19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰਾਵੀ ਦਰਿਆ ਕਿਨਾਰੇ ਬਣਾਏ ਧੁੱਸੀ ਬੰਨ੍ਹਾਂ 'ਤੇ ਹੋ ਚੁੱਕਾ ਹੈ ਕਰੈਸ਼ਰ ਇੰਡਸਟਰੀ ਦਾ ਕਬਜ਼ਾ

Ad Position 21
No active advertisement
ਅਜੀਤ ਡੈਸਕ 21-09-2025
ਬਮਿਆਲ, 20 ਸਤੰਬਰ (ਰਾਕੇਸ਼ ਸ਼ਰਮਾ)-ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਅਧੀਨ ਰਾਵੀ ਦਰਿਆ 'ਚ ਹੜ੍ਹ ਆਉਣ ਨਾਲ ਸਰਹੱਦੀ ਪਿੰਡ ਪੰਮਾ ਅਤੇ ਕੋਹਲੀਆਂ 'ਚ ਜੋ ਨੁਕਸਾਨ ਹੋਇਆ, ਉਹ ਰਾਵੀ ਦਰਿਆ ਦਾ ਬੰਨ੍ਹ ਟੁੱਟਣਾ ਜਾਂ ਫਿਰ ਰਾਵੀ ਦਰਿਆ ਦੇ ਕਿਨਾਰੇ 'ਤੇ ਬਣਾਏ ਗਏ ਬੰਨ੍ਹ ਤੋਂ ਪਾਣੀ ਦਾ ਓਵਰਫ਼ਲੋ ਹੋਣਾ ਸੀ | ਪਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਰਾਵੀ ਦਰਿਆ ਦੇ ਕਿਨਾਰੇ 'ਤੇ ਬਣਾਏ ਗਏ ਧੁੱਸੀ ਬੰਨ੍ਹ ਸਿਰਫ਼ ਸਰਹੱਦੀ ਖੇਤਰ ਦੇ ਲਗਪਗ 36 ਪਿੰਡਾਂ ਨੂੰ ਹੜ੍ਹ ਤੋਂ ਬਚਾਉਣ ਲਈ ਬਣਾਏ ਗਏ ਸਨ | ਪਰ ਇਹ ਬੰਨ੍ਹ ਟੁੱਟਣ ਅਤੇ ਇਸ ਤੋਂ ਓਵਰਫ਼ਲੋ ਹੋ ਕੇ ਪਾਣੀ ਦਾ ਲੰਘਣਾ ਕਿਤੇ ਨਾ ਕਿਤੇ ਵਿਭਾਗ ਦੀ ਕਮਜ਼ੋਰੀ ਦਰਸਾਉਂਦਾ ਹੈ | ਦਰਅਸਲ ਵਿਭਾਗ ਵਲੋਂ ਇਨ੍ਹਾਂ ਬੰਨ੍ਹਾਂ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ | ਦੂਜੇ ਪਾਸੇ ਇਨ੍ਹਾਂ ਧੁੱਸੀ ਬੰਨ੍ਹਾਂ 'ਤੇ ਕਰੈਸ਼ਰ ਇੰਡਸਟਰੀ ਦਾ ਕਬਜ਼ਾ ਹੋ ਚੁੱਕਾ ਹੈ | ਕਥਲੌਰ ਪੁਲ ਦੇ ਦੋਵੇਂ ਪਾਸੇ ਵੱਲ ਬੰਨ੍ਹੇ ਗਏ ਧੁੱਸੀ ਬੰਨ੍ਹ ਦਾ ਉਪਯੋਗ ਕਰੈਸ਼ਰ ਇੰਡਸਟਰੀ ਪੂਰੇ ਤੌਰ 'ਤੇ ਕਰ ਰਹੀ ਹੈ | ਜਿਸ ਕਰਕੇ ਇਹ ਬਣਾਏ ਗਏ ਧੁੱਸੀ ਬੰਨ੍ਹ ਦੀ ਉਚਾਈ ਘੱਟ ਚੁੱਕੀ ਹੈ ਅਤੇ ਭਾਰੀ ਟਰੱਕ ਲੰਘਣ ਕਰਕੇ ਇਹ ਕਮਜ਼ੋਰ ਵੀ ਹੋ ਚੁੱਕੇ ਸਨ | ਜਿਸ ਕਰਕੇ ਇਸ ਵਾਰ ਇਹ ਬੰਨ੍ਹ ਕਈ ਥਾਵਾਂ ਤੋਂ ਟੁੱਟ ਗਿਆ ਅਤੇ ਕੁਝ ਥਾਵਾਂ ਤੋਂ ਇਸ ਬੰਨ੍ਹ ਦੇ ਉੱਤੋਂ ਪਾਣੀ ਲੰਘ ਗਿਆ ਜੋ ਸਰਹੱਦੀ ਖੇਤਰ 'ਚ ਨੁਕਸਾਨ ਕਰ ਗਿਆ | ਦੱਸ ਦਈਏ ਕਿ 2023 ਵਿਚ ਵੀ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਸੀ | ਜਿਸ ਦੇ ਚੱਲਦੇ ਵੀ ਇਨ੍ਹਾਂ ਥਾਵਾਂ ਤੋਂ ਹੀ ਧੁੱਸੀ ਬੰਨ੍ਹ ਕਮਜ਼ੋਰ ਹੋਏ ਸਨ ਅਤੇ ਵਿਭਾਗ ਵਲੋਂ ਉਸ ਮੌਕੇ ਇਨ੍ਹਾਂ ਥਾਵਾਂ 'ਤੇ ਬੋਰੀਆਂ ਭਰ ਕੇ ਬੰਨ੍ਹਾਂ ਨੂੰ ਸਖਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ | ਪਰ ਹੜ੍ਹ ਗੁਜ਼ਰਨ ਤੋਂ ਬਾਅਦ ਵਿਭਾਗ ਵਲੋਂ ਫਿਰ ਅਣਗਹਿਲੀ ਵਰਤੀ ਗਈ ਅਤੇ ਇਨ੍ਹਾਂ ਬੰਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਗਿਆ | ਹੁਣ ਜੇਕਰ ਗੱਲ ਕੀਤੀ ਜਾਵੇ ਕਥਲੌਰ ਪੁਲ ਤੋਂ ਤਾਸ਼ ਪੱਤਾਂ ਵਾਲੀ ਸਾਈਡ ਜਾਣ ਵਾਲੀ ਧੁੱਸੀ ਬੰਨ੍ਹ ਦੀ ਤਾਂ ਉਹ 1978 'ਚ ਤਿਆਰ ਕੀਤਾ ਗਿਆ ਸੀ | ਪਿੰਡ ਮਾਖਨਪੁਰ ਦੇ ਸਰਪੰਚ ਮੰਗਾ ਰਾਮ, ਜਗੀਰ ਸਿੰਘ, ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੰਨ੍ਹ ਪਹਿਲਾਂ ਬਹੁਤ ਉੱਚਾ ਸੀ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਕਰੈਸ਼ਰ ਇੰਡਸਟਰੀ ਵਲੋਂ ਇਸ ਬੰਨ੍ਹ 'ਤੇ ਕਬਜ਼ਾ ਕਰ ਲਿਆ ਗਿਆ ਅਤੇ ਇਸ ਧੁੱਸੀ ਬੰਨ੍ਹ ਨੂੰ ਸੜਕ ਦੇ ਰੂਪ 'ਚ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਗਿਆ | ਜਿਸ ਦੇ ਚੱਲਦੇ ਅੱਜ ਇਹ ਧੁੱਸੀ ਬੰਨ੍ਹ ਬਿਲਕੁਲ ਕਮਜ਼ੋਰ ਹੋ ਚੁੱਕਾ ਹੈ | ਪਰ ਅਜੇ ਵੀ ਮਾਈਨਿੰਗ ਵਿਭਾਗ ਵਲੋਂ ਇਸ ਧੁੱਸੀ ਬੰਨ੍ਹ ਨੂੰ ਸੜਕ ਦੇ ਰੂਪ 'ਚ ਦਰਸਾਉਂਦੇ ਹੋਏ ਕਰੈਸ਼ਰ ਇੰਡਸਟਰੀ ਨੂੰ ਐਨ.ਓ.ਸੀ ਜਾਰੀ ਕੀਤੀਆਂ ਜਾ ਰਹੀਆਂ ਹਨ | ਦੂਜੇ ਪਾਸੇ ਇਸ ਧੁੱਸੀ ਬੰਨ੍ਹ ਦੇ ਨਜ਼ਦੀਕ ਲੱਗਦੇ ਪਿੰਡ ਵਾਲਿਆਂ ਦਾ ਦਾਅਵਾ ਹੈ ਕਿ ਇਹ ਪਿੰਡ ਦੇ ਕਿਸਾਨਾਂ ਦੀ ਜ਼ਮੀਨ 'ਚ ਬਣਾਈ ਗਈ ਸੀ | ਜਿਸ ਦਾ ਅਜੇ ਤੱਕ ਉਨ੍ਹਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ | ਪਰ ਅੱਜ ਇਸ ਧੁੱਸੀ ਬੰਨ੍ਹ 'ਤੇ ਕਰੈਸ਼ਰ ਧਾਰਕਾਂ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਾ ਹੈ | ਜਿਸ ਦੇ ਚੱਲਦੇ ਇਹ ਧੁੱਸੀ ਬੰਨ੍ਹ ਕਮਜ਼ੋਰ ਹੋ ਰਿਹਾ ਹੈ ਅਤੇ ਪਿੰਡਾਂ ਨੂੰ ਇਸ ਵੇਲੇ ਹੜ੍ਹ ਤੋਂ ਬੇਹੱਦ ਖ਼ਤਰਾ ਹੈ | ਜੇਕਰ ਅਗਲੀ ਵਾਰ ਬਰਸਾਤ ਦੌਰਾਨ ਇਸ ਤੋਂ ਜ਼ਿਆਦਾ ਪਾਣੀ ਆਉਂਦਾ ਹੈ ਤਾਂ ਇਹ ਤੁਸੀਂ ਬੰਨ੍ਹ ਬਚਾਓ ਨਹੀਂ ਕਰ ਸਕਦਾ | ਇਸ ਸਬੰਧੀ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਕਰੈਸ਼ਰ ਇੰਡਸਟਰੀ ਲਈ ਇਸ ਧੁੱਸੀ ਬੰਨ੍ਹ ਦੇ ਉਪਯੋਗ ਲਈ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਤਾਂ ਕਿ ਇਲਾਕੇ ਦੇ ਪਿੰਡ ਹੜ੍ਹ ਦੀ ਮਾਰ ਤੋਂ ਬਚ ਸਕਣ |
Ad Position 22
No active advertisement
ਪਿਛਲੀ ਖ਼ਬਰ ਹਵਲਦਾਰ ਮਦਨ ਲਾਲ ਸ਼ਰਮਾ ਦਾ ਸ਼ਰਧਾਂਲੀ ਸਮਾਗਮ ਕਰਵਾਇਆ ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ ਕਾਲਜ ਦੀ ਮਨੀਸ਼ਾ ਯੂਨੀਵਰਸਿਟੀ 'ਚ ਦੂਜੇ ਸਥਾਨ 'ਤੇ ਰਹੀ
Ad Position 24