ਖਰੜ (ਮੋਹਾਲੀ), 10 ਨਵੰਬਰ (ਤਰਸੇਮ ਸਿੰਘ ਜੰਡਪੁਰੀ)- ਪਿਛਲੇ ਕਈ ਦਿਨਾਂ ਤੋਂ ਖਰੜ ਦੀ ਅਨਾਜ ਮੰਡੀ ਦੇ ਵਿਚ ਝੋਨੇ ਦੀ ਖ਼ਰੀਦੋ ਫਰੋਖਤ ਨੂੰ ਬੰਦ ਹੋਣ ਦੇ ਰੋਸ ਵਜੋਂ ਅੱਜ ਖਰੜ ਦੇ ਆੜਤੀਆਂ ਤੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਅਤੇ ਆੜਤੀਆਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦਾ ਝੋਨਾ ਮੰਡੀ ਵਿਚ ਰੁਲ ਰਿਹਾ ਹੈ ਇਸ ਕਰਕੇ ਝੋਨੇ ਦੀ ਖਰੀਦੋ ਫਰੋਖਤ ਸ਼ੁਰੂ ਕੀਤੀ ਜਾਵੇ।
ਇਸੇ ਦੌਰਾਨ ਖਰੜ ਦੀ ਐਸ.ਡੀ.ਐਮ. ਗੁਰਮੀਤ ਸਿੰਘ ਪੀ.ਸੀ.ਐਸ. ਨੇ ਕਿਸਾਨਾਂ ਆੜਤੀਆਂ ਅਤੇ ਫੂਡ ਸਪਲਾਈ ਦੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਸੁਣਿਆ।ਆਖਰ ਵਿਚ ਐਸ.ਡੀ.ਐਮ. ਨੂੰ ਕਿਹਾ ਕਿ ਜੋ ਅੱਜ ਤੱਕ ਦੀ ਅਨਾਜ ਮੰਡੀ ਦੇ ਵਿਚ ਝੋਨਾ ਆਇਆ ਹੈ ਉਸ ਦੀ ਜ਼ਿੰਮੇਵਾਰੀ ਆੜਤੀਆਂ ਦੀ ਬਣਦੀ ਹੈ ਇਸ ਕਰਕੇ ਆੜਤੀ ਮੰਡੀ ਵਿਚ ਝੋਨਾ ਚੁੱਕਣ ਦੇ ਲਈ ਤਿਆਰ ਹੋ ਗਏ ਜਦਕਿ ਕਿਸਾਨਾਂ ਨੂੰ ਵੀ ਕਿਹਾ ਗਿਆ ਹੈ ਕਿ ਹੁਣ ਰਹਿੰਦਾ ਝੋਨਾ ਕਿਤੇ ਵੀ ਲਿਜਾ ਸਕਦੇ ਹਨ ਕਿਉਂਕਿ ਖਰੜ ਦੀ ਅਨਾਜ ਮੰਡੀ ਦੇ ਵਿਚ ਮਿੱਥੀ ਸੀਮਾ ਤੋਂ ਵੱਧ 29/30 ਫੀਸਦੀ ਹੋਰ ਝੋਨਾ ਆਇਆ ਹੈ। ਇਸ ਕਰਕੇ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਖਰੜ ਦੀ ਅਨਾਜ ਮੰਡੀ ਵਿਚ ਸੀਮਾ ਤੋਂ ਵੱਧ ਝੋਨਾ ਕਿੱਥੋਂ ਆਇਆ ਹੈ।
ਐਸ.ਡੀ.ਐਮ. ਦੇ ਵਿਸ਼ਵਾਸ ਦਿਵਾਉਣ ਉਪਰੰਤ ਕਿਸਾਨਾਂ ਤੇ ਆੜਤੀਆਂ ਵਲੋਂ ਸੜਕ ਜਾਮ ਧਰਨਾ ਚੱਕ ਦਿੱਤਾ ਗਿਆ ਹੈ ਜਿਸ ਕਰਕੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ।