ਬਿਆਸ, 19 ਨਵੰਬਰ (ਨਰਿੰਦਰ ਸਿੰਘ)- ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਮਾਤਾ ਚਰਨ ਕੌਰ ਜੀ ਦਾ ਸਸਕਾਰ 21 ਨਵੰਬਰ ਨੂੰ ਪਿੰਡ ਜਲੂਪੁਰ ਖੇੜਾ ਵਿਖੇ ਹੋਵੇਗਾ। ਸਸਕਾਰ ਦੇ ਦੌਰਾਨ ਆਉਣ ਵਾਲੀ ਵੱਡੀ ਗਿਣਤੀ ਵਿਚ ਸੰਗਤ ਦਾ ਅਤੇ ਸੁਰੱਖਿਆ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।
ਖਾਨਪੁਰ ਵਲੋਂ ਹੋਰ ਵੀ ਜਾਣਕਾਰੀ ਦਿੱਤੀ ਗਈ ਕਿ ਭਾਈ ਅੰਮ੍ਰਿਤਪਾਲ ਜੀ ਦੇ ਪਰਿਵਾਰ ਵਲੋਂ ਸਭ ਸੰਗਤਾਂ ਨੂੰ ਪੁਰਜੋਰ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਲਾਇਸੈਂਸੀ ਹਥਿਆਰ ਆਪਣੇ ਨਾਲ ਨਾ ਲੈ ਕੇ ਆਉਣ ਅਤੇ ਪ੍ਰਸ਼ਾਸਨ ਦੀਆਂ ਦਿੱਤੀਆਂ ਹੋਈਆਂ ਸ਼ਰਤਾਂ ਦਾ ਪੂਰਨ ਪਾਲਣ ਕੀਤਾ ਜਾਵੇ। ਅਦਾਲਤ ਦੇ ਆਦੇਸ਼ਾਂ ਦਾ ਇਨ ਬਿਨ ਪੂਰਨ ਤੌਰ ਤੇ ਸੰਗਤਾਂ ਨੂੰ ਪਾਲਣ ਕਰਨ ਦੀ ਅਪੀਲ ਵੀ ਕੀਤੀ ਗਈ। ਕਰੀਬ 6 ਏਕੜ ਜ਼ਮੀਨ ਦੇ ਵਿਚ ਪਾਰਕਿੰਗ ਦੀ ਸੁਵਿਧਾ ਅਤੇ ਲੰਗਰ ਦੇ ਪ੍ਰਬੰਧ ਹੋਣਗੇ।
ਕਾਫੀ ਉੱਘੀਆਂ ਸ਼ਖਸੀਅਤਾਂ ਦਾ ਆਉਣਾ ਜਾਣਾ ਪਿੰਡ ਜਲੂਪੁਰ ਖੇੜਾ ਵਿਖੇ ਜਾਰੀ ਹੈ ਅਤੇ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਜ਼ਮੀਨੀ ਮੁਆਇਨਾ ਕਰਦੀਆਂ ਹੋਈਆਂ ਨਜ਼ਰ ਆਈਆਂ। ਕਰੀਬ ਤਿੰਨ ਤੋਂ ਚਾਰ ਰਸਤਿਆਂ ਤੋਂ ਆਵਾਜਾਈ ਜੋ ਹੈ ਪਿੰਡ ਜਲੂਪੁਰ ਖੇੜਾ ਨੂੰ ਰਹੇਗੀ। ਇਸ ਦੌਰਾਨ ਆਉਣ ਵਾਲੀ ਸੰਗਤ ਨੂੰ ਪਾਰਕਿੰਗ ਦੀਆਂ ਖਾਸ ਹਦਾਇਤਾਂ ਵੀ ਕੱਲ੍ਹ ਨੂੰ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸੜਕੀ ਆਵਾਜਾਈ ਜੋ ਕਿ ਪਿੰਡ ਜਲੂਪੁਰ ਖੇੜਾ ਤੱਕ ਪਹੁੰਚੇਗੀ ਉਸ ਸਬੰਧੀ ਵੀ ਅੱਜ ਰਾਤ ਹੀ ਨਕਸ਼ਾ ਸੋਸ਼ਲ ਮੀਡੀਆ ਰਾਹੀਂ ਜਾਰੀ ਕਰ ਦਿੱਤਾ ਜਾਵੇਗਾ।