਕੇਂਦਰਿਤ ਸੀ। ਘੋਲਾਂ ਕੁਸ਼ਤੀਆਂ ਲਈ ਤਿਆਰ ਕੀਤੇ ਜਾ ਰਹੇ ਅਖਾੜੇ ਦੀ ਮਿੱਟੀ ਨੂੰ ਲਾਕੜੀ ਕਹੀਆਂ ਨਾਲ ਗੋਡ-ਗੋਡ ਕੇ ਮੈਦਾ ਕਰ ਰਹੇ ਸਨ। ਇਲਾਕੇ ਦੇ ਪ੍ਰਸਿੱਧ ਭਲਵਾਨ ਬੰਤਾ ਵਲਟੋਹੀਆ ਦੇ ਸੰਤੋਖ ਬਹਾਦਰ ਨਗਰੀਆ ਆਪਣੀ ਨਿਗਰਾਨੀ ਹੇਠ ਅਖਾੜੇ ਦੀ ਤਿਆਰੀ ਕਰਵਾ ਰਹੇ ਸਨ। ਸਭ ਮੇਲੀ ਅਖਾੜੇ ਦੁਆਲੇ ਇਕੱਠੇ ਹੋ ਰਹੇ ਸਨ। ਹਿੰਦੋਸਤਾਨੀ ਪਾਕਿਸਤਾਨੀ ਮੇਲੀ ਰਲ਼ੇ-ਮਿਲ਼ੇ ਸਨ। ਕੋਈ ਬਹੁਤੀ ਮੇਰ-ਤੇਰ ਨਹੀਂ ਸੀ। ਗੱਭਰੂ ਮੁਟਿਆਰਾਂ ਦੇ ਗੁੱਝੇ ਇਸ਼ਾਰੇ ਆਪਣੀ ਖੇਡ ਖੇਡ ਰਹੇ ਸਨ। ਪਰ ਸਾਡੀਆਂ ਅੱਖਾਂ ਬਿੱਲੂ ਅਤੇ ਉਸ ਨਾਲ ਖੇਡਣ ਵਾਲੇ ਪਾਕਿਸਤਾਨੀ ਫ਼ੌਜੀਆਂ ਦੀ ਭਾਲ਼ ਵਿੱਚ ਹੀ ਸਨ। ਅੱਖਾਂ ਥੱਕ ਗਈਆਂ। ਪਲ-ਪਲ ਦੀ ਉਡੀਕ ਵਾਹਵਾ ਲੰਮੀ ਹੋ ਗਈ।
ਸ਼ੁਕਰ ਕੀਤਾ ਜਦੋਂ ਪਾਕਿਸਤਾਨੀ ਰੇਂਜਰ ਨੇ ਬਾਹਵਾਂ ਲੰਮੀਆਂ ਕਰ ਹੱਸਦਿਆਂ ਹੋਇਆਂ ਮੇਰਾ ਭਰਾ ਮੇਰੀ ਬੀਬੀ ਜੀ ਨੂੰ ਫੜਾ ਦਿੱਤਾ। ਮੇਰਾ ਜੀਅ ਕਰੇ ਕਿ ਆਪਣੇ ਭਰਾ ਹੱਥੋਂ ਉਹ ਖਿਡੌਣਾ ਖੋਹ ਲਵਾਂ, ਜਿਹੜਾ ਪਾਕਿਸਤਾਨ ਦੇ ਰੇਂਜਰ ਭਾਈਜਾਨ ਨੇ ਉਸ ਨੂੰ ਦਿੱਤਾ ਸੀ। ਦੋਵਾਂ ਹਮਸਾਏ ਮੁਲਕਾਂ ਦੇ ਇਸ ਤਰ੍ਹਾਂ ਦੇ ਭਾਈਚਾਰਕ ਮੇਲ਼-ਮਿਲਾਪ ਦਾ ਤਾਂ ਹੁਣ ਕਦੇ ਸੁਪਨਾ ਵੀ ਨਹੀਂ ਆਉਂਦਾ...।

-ਬੀ-1152, ਨਿਊ ਪ੍ਰਤਾਪ ਨਗਰ, ਅੰਮ੍ਰਿਤਸਰ-143006
ਮੋਬਾਈਲ : 98158-40755
Email id : ankhi53@gmail.com

Ad Position 22
No active advertisement
ਪਿਛਲੀ ਖ਼ਬਰ ਚਿਹਰੇ ਹੁਸੀਨ ਜਿਹੇ ਅਗਲੀ ਖ਼ਬਰ ਵਿਕਾਰਾਂ ਦੀ ਮਿੱਟੀ
Ad Position 24