ਅੰਮਿ੍ਤਸਰ, 20 ਸਤੰਬਰ (ਗਗਨਦੀਪ ਸ਼ਰਮਾ)-ਸਪੈਸ਼ਲ ਸੈੱਲ ਅੰਮਿ੍ਤਸਰ (ਦਿਹਾਤੀ) ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ 6 ਕਿੱਲੋ 286 ਗ੍ਰਾਮ ਹੈਰੋਇਨ ਅਤੇ 4 ਲੱਖ ਡਰੱਗ ਮਨੀ ਸਮੇਤ 2 ਤਸਕਰਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਇਸ ਤੋਂ ਇਲਾਵਾ ਉਨ੍ਹਾਂ ਪਾਸੋਂ ਮੋਟਰਸਾਈਕਲ ਅਤੇ ਮੋਬਾਈਲ ਵੀ ਜ਼ਬਤ ਕੀਤਾ ਗਿਆ ਹੈ | ਐੱਸ. ਪੀ. (ਡੀ) ਸ੍ਰੀ ਆਦਿਤਿਯਾ ਵਾਰਿਅਰ ਨੇ ਇਹ ਖੁਲਾਸਾ ਪੱਤਰਕਾਰ ਸੰਮੇਲਨ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਗਿ੍ਫਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਸੰਕਰ ਸਿੰਘ ਵਾਸੀ ਗੁਰੂ ਕੀ ਵਡਾਲੀ ਅਤੇ ਸਚਿਨ ਵਾਸੀ ਰਣਜੀਤਪੁਰ, ਛੇਹਰਟਾ ਅੰਮਿ੍ਤਸਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਸਪੈਸ਼ਲ ਸੈੱਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ੰਕਰ ਸਿੰਘ, ਪਾਕਿਸਤਾਨੀ ਤਸਕਰਾਂ ਨਾਲ ਸਿੱਧੇ ਸੰਪਰਕ ਵਿਚ ਹੈ ਅਤੇ ਉਨ੍ਹਾਂ ਦੇ ਇਸ਼ਾਰੇ 'ਤੇ ਹੈਰੋਇਨ ਦੀਆਂ ਖੇਪਾਂ ਲੈ ਕੇ ਅੱਗੇ ਪਹੁੰਚਾਉਂਦਾ ਹੈ | ਉਸ ਸੂਚਨਾ ਦੇ ਆਧਾਰ 'ਤੇ ਮੋਟਰਸਾਈਕਲ 'ਤੇ ਜਾ ਰਹੇ ਸ਼ੰਕਰ ਸਿੰਘ ਨੂੰ ਪਿੰਡ ਬੇਹੜਵਾਲ ਦੇ ਨੇੜੇ ਘੇਰਾਬੰਦੀ ਕਰਕੇ ਡਰੱਗ ਮਨੀ ਅਤੇ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ | ਉਪਰੰਤ ਉਸਦੇ ਸਾਥੀ ਸਚਿਨ ਨੂੰ ਵੀ ਗਿ੍ਫਤਾਰ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੇ ਅਗਲੇ-ਪਿਛਲੇ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਜੋ ਵੀ ਨਸ਼ਾ ਤੱਸਕਰੀ ਦੇ ਜਾਲ ਵਿਚ ਸ਼ਾਮਿਲ ਹੋਏ ਸਾਹਮਣੇ ਆਉਣਗੇ, ਦੇ ਵਿਰੁੱਧ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਡੀ. ਐੱਸ. ਪੀ. (ਡੀ) ਗੁਰਿੰਦਰਪਾਲ ਸਿੰਘ ਨਾਗਰਾ ਵੀ ਹਾਜ਼ਰ ਸਨ |