10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡਾਂ ਵਿਚ ਮੱਝ ਚੋਰ ਗਿਰੋਹ ਸਰਗਰਮ

ਫਾਜ਼ਿਲਕਾ, 10 ਨਵੰਬਰ (ਬਲਜੀਤ ਸਿੰਘ)- ਫਾਜ਼ਿਲਕਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਚੋਰੀ ਦੀਆਂ ਵਾਰਦਾਤਾਂ...

Ad Position 21
No active advertisement
ਅਜੀਤ ਡੈਸਕ 10-11-2026

ਫਾਜ਼ਿਲਕਾ, 10 ਨਵੰਬਰ (ਬਲਜੀਤ ਸਿੰਘ)- ਫਾਜ਼ਿਲਕਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਕਦੇ ਮੋਟਰਸਾਈਕਲਾਂ, ਕਦੇ ਕਾਰਾਂ ਅਤੇ ਕਦੇ ਘਰਾਂ ਵਿਚੋਂ ਕੀਮਤੀ ਸਮਾਨ ਚੋਰੀ ਹੋਣ ਦੀਆਂ ਖ਼ਬਰਾਂ ਮਿਲਦੀਆਂ ਹਨ। ਪਰ ਹੁਣ ਚੋਰਾਂ ਵਲੋਂ ਦੁਧਾਰੂ ਪਸ਼ੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ। ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਚਾਂਦਮਾਰੀ ਅਤੇ ਚੱਕ ਵਨਵਾਲਾ ਵਿਚੋਂ ਕੁੱਲ ਛੇ ਦੇ ਕਰੀਬ ਮੱਝਾਂ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਮੱਝਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪਿੰਡ ਚਾਂਦਮਾਰੀ ਦੇ ਰਹਿਣ ਵਾਲੇ ਕਾਲਾ ਸਿੰਘ ਪੁੱਤਰ ਕਰਤਾਰ ਸਿੰਘ ਨੇ ਦੱਸਿਆ ਕਿ ਬੀਤੀ 6 ਨਵੰਬਰ ਦੀ ਰਾਤ ਕਰੀਬ 1 ਵਜੇ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਵਿਚ ਦਾਖਲ ਹੋਏ ਅਤੇ ਘਰ ਦੇ ਪਿਛਲੇ ਪਾਸੇ ਬੰਨ੍ਹੀਆਂ ਦੋ ਮੱਝਾਂ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਚੋਰੀ ਦੀ ਇਹ ਸਾਰੀ ਘਟਨਾ ਕੈਦ ਹੋ ਗਈ ਹੈ।

ਸੀ.ਸੀ.ਟੀ.ਵੀ. ਫੁਟੇਜ਼ ਅਨੁਸਾਰ ਚੋਰ ਇਕ ਬਲੈਰੋ ਪਿਕਅੱਪ ਗੱਡੀ ਵਿਚ ਆਏ ਸਨ ਅਤੇ ਮੱਝਾਂ ਨੂੰ ਖੋਲ੍ਹ ਕੇ ਗੱਡੀ ਵਿਚ ਲੱਦ ਕੇ ਫ਼ਰਾਰ ਹੋ ਗਏ। ਪੀੜਤਾਂ ਅਨੁਸਾਰ ਚੋਰੀ ਹੋਈਆਂ ਦੋਵੇਂ ਮੱਝਾਂ ਦੀ ਕੀਮਤ ਕਰੀਬ 3 ਤੋਂ 4 ਲੱਖ ਰੁਪਏ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਪਰ ਖ਼ਬਰ ਲਿਖੇ ਜਾਣ ਤੱਕ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਸੀ।

ਇਸੇ ਤਰ੍ਹਾਂ ਪਿੰਡ ਚੱਕ ਵਨਵਾਲਾ ਵਿਚੋਂ ਵੀ ਡਾਕਟਰ ਪ੍ਰਦੀਪ ਕੁਮਾਰ ਦੇ ਘਰੋਂ ਬੀਤੇ ਸ਼ੁੱਕਰਵਾਰ ਨੂੰ ਚਾਰ ਮੱਝਾਂ ਚੋਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤਰ੍ਹਾਂ ਦੋ ਪਿੰਡਾਂ ਵਿਚੋਂ ਕੁੱਲ ਛੇ ਮੱਝਾਂ ਚੋਰੀ ਹੋਣ ਕਾਰਨ ਪਸ਼ੂ ਪਾਲਕਾਂ ਵਿਚ ਚਿੰਤਾ ਦਾ ਮਾਹੌਲ ਹੈ।

ਲੋਕਾਂ ਦਾ ਕਹਿਣਾ ਹੈ ਕਿ ਹੁਣ ਚੋਰਾਂ ਵਲੋਂ ਘਰਾਂ ਅਤੇ ਵਾਹਨਾਂ ਦੇ ਨਾਲ-ਨਾਲ ਪਸ਼ੂ ਪਾਲਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਬਣੇ ਕੀਮਤੀ ਦੁਧਾਰੂ ਪਸ਼ੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਨਾਲ ਪੀੜਤ ਪਰਿਵਾਰਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵਲੋਂ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਦੀ ਜਾਂਚ ਕਰਕੇ ਮੱਝਾਂ ਬਰਾਮਦ ਕੀਤੀਆਂ ਜਾਂਦੀਆਂ ਹਨ ਅਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਂਦਾ ਹੈ ਜਾਂ ਨਹੀਂ। ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਗਸ਼ਤ ਵਧਾਈ ਜਾਵੇ ਅਤੇ ਪਸ਼ੂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ।

Ad Position 22
No active advertisement
ਅਗਲੀ ਖ਼ਬਰ ਸੰਤ ਬਾਬਾ ਅਮਰ ਸਿੰਘ ਜੀ (84 ਸਾਲ) ਬੜੂੰਦੀ ਵਾਲੇ ਅਕਾਲ ਚਲਾਣਾ ਕਰ ਗਏ
Ad Position 24