ਫਾਜ਼ਿਲਕਾ, 11 ਅਕਤੂਬਰ (ਬਲਜੀਤ ਸਿੰਘ)- ਫਾਜ਼ਿਲਕਾ ਦੀ ਦਾਣਾ ਮੰਡੀ ਵਿਚ ਬੇ-ਮੌਸਮੀ ਬਾਰਿਸ਼ ਕਾਰਨ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਮੰਡੀ ਵਿਚ ਪਏ ਝੋਨੇ ਦੇ ਨੁਕਸਾਨ ਨੂੰ ਲੈ ਕੇ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ ਵਿਚ ਵੀ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਵਲੋਂ ਫਾਜ਼ਿਲਕਾ-ਫਿਰੋਜ਼ਪੁਰ ਨੈਸ਼ਨਲ ਹਾਈਵੇਅ ਜਾਮ ਕਰਕੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ।
ਇਸ ਸੰਬੰਧੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੋਲਡੀ ਸਚਦੇਵਾ ਨੇ ਪ੍ਰਸ਼ਾਸਨ 'ਤੇ ਝੋਨੇ ਦੀ ਖਰੀਦ, ਲਿਫਟਿੰਗ ਅਤੇ ਸਟੋਰੇਜ ਦੇ ਪੁਖ਼ਤਾ ਪ੍ਰਬੰਧ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਲਿਫਟਿੰਗ ਵਿਚ ਹੋ ਰਹੀ ਦੇਰੀ ਅਤੇ ਸਟੋਰੇਜ ਲਈ ਢੁਕਵੀਂ ਜਗ੍ਹਾ ਦੀ ਘਾਟ ਕਾਰਨ ਮੰਡੀਆਂ ਵਿਚ ਝੋਨੇ ਦੇ ਢੇਰ ਲੱਗੇ ਹੋਏ ਹਨ। ਇਸ ਕਾਰਨ ਬੇ-ਮੌਸਮੀ ਬਾਰਿਸ਼ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਗੋਲਡੀ ਸਚਦੇਵਾ ਨੇ ਕਿਹਾ ਕਿ ਝੋਨੇ ਦੀ ਸਮੇਂ ਸਿਰ ਲਿਫਟਿੰਗ ਨਾ ਹੋਣ ਅਤੇ ਸਟੋਰੇਜ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਝੋਨੇ ਦੀ ਲਿਫਟਿੰਗ ਕਰਵਾਈ ਜਾਂਦੀ ਅਤੇ ਸਟੋਰੇਜ ਲਈ ਢੁਕਵੀਂ ਜਗ੍ਹਾ ਦਾ ਪ੍ਰਬੰਧ ਕੀਤਾ ਜਾਂਦਾ ਤਾਂ ਇਸ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਸੀ।
ਉਨ੍ਹਾਂ ਕਿਹਾ ਕਿ ਬੇ-ਮੌਸਮੀ ਬਾਰਿਸ਼ ਕਾਰਨ ਮੰਡੀਆਂ ਵਿਚ ਪਏ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੇ ਨੁਕਸਾਨ ਦਾ ਡਰ ਸਤਾ ਰਿਹਾ ਹੈ। ਦੂਜੇ ਪਾਸੇ ਆੜ੍ਹਤੀਆਂ ਲਈ ਵੀ ਮੰਡੀ ਵਿਚ ਪਏ ਝੋਨੇ ਦੀ ਸੰਭਾਲ ਕਰਨਾ ਮੁਸ਼ਕਿਲ ਹੋ ਰਿਹਾ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਝੋਨੇ ਦੀ ਸਟੋਰੇਜ ਲਈ ਨਿੱਜੀ ਫੜ੍ਹਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਮੰਡੀਆਂ ਵਿਚ ਪਏ ਝੋਨੇ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਿਆ ਜਾ ਸਕੇ ਅਤੇ ਕਿਸਾਨਾਂ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ। ਐਸੋਸੀਏਸ਼ਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਲਿਫਟਿੰਗ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਸਟੋਰੇਜ ਲਈ ਤੁਰੰਤ ਢੁਕਵੇਂ ਪ੍ਰਬੰਧ ਕੀਤੇ ਜਾਣ, ਤਾਂ ਜੋ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।