ਕੋਟਫ਼ਤੂਹੀ, 20 ਸਤੰਬਰ (ਅਵਤਾਰ ਸਿੰਘ ਅਟਵਾਲ)-ਬੀਤੇ ਦਿਨ ਬਾਅਦ ਦੁਪਹਿਰ ਚਾਰ ਕੁ ਵਜੇ ਦੇ ਕਰੀਬ ਬਿਸਤ ਦੁਆਬ ਨਹਿਰ ਤੇ ਗੁਰੂ ਤੇਗ਼ ਬਹਾਦਰ ਸਕੂਲ ਦੇ ਕੋਲ ਮੁੱਖ ਸੜਕ ਉੱਪਰ ਕੋਟਫ਼ਤੂਹੀ ਵਲੋਂ ਇਕ ਇੱਟਾਂ ਲੈ ਕੇ ਜਾ ਕੇ ਰਹੇ ਟਰੈਕਟਰ ਦੀ ਮੋਟਰਸਾਈਕਲ ਨਾਲ ਟੱਕਰ 'ਚ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਤੇ ਉਸ ਦੇ ਮੋਟਰਸਾਈਕਲ ਦੇ ਬੁਰੀ ਤਰ੍ਹਾਂ ਟੁੱਟ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਅੱਡਾ ਕੋਟਫ਼ਤੂਹੀ ਵਲੋਂ ਬਿਸਤ ਦੁਆਬ ਨਹਿਰ ਵਾਲੀ ਸੜਕ 'ਤੇ ਇੱਟਾਂ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਨਾਲ ਸੜਕ ਦੇ ਦੂਜੇ ਪਾਸਿਓ ਆ ਰਿਹਾ ਪਿੰਡ ਪੰਡੋਰੀ ਲੱਧਾ ਸਿੰਘ ਦੇ ਨੌਜਵਾਨ ਮੋਟਰਸਾਈਕਲ ਨਾਲ ਟੱਕਰ ਹੋ ਗਈ, ਜਿਸ ਨਾਲ ਮੋਟਰਸਾਈਕਲ ਟਰੈਕਟਰ ਦੇ ਟਾਇਰਾਂ ਦੇ ਵਿਚਕਾਰ ਆ ਗਿਆ | ਮੌਕੇ 'ਤੇ ਟਰੈਕਟਰ ਚਾਲਕ ਨੇ ਬੜੀ ਮੁਸ਼ਕਿਲ ਨਾਲ ਨੌਜਵਾਨ ਦਾ ਬਚਾਅ ਕੀਤਾ, ਜਦ ਕਿ ਟਰੈਕਟਰ ਦੇ ਦੂਜੇ ਪਾਸੇ ਪਾਣੀ ਦੀ ਭਰੀ ਹੋਈ ਨਹਿਰ ਦਾ ਕਿਨਾਰਾ ਨਾ ਹੋਣ ਕਰ ਕੇ ਮਸਾਂ ਟਰੈਕਟਰ ਨੂੰ ਨਹਿਰ ਤੋਂ ਜਾਣ ਤੋਂ ਬਚਾਇਆ | ਮੌਕੇ 'ਤੇ ਜ਼ਖ਼ਮੀ ਨੌਜਵਾਨ ਨੂੰ ਰਾਹਗੀਰਾਂ ਨੇ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚਾਇਆ ਜਦ ਕਿ ਇਸ ਘਟਨਾ ਵਿਚ ਮੋਟਰਸਾਈਕਲ ਬੁਰੀ ਤਰ੍ਹਾਂ ਟੁੱਟ ਗਿਆ |